ਅਲਵਰ: ਫ਼ੇਸਬੁੱਕ ਦੀ ਦੋਸਤੀ ਨਾਲ ਇੱਕ ਹੋਰ ਮਹਿਲਾ ਦੀ ਜ਼ਿੰਦਗੀ ਬਰਬਾਦ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਮਾਮਲਾ ਰਾਜਸਥਾਨ ਦੇ ਅਲਵਰ ਤੋਂ ਸਾਹਮਣੇ ਆਇਆ ਹੈ। ਜਿੱਥੇ ਪੰਜਾਬ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਅਲਵਰ ਜਾ ਕੇ ਕਾਂਸਟੇਬਲ ਦੀ ਪਤਨੀ ਨਾਲ ਜਬਰ ਜਨਾਹ ਕੀਤਾ।
ਲੰਘੇ ਐਤਵਾਰ ਨੂੰ ਅਲਵਰ ਦੇ ਸ਼ਿਵਾਜੀ ਪਾਰਕ ਖੇਤਰ ਵਿੱਚ ਰਹਿਣ ਵਾਲੀ ਹੈੱਡ ਕਾਂਸਟੇਬਲ ਦੀ ਪਤਨੀ ਨੇ ਮਹਿਲਾ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਪੰਜਾਬ ਦੇ ਲੁਧਿਆਣਾ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਨੇ ਉਸ ਨਾਲ ਜਬਰ ਜਨਾਹ ਕੀਤਾ।
ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ 2017 ਵਿੱਚ ਫ਼ੇਸਬੁੱਕ ਰਾਹੀਂ ਉਸ ਦੀ ਦੋਸਤੀ ਨੌਜਵਾਨ ਨਾਲ ਹੋਈ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਆਪਸ ਵਿੱਚ ਗੱਲਬਾਤ ਸ਼ੁਰੂ ਹੋ ਗਈ। ਇਸ ਤੋਂ ਬਾਅਦ ਉਹ ਮਿਲਣ ਲਈ ਅਲਵਰ ਆਇਆ ਅਤੇ ਕੋਲਡ ਡਰਿੰਕ ਵਿੱਚ ਨਸ਼ੀਲਾ ਪਦਾਰਥ ਪਿਆ ਕੇ ਉਸ ਨਾਲ ਜਬਰ ਜਨਾਹ ਕੀਤਾ। ਇਸ ਤੋਂ ਬਾਅਦ ਨੌਜਵਾਨਾ ਉਸ ਨੂੰ ਬਲੈਕਮੇਲ ਕਰ ਕੇ ਰੁਪਇਆਂ ਦੀ ਮੰਗ ਕਰਨ ਲੱਗਾ।
ਪੀੜਤ ਨੇ ਦੱਸਿਆ ਕਿ 2 ਸਾਲ ਤੋਂ ਲਗਾਤਾਰ ਉਸ ਦੀ ਨੌਜਵਾਨ ਨਾਲ ਗੱਲਬਾਤ ਹੋ ਰਹੀ ਹੈ ਇਸ ਦੌਰਾਨ ਦੋਸ਼ੀ ਨੇ ਕਈ ਵਾਰ ਉਸ ਨੂੰ ਧਮਕੀ ਦੇ ਕੇ ਜਬਰ ਜਨਾਹ ਕੀਤਾ।
ਮਹਿਲਾ ਦੀ ਸ਼ਿਕਾਇਤ ਤੇ ਥਾਣਾ ਮੁਖੀ ਨੇ ਐਫ਼ਆਈਆਰ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਨੇ ਦੱਸਿਆ ਕਿ ਦੋਸ਼ੀ ਨੂੰ ਫੜ੍ਹਨ ਲਈ ਪੁਲਿਸ ਰਵਾਨਾ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮਹਿਲਾ ਦੇ ਇਲਜ਼ਾਮਾਂ ਦੀ ਪੁਸ਼ਟੀ ਕਰਨ ਲਈ ਮਹਿਲਾ ਦਾ ਸੋਮਵਾਰ ਨੂੰ ਮੈਡੀਕਲ ਕਰਵਾਇਆ ਜਾਵੇਗਾ।