ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅੱਜ ਜੰਮੂ ਕਸ਼ਮੀਰ ਦੇ ਕਠੂਆ ਗੈਂਗਰੇਪ ਮਾਮਲੇ ਦੀ ਪੀੜਤਾ ਦੇ ਪਿਤਾ ਵੱਲੋਂ ਮੁਲਜ਼ਮਾਂ ਵਿਰੁੱਧ ਦਾਇਰ ਕੀਤੀ ਗਈ ਪਟੀਸ਼ਨ ਉੱਤੇ ਸੁਣਵਾਈ ਹੋਵੇਗੀ।
ਇਸ ਪਟੀਸ਼ਨ ਵਿੱਚ ਪੀੜਤਾ ਦੇ ਪਿਤਾ ਵੱਲੋਂ ਜਬਰ ਜਨਾਹ ਅਤੇ ਕਤਲ ਦੀ ਸ਼ਿਕਾਰ ਬਣੀ ਬੱਚੀ ਲਈ ਇਨਸਾਫ ਦੀ ਮੰਗ ਕਰਦਿਆਂ 6 ਮੁਲਜ਼ਮਾਂ ਦੀ ਸਜ਼ਾ ਵਧਾਏ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਵੱਲੋਂ ਇਹ ਪਟੀਸ਼ਨ 10 ਜੁਲਾਈ ਨੂੰ ਅਦਾਲਤ ਵਿੱਚ ਦਾਇਰ ਕੀਤੀ ਗਈ ਸੀ। ਇਸ ਪਟੀਸ਼ਨ ਵਿੱਚ ਟ੍ਰਾਇਲ ਕੋਰਟ ਵੱਲੋਂ ਸੁਣਾਈ ਗਈ ਸਜ਼ਾ ਵਧਾਉਣ ਅਤੇ ਇੱਕ ਦੋਸ਼ੀ ਨੂੰ ਬਰੀ ਕੀਤੇ ਜਾਣ ਨੂੰ ਚੁਣੌਤੀ ਦਿੱਤੀ ਗਈ ਹੈ।
ਪਟੀਸ਼ਨਕਰਤਾ ਦੇ ਵਕੀਲ ਉਤਸਵ ਬੈਂਸ ਨੇ ਦੱਸਿਆ ਕਿ ਜਸਟਿਸ ਰਾਜੀਵ ਸ਼ਰਮਾ ਦੀ ਅਤੇ ਉਨ੍ਹਾਂ ਦੇ ਸੰਵਿਧਾਨਕ ਬੈਂਚ ਵੱਲੋਂ ਇਸ ਮਾਮਲੇ ਦੀ ਸੁਣਵਾਈ ਕੀਤੀ ਜਾਵੇਗੀ। ਪੀੜਤਾ ਦੇ ਪਿਤਾ ਵੱਲੋਂ ਇਨਸਾਫ ਦੀ ਮੰਗ ਕਰਦਿਆਂ 6 ਦੋਸ਼ਿਆਂ ਵਿੱਚੋਂ 3 ਨੂੰ ਆਜੀਵਨ ਕਾਰਾਵਾਸ ਦੀ ਸਜ਼ਾ ਨੂੰ ਵੱਧਾ ਕੇ ਮੌਤ ਦੀ ਸਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਗਈ ਹੈ।
ਕੀ ਹੈ ਪਟੀਸ਼ਨ
ਦਾਇਰ ਕੀਤੀ ਗਈ ਪਟੀਸ਼ਨ ਵਿੱਚ ਤਿੰਨ ਮੁਲਜ਼ਮਾਂ ਨੂੰ ਟ੍ਰਾਇਲ ਅਦਾਲਤ ਵੱਲੋਂ ਦਿੱਤੀ ਗਈ ਪੰਜ ਸਾਲ ਲਈ ਦਿੱਤੀ ਗਈ ਕਾਰਾਵਾਸ ਦੀ ਸਜ਼ਾ ਨੂੰ ਵੱਧਾ ਕੇ ਆਜੀਵਨ ਕਾਰਾਵਾਸ ਦੇਣ ਦੀ ਮੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਇਸ ਪਟੀਸ਼ਨ ਵਿੱਚ ਇੱਕ ਹੋਰ ਦੋਸ਼ੀ ਵਿਸ਼ਾਲ ਜੰਗੋਤਰਾ ਨੂੰ ਬਰੀ ਕੀਤੇ ਜਾਣ ਨੂੰ ਲੈ ਕੇ ਵੀ ਚੁਣੌਤੀ ਦਾਖ਼ਲ ਕੀਤੀ ਹੈ।
ਕੀ ਹੈ ਮਾਮਲਾ
ਬੀਤੇ ਸਾਲ ਮੁਲਜ਼ਮਾਂ ਨੇ 10 ਜਨਵਰੀ ਨੂੰ ਇੱਕ ਬੱਚੀ ਨੂੰ ਅਗ਼ਵਾ ਕਰਕੇ ਉਸ ਨੂੰ ਇੱਕ ਮੰਦਰ ਦੇ ਅੰਦਰ ਕੈਦ ਕਰਕੇ ਉਸ ਨਾਲ ਜਬਰ ਜਨਾਹ ਕੀਤਾ ਅਤੇ ਬਾਅਦ ਵਿੱਚ ਉਸ ਦਾ ਕਤਲ ਕਰ ਦਿੱਤਾ। ਉਸ ਦੀ ਲਾਸ਼ 17 ਜਨਵਰੀ ਨੂੰ ਬਰਾਮਦ ਕੀਤੀ ਗਈ ਸੀ। ਇਸ ਮਾਮਲੇ ਵਿੱਚ 6 ਲੋਕ ਦੋਸ਼ੀ ਪਾਏ ਗਏ। ਦੋਸ਼ੀਆਂ ਉੱਤੇ ਰਣਬੀਰ ਦੰਡ ਕਾਨੂੰਨ ਤਹਿਤ ਦੋਸ਼ੀ ਠਹਿਰਾਇਆ ਗਿਆ ਸੀ। ਦੋਸ਼ੀਆਂ ਉੱਤੇ ਗੈਂਗਰੇਪ, ਕਤਲ, ਅਗ਼ਵਾ ਕਰਨ ਅਤੇ ਸਬੂਤ ਮਿਟਾਉਣ ਦੇ ਮਾਮਲੇ ਦਰਜ ਕੀਤੇ ਗਏ ਸੀ।
ਦੋਸ਼ੀਆਂ ਨੇ ਪਠਾਨਕੋਟ ਸੈਸ਼ਨ ਕੋਰਟ ਦੇ ਫੈਸਲੇ 'ਤੇ ਵੀ ਅਪੀਲ ਦਾਇਰ ਕੀਤੀ ਸੀ। ਜਿਸ ਵਿੱਚ ਮੁਲਜ਼ਮਾਂ ਵੱਲੋਂ ਝੂਠੇ ਕੇਸ ਵਿੱਚ ਫਸਾਏ ਜਾਣ ਦੀ ਗੱਲ ਕਹੀ ਗਈ ਸੀ। ਪਿਛਲੇ ਸਾਲ ਸੁਪਰੀਮ ਕੋਰਟ ਦੇ ਨਿਰਦੇਸ਼ਾਂ 'ਤੇ ਇਸ ਮੁਕੱਦਮੇ ਨੂੰ ਪਠਾਨਕੋਟ ਅਦਾਲਤ 'ਚ ਟਰਾਂਸਫਰ ਕੀਤਾ ਗਿਆ ਸੀ।