ਚੰਡੀਗੜ੍ਹ: ਪੰਜਾਬ ਦੇ ਗਵਰਨਰ ਵੀਪੀ ਸਿੰਘ ਬਦਨੌਰ ਵੱਲੋਂ ਫੇਕ ਐਨਕਾਊਂਟਰ ਮਾਮਲੇ 'ਚ ਚਾਰ ਪੁਲਿਸ ਕਰਮੀਆਂ ਨੂੰ ਜੇਲ੍ਹ ਤੋਂ ਰਿਹਾ ਕਰ ਦਿੱਤਾ ਗਿਆ ਹੈ। ਇਸ 'ਤੇ ਪੰਜਾਬ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਖਹਿਰਾ ਨੇ ਪੰਜਾਬ ਦੇ ਗਵਰਨਰ 'ਤੇ ਨਿਸ਼ਾਨੇ ਸਾਧੇ ਹਨ।
ਸੁਖਪਾਲ ਖਹਿਰਾ ਨੇ ਵੀਪੀ ਸਿੰਘ ਬਦਨੌਰ ਨੂੰ ਕੁਰਸੀ ਛੱਡਣ ਨੂੰ ਹੀ ਕਹਿ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਗਵਰਨਰ ਨੂੰ ਆਪਣੀ ਕੁਰਸੀ ਛੱਡ ਦੇਣੀ ਚਾਹੀਦੀ ਹੈ ਕਿਉਂਕਿ ਉਹ ਮੁੱਖ ਮੰਤਰੀ ਨਾਲ ਮਿਲ ਕੇ ਦੋਸ਼ੀਆਂ ਨੂੰ ਛੱਡਣ ਦਾ ਕੰਮ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਹਰਜੀਤ ਸਿੰਘ ਦਾ ਪਰਿਵਾਰ ਤਿੰਨ ਦਹਾਕਿਆਂ ਤੋਂ ਇਨਸਾਫ਼ ਦੀ ਲੜਾਈ ਲੜਦਾ ਰਿਹਾ। ਇਨ੍ਹਾਂ ਪੁਲਿਸ ਵਾਲਿਆਂ ਨੂੰ 2014 ਵਿੱਚ ਉਮਰ ਕੈਦ ਦੀ ਸਜ਼ਾ ਦਿੱਤੀ ਗਈ, ਚਾਰ-ਪੰਜ ਸਾਲ ਬੀਤਣ ਤੋਂ ਬਾਅਦ ਹੀ ਸਿਫਾਰਿਸ਼ 'ਤੇ ਉਨ੍ਹਾਂ ਨੂੰ ਰਿਹਾ ਕਰ ਦਿੱਤਾ ਗਿਆ।
ਖਹਿਰਾ ਨੇ ਕਿਹਾ ਕਿ ਇਹ ਹੈਰਾਨ ਕਰ ਦੇਣ ਵਾਲਾ ਮਾਮਲਾ ਹੈ ਕਿ ਪੰਜਾਬ ਦੇ ਗਵਰਨਰ ਨੇ ਕਿਵੇਂ ਦਿਲਚਸਪੀ ਦਿਖਾ ਕੇ ਦੋਸ਼ੀਆਂ ਨੂੰ ਰਿਹਾਅ ਕੀਤਾ ਹੈ। ਇਸ ਮਾਮਲੇ ਨੂੰ ਲੈ ਕੇ ਆਲ ਪਾਰਟੀ ਮੀਟਿੰਗ ਦਾ ਸੱਦਾ ਦਿੱਤਾ ਜਾਵੇਗਾ ਜਿਸ ਵਿੱਚ ਚਾਹੇ ਅਕਾਲੀ ਦਲ ਕਿਉਂ ਨਾ ਹੋਵੇ ਸਭ ਨੂੰ ਇਕੱਠਾ ਕਰ ਇਸ ਮਾਮਲੇ 'ਤੇ ਲੜਾਈ ਲੜੀ ਜਾਵੇਗੀ ਅਤੇ ਸਾਰੇ ਪੀੜਤ ਪਰਿਵਾਰ ਨਾਲ ਖੜ੍ਹੇ ਹਨ।