ਚੰਡੀਗੜ੍ਹ: ਭਾਰਤ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੇਮੌਸਮੇ ਮੀਂਹ ਨਾਲ ਕਣਕ ਦੀ ਫ਼ਸਲ ਨੂੰ ਪੁੱਜੇ ਨੁਕਸਾਨ ਦੀ ਸੂਰਤ ਵਿੱਚ ਕਣਕ ਦੀ ਖ਼ਰੀਦ ਦੇ ਮਾਪਦੰਡਾਂ 'ਚ ਢਿੱਲ ਦੇਣ ਲਈ ਕੀਤੀ ਬੇਨਤੀ ਨੂੰ ਪ੍ਰਵਾਨ ਕਰ ਲਿਆ ਹੈ। ਕੇਂਦਰ ਨੇ ਮੀਂਹ ਨਾਲ ਕਣਕ ਦੇ ਦਾਣੇ ਦੀ ਚਮਕ ਅਤੇ ਕੁਦਰਤੀ ਰੰਗ ਪ੍ਰਭਾਵਿਤ ਹੋਣ ਕਰਕੇ ਇਸ ਸਬੰਧੀ ਸ਼ਰਤਾਂ ਵਿੱਚ ਅੰਤਮ ਰਿਪੋਰਟ ਆਉਣ ਤੱਕ ਢਿੱਲ ਦੇਣ ਦਾ ਫੈਸਲਾ ਕੀਤਾ ਹੈ।
ਮੁੱਖ ਮੰਤਰੀ ਨੇ ਇਸ ਹਫ਼ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮੀਂਹ ਨਾਲ ਕਿਸਾਨਾਂ ਨੂੰ ਕਣਕ ਦੀ ਫ਼ਸਲ ਦੇ ਹੋਏ ਨੁਕਸਾਨ ਦੇ ਮੱਦੇਨਜ਼ਰ ਖ਼ਰੀਦ ਦੇ ਨਿਯਮਾਂ 'ਚ ਢਿੱਲ ਦੇਣ ਦੀ ਅਪੀਲ ਕੀਤੀ ਸੀ।
ਮੁੱਖ ਮੰਤਰੀ ਦੀ ਮੰਗ ਪ੍ਰਤੀ ਹੁੰਗਾਰਾ ਭਰਦਿਆਂ ਕੇਂਦਰ ਸਰਕਾਰ ਨੇ ਸਾਲ 2019-2020 ਦੇ ਹਾੜ੍ਹੀ ਮੰਡੀਕਰਨ ਸੀਜ਼ਨ ਦੌਰਾਨ ਇਕਸਾਰ ਮਾਪਦੰਡਾਂ ਵਿੱਚ ਆਰਜ਼ੀ ਆਧਾਰ 'ਤੇ ਢਿੱਲ ਦੇ ਕੇ ਸੂਬੇ ਵਿੱਚੋਂ ਕਣਕ ਖ਼ਰੀਦਣ ਦਾ ਫ਼ੈਸਲਾ ਕੀਤਾ ਹੈ। ਕਣਕ ਦੀ ਖ਼ਰੀਦ ਸਬੰਧੀ ਸ਼ਰਤਾਂ ਵਿੱਚ ਢਿੱਲ ਦੇਣ ਦਾ ਫੈਸਲਾ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ ਜੋ ਸਾਂਝੀ ਟੀਮ ਦੀ ਅੰਤਿਮ ਰਿਪੋਰਟ ਹਾਸਲ ਹੋਣ ਤੱਕ ਜਾਰੀ ਰਹੇਗਾ।