ਚੰਡੀਗੜ੍ਹ: ਫੂਡ ਸੇਫਟੀ ਦੀਆਂ ਟੀਮਾਂ ਨੇ ਵਾਜਿਬ ਲਾਇਸੈਂਸ ਤੋਂ ਬਿਨਾਂ ਭੋਜਨ ਪਕਾਉਣ ਵਾਲੇ ਮਾਧਿਅਮ(ਕੁਕਿੰਗ ਮੀਡੀਅਮ) ਦਾ ਉਤਪਾਦਨ ਕਰਨ ਵਾਲੀਆਂ 11 ਘੀ ਉਤਪਾਦਕ ਇਕਾਈਆਂ ਦਾ ਪਰਦਾਫਾਸ਼ ਕਰਕੇ ਲਾਇਸੈਂਸ ਰੱਦ ਕੀਤੇ ਹਨ। ਇਹ ਜਾਣਕਾਰੀ ਫੂਡ ਤੇ ਡਰੱਗ ਪ੍ਰਬੰਧਨ, ਪੰਜਾਬ ਦੇ ਕਮਿਸ਼ਨਰ ਕੇ.ਐਸ.ਪੰਨੂ ਨੇ ਦਿੱਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪੰਨੂ ਨੇ ਦੱਸਿਆ ਕਿ ਘੀ ਦੇ ਉਤਪਾਦਨ ਲਈ ਫਰਮਾਂ ਨੂੰ ਸੂਬਾ ਸਰਕਾਰ ਪਾਸੋਂ ਇੱਕ ਲਾਇਸੈਂਸ ਲੈਣਾ ਲੋੜੀਂਦਾ ਹੁੰਦਾ ਹੈ। ਪਰ ਭੋਜਨ ਪਕਾਉਣ ਵਾਲੇ ਮਾਧਿਅਮ ਜਿਨਾਂ ਵਿੱਚ ਬਨਸਪਤੀ ਤੇਲਾਂ ਅਤੇ ਦੁੱਧ ਦੀ ਫੈਟ ਨੂੰ ਮਿਲਾਇਆ ਜਾਂਦਾ ਹੈ, ਲਈ ਕੇਂਦਰੀ ਏਜੰਸੀ ਤੋਂ ਪ੍ਰੋਪਰਾਇਟ੍ਰੀ ਕੈਟਗਰੀ ਤਹਿਤ ਲਾਇਸੈਂਸ ਲੈਣਾ ਜ਼ਰੂਰੀ ਹੁੰਦਾ ਹੈ।
ਉਨ੍ਹਾਂ ਦੱਸਿਆ ਕਿ ਕੇਂਦਰੀ ਏਜੰਸੀ ਵੱਲੋਂ ਪ੍ਰੋਪਰਾਇਟ੍ਰੀ ਕੈਟਗਰੀ ਵਾਲੇ ਲਾਇਸੈਂਸ ਤਦ ਦਿੱਤੇ ਜਾਂਦੇ ਹਨ ਜਦੋਂ ਮਿਲਾਏ ਗਏ ਤੱਤਾਂ ਦੀ ਮਿਕਦਾਰ ਲੋੜੀਂਦੇ ਮਾਪਦੰਡਾਂ ਮੁਤਾਬਕ ਪਾਈ ਜਾਵੇ।
ਉਨ੍ਹਾਂ ਅੱਗੇ ਦੱਸਿਆ ਕਿ ਘਟੀਆ ਦਰਜੇ ਦਾ ਕੁਕਿੰਗ ਮੀਡੀਅਮ ਬਣਾਉਣ ਵਾਲੇ ਉਤਪਾਦਕ ਨਾ ਕੇਵਲ ਨਿਯਮਾਂ ਦੀ ਉਲੰਘਣਾ ਕਰਦੇ ਹਨ ਸਗੋਂ ਦੇਸੀ ਘੀ ਉਤਪਾਦਨ ਦੇ ਨਾਂ ਹੇਠ ਅਜਿਹਾ ਘਟੀਆ ਦਰਜੇ ਦਾ ਕੁਕਿੰਗ ਮੀਡੀਅਮ ਬਣਾ ਕੇ ਲੋਕਾਂ ਅਤੇ ਫੂਡ ਸੇਫਟੀ ਦੀਆਂ ਟੀਮਾਂ ਨੂੰ ਗੁਮਰਾਹ ਕਰਦੇ ਹਨ।
ਪੰਨੂ ਨੇ ਦੱਸਿਆ ਕਿ ਕਿਉਂ ਜੋ ਇਨ੍ਹਾਂ ਫਰਮਾਂ ਕੋਲ ਘੀ ਦੇ ਉਤਪਾਦਨ ਦਾ ਲਾਇਸੈਂਸ ਸੀ ਪਰ ਇਹ ਕੁਕਿੰਗ ਮੀਡੀਅਮ ਦਾ ਉਤਪਾਦਨ ਕਰਦੇ ਪਾਏ ਗਏ ਇਸ ਲਈ ਇਨ੍ਹਾਂ ਫਰਮਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਉਕਤ ਫਰਮਾਂ ਵੱਲੋਂ ਸੰਤੁਸ਼ਟੀਪੂਰਨ ਜਵਾਬ ਨਾ ਮਿਲਣ ਕਰਕੇ ਇਨ੍ਹਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ ਤਾਂ ਜੋ ਇਹ ਫਰਮਾਂ ਆਪਣੇ ਲਾਇਸੈਂਸਾਂ ਦੀ ਦੁਰਵਰਤੋਂ ਨਾ ਕਰ ਸਕਣ। ਇਹ ਉਦੋਂ ਤੱਕ ਕੁਕਿੰਗ ਮੀਡੀਅਮ ਦਾ ਉਤਪਾਦਨ/ਵਿਕਰੀ ਨਹੀਂ ਕਰ ਸਕਦੇ ਜਦੋਂ ਤੱਕ ਨਿਰਧਾਰਤ ਸ੍ਰੇਣੀ ਅਧੀਨ ਲੋੜੀਂਦਾ ਲਾਇਸੈਂਸ ਪ੍ਰਾਪਤ ਨਾ ਕਰ ਲੈਣ।
ਇਹ ਵੀ ਪੜੋ: ਮੋਦੀ 2.0 ਦੇ 100 ਦਿਨਾਂ ਦਾ ਲੇਖਾ-ਜੋਖਾ
ਜਿਨ੍ਹਾਂ ਫਰਮਾਂ ਦੇ ਲਾਇਸੈਂਸ ਰੱਦ ਹੋਏ ਹਨ ਉਨ੍ਹਾਂ ਵਿਚੋਂ ਜ਼ਿਲ੍ਹਾਂ ਬਡਿੰਠਾ ਦੀਆਂ 8 ਫਰਮਾਂ ਜਿਵੇਂ ਨਿਊ ਐਸ.ਕੇ. ਐਗਰੋ ਇੰਡਸਟਰੀ, ਅਸ਼ੋਕਾ ਐਗਰੋ, ਅਨਮੋਲ ਫੂਡ ਰਾਮਪੁਰਾ ਫੂਲ, ਸ੍ਰੀ ਬਾਲਾਜੀ ਟਰੇਡਿੰਗ, ਬੀ.ਐਸ ਐਗਰੋ, ਗੋਇਲ ਸੰਨਜ਼, ਏ.ਆਰ ਐਗਰੋ ਇੰਡਸਟਰੀ ਅਤੇ ਮੈਰੀ ਐਗਰੋ ਅਤੇ ਜ਼ਿਲ੍ਹਾ ਮਾਨਸਾ ਤੋਂ ਗਣੇਸ਼ ਐਗਰੋ ਫੂਡਜ਼ ਤੇ ਸ੍ਰੀ ਸ਼ਿਨਾ ਫੂਡਜ਼ ਅਤੇ ਬਰਨਾਲਾ ਦੀ ਜੁਗਲ ਕਿਸ਼ੋਰ ਐਂਡ ਕੰਪਨੀ ਸ਼ਾਮਲ ਹਨ।