ਚੰਡੀਗੜ੍ਹ: ਤੰਦਰੁਸਤ ਪੰਜਾਬ ਮਿਸ਼ਨ ਤਹਿਤ ਸੂਬੇ ਵਿੱਚ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਦੇ ਨਿਰੀਖਣ ਦੇ ਮੱਦੇਨਜ਼ਰ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਅਤੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਸਾਂਝੇ ਤੌਰ 'ਤੇ ਸੂਬਾ ਪੱਧਰੀ ਛਾਪੇਮਾਰੀਆਂ ਤੇ ਕੀਤੀਆਂ ਗਈਆਂ, ਇਹ ਜਾਣਕਾਰੀ ਮਿਸ਼ਨ ਤੰਦਰੁਸਤ ਪੰਜਾਬ ਦੇ ਡਾਇਰੈਕਟਰ ਕੇ ਐਸ ਪੰਨੂੰ ਨੇ ਦਿੱਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪੰਨੂੰ ਨੇ ਦੱਸਿਆ ਕਿ ਕਰੀਬ 500 ਦੁਕਾਨਾਂ/ਯੂਨਿਟਾਂ ਵਿੱਚ ਅਜਿਹੀਆਂ ਅਚਨਚੇਤ ਛਾਪੇਮਾਰੀਆਂ ਕੀਤੀਆਂ ਗਈਆਂ ਜਿਸ ਦੌਰਾਨ 200 ਉਲੰਘਣਾ ਦੇ ਮਾਮਲੇ ਸਾਹਮਣੇ ਆਏ । ਇਸ ਦੌਰਾਨ ਮੌਕੇ 'ਤੇ ਹੀ 1 ਲੱਖ ਰੁਪਏ ਦੇ ਜੁਰਮਾਨੇ ਕੀਤੇ ਗਏ ਅਤੇ 179 ਚਲਾਣ ਵੀ ਕੀਤੇ ਗਏ। ਉਨ੍ਹਾਂ ਦੱਸਿਆ ਕਿ 4000 ਕਿਲੋ ਦੇ ਕਰੀਬ ਪਲਾਸਟਿਕ ਦੇ ਲਿਫਾਫੇ ਇਨਾਂ ਛਾਪੇਮਾਰੀਆਂ ਦੌਰਾਨ ਜ਼ਬਤ ਕੀਤੇ ਗਏ ਜਿਨ੍ਹਾਂ ਵਿੱਚੋਂ 1100 ਕਿਲੋ ਲਿਫਾਫੇ ਇਕੱਲੇ ਜ਼ਿਲਾ ਫਤਿਹਗੜ ਸਾਹਿਬ ਤੋਂ ਹੀ ਬਰਾਮਦ ਹੋਏ।
ਪੰਨੂੰ ਨੇ ਕਿਹਾ ਕਿ ਪੰਜਾਬ ਪਲਾਸਟਿਕ ਕੈਰੀ ਬੈਗਜ਼ (ਉਤਪਾਦਨ, ਵਰਤੋਂ ਅਤੇ ਡਿਸਪੋਜ਼ਲ) ਕੰਟਰੋਲ ਐਕਟ 2005 ਦੇ ਸੈਕਸ਼ਨ 7 ਦੇ ਸਬ-ਸੈਕਸ਼ਨ 2 ਮੁਤਾਬਕ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ 1 ਅਪ੍ਰੈਲ 2016 ਤੋਂ ਸੂਬੇ ਦੀਆਂ ਸਾਰੀਆਂ ਮਿਊਂਸੀਪਲ ਕਾਰਪੋਰੇਸ਼ਨਾਂ, ਮਿਊਂਸੀਪਲ ਕਾਊਂਸਲਾਂ, ਨਗਰ ਪੰਚਾਇਤਾਂ ਅਤੇ ਗ੍ਰਾਮ ਪੰਚਾਇਤਾਂ ਵਿੱਚ ਪਲਾਸਟਿਕ ਦੇ ਲਿਫਾਫਿਆਂ ਦੇ ਉਤਪਾਦਨ, ਵਿੱਕਰੀ, ਵੰਡ, ਰੀਸਾਇਕਲਿੰਗ ਅਤੇ ਵਰਤੋਂ ਉੱਤੇ ਰੋਕ ਲਗਾਈ ਜਾ ਚੁੱਕੀ ਹੈ।
ਮਿਸ਼ਨ ਡਾਇਰੈਕਟਰ ਨੇ ਦੱਸਿਆ ਕਿ ਇਹ ਦੇਖਿਆ ਗਿਆ ਹੈ ਕਿ ਰੋਕ ਦੇ ਬਾਵਜੂਦ ਪੰਜਾਬ ਵਿੱਚ ਪਲਾਸਟਿਕ ਕੈਰੀ ਬੈਗਜ਼ ਦੀ ਵਰਤੋਂ ਧੜੱਲੇ ਨਾਲ ਜਾਰੀ ਹੈ ਜੋ ਕਿ ਕਾਨੂੰਨ ਦੀ ਉਲੰਘਣਾ ਹੈ ਅਤੇ ਵਾਤਾਵਰਣ ਲਈ ਵੱਡਾ ਖਤਰਾ ਹੈ। ਇਸ ਲਈ ਪੰਜਾਬ ਵਿੱਚ ਪਲਾਸਟਿਕ ਕੈਰੀ ਬੈਗਜ਼ ਦੇ ਉਤਪਾਦਨ, ਜਮਾਂਖੋਰੀ, ਵੰਡ, ਰੀਸਾਇਕਲਿੰਗ, ਵਿੱਕਰੀ ਅਤੇ ਵਰਤੋਂ ਸਬੰਧੀ ਲਗਾਈ ਰੋਕ ਦੀ ਸਖਤੀ ਨਾਲ ਪਾਲਣਾ ਕਰਵਾਉਣ ਨੂੰ ਯਕੀਨੀ ਬਣਾਉਣ ਹਿੱਤ ਇੱਕ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ।
ਪੰਜਾਬ ਪਲਾਸਟਿਕ ਕੈਰੀ ਬੈਗਜ਼ (ਉਤਪਾਦਨ, ਵਰਤੋਂ ਅਤੇ ਡਿਸਪੋਜ਼ਲ) ਕੰਟਰੋਲ ਐਕਟ 2005 ਦੀ ਪਾਲਣਾ ਦੀ ਅਪੀਲ ਕਰਦਿਆਂ ਪੰਨੂੰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੀਆਂ ਹਦਾਇਤਾਂ ਮੁਤਾਬਕ ਸੂਬੇ ਵਿੱਚ ਵੱਡੇ ਪੱਧਰ ਤੇ ਛਾਪੇਮਾਰੀਆਂ/ਪੜਤਾਲਾਂ ਕਰਨਾ ਹੁਣ ਸਮੇਂ ਦੀ ਮੰਗ ਹੈ ਤਾਂ ਜੋ ਪ੍ਰਦੂਸ਼ਣ ਸਬੰਧੀ ਕਾਨੂੰਨ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ।