ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਅਤੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਵਿਚਾਲੇ ਚੱਲ ਰਹੀ ਸ਼ਬਦੀ ਵਾਰ ਸਿਖ਼ਰਾਂ ਤੇ ਪੁੱਜ ਗਈ ਹੈ। ਇਸ ਜੰਗ ਵਿੱਚ ਨਵਜੋਤ ਸਿੰਘ ਸਿੱਧੂ ਪੂਰੀ ਤਰ੍ਹਾਂ ਕੁੱਦ ਚੁੱਕੇ ਹਨ।
ਪੱਤਰਕਾਰਾਂ ਨੂੰ ਮੁਖ਼ਾਤਬ ਹੁੰਦਿਆਂ ਸਿੱਧੂ ਨੇ ਕਿਹਾ, "ਪੰਜਾਬ ਕਾਂਗਰਸ ਮੇਰੇ ਤੇ ਬਠਿੰਡਾ ਅਤੇ ਗੁਰਦਾਸਪੁਰ ਸੀਟ ਹਾਰਨ ਦਾ ਇਲਜ਼ਾਮ ਲਾ ਰਹੀ ਹੈ ਪਰ ਉਸ ਬਠਿੰਡਾ ਸੀਟ ਤੋਂ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਜਾਦੇ ਰਣਇੰਦਰ ਸਿੰਘ ਵੀ ਨਹੀਂ ਜਿੱਤ ਸਕੇ ਸੀ । ਇੰਨਾ ਹੀ ਨਹੀਂ ਕੈਪਟਨ ਅਮਰਿੰਦਰ ਨੇ ਖ਼ੁਦ ਵੀ ਲੰਬੀ ਤੋਂ ਚੋਣ ਲੜੀ ਸੀ ਜਦੋਂ ਕਿ ਲੰਬੀ ਤਾਂ ਮਹਿਜ਼ ਇੱਕ ਵਿਧਾਨ ਸਭਾ ਹਲਕਾ ਸੀ ਉੱਥੋਂ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਵਾਰ ਤਾਂ ਜਿੱਤ ਦਾ ਫ਼ਰਕ ਹੀ ਮਹਿਜ਼ 20 ਹਜ਼ਾਰ ਸੀ।"
ਇੱਥੇ ਜ਼ਿਕਰ ਕਰ ਦਈਏ ਕਿ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਨਵਜੋਤ ਸਿੰਘ ਸਿੱਧੂ ਨੇ ਬਠਿੰਡਾ ਵਿੱਚ ਰਾਜਾ ਵੜਿੰਗ ਦੇ ਹੱਕ ਵਿੱਚ ਚੋਣ ਪ੍ਰਚਰ ਕਰਦਿਆਂ ਕਿਹਾ ਸੀ ਕਿ ਪਾਰਟੀਆਂ ਫ਼ਰੈਂਡਲੀ ਮੈਚ ਖੇਡ ਰਹੀਆਂ ਹਨ। ਸਿੱਧੂ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਕਾਂਗਰਸ ਵਿੱਚ ਭੁਚਾਲ ਆ ਗਿਆ ਸੀ ਅਤੇ ਸਿੱਧੂ 'ਤੇ ਲਗਾਤਾਰ ਪੰਜਾਬ ਕਾਂਗਰਸ ਨਿਸ਼ਾਨ ਵਿੰਨ੍ਹ ਰਹੀ ਸੀ।
ਸਿੱਧੂ ਨੇ ਇੱਥੇ ਇਹ ਵੀ ਕਿਹਾ ਕਿ 2017 ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ 55 ਰੈਲੀਆਂ ਕੀਤੀਆਂ ਸਨ ਜਿਸ ਵਿੱਚੋਂ 53 ਉਮੀਦਵਾਰ ਜਿੱਤੇ ਸਨ ਉਦੋਂ ਤਾਂ ਕਿਸੇ ਨੇ ਕੁਝ ਨਹੀਂ ਕਿਹਾ।