ਬਠਿੰਡਾ: ਪੰਜਾਬ ਵਿੱਚ ਨਸ਼ਿਆਂ ਦੇ ਵਗ ਰਹੇ ਛੇਵੇਂ ਦਰਿਆ ਨੂੰ ਰੋਕਣ ਲਈ ਭਾਵੇਂ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਪੁਖ਼ਤਾ ਪ੍ਰਬੰਧ ਦੇ ਦਾਅਵੇ ਕੀਤੇ ਜਾਂਦੇ ਰਹੇ ਹਨ। ਦੂਜੇ ਪਾਸੇ ਸੂਬੇ ਅੰਦਰ ਨਸ਼ਿਆਂ ਦੇ ਵਗ ਰਹੇ 6ਵੇਂ ਦਰਿਆ ਕਾਰਨ ਪੰਜਾਬ ਦੇ ਨੌਜਵਾਨਾਂ ਦੀਆਂ ਲਗਾਤਾਰ ਮੌਤਾਂ ਹੋ ਰਹੀਆਂ ਹਨ। ਪੰਜਾਬ ਪੁਲਿਸ ਵੱਲੋਂ ਹਰ ਰੋਜ਼ ਵੱਡੀ ਗਿਣਤੀ ਵਿੱਚ ਨਸ਼ਾ ਫੜ੍ਹੇ ਜਾਣ ਦੇ ਬਾਵਜੂਦ ਨਸ਼ੇ ਦਾ ਕਾਰੋਬਾਰ ਲਗਾਤਾਰ ਜਾਰੀ ਹੈ। ਬਠਿੰਡਾ ਜ਼ਿਲ੍ਹੇ ਦੇ ਪਿੰਡ ਲਹਿਰਾ ਬੇਗਾ ਦੇ ਨੌਜਵਾਨ ਜਸਕਰਨ ਸਿੰਘ ਦੀ ਬੀਤੇ ਦਿਨ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ।
ਨਸ਼ਾ ਬੰਦ ਕਾਰਨ ਦੀ ਅਪੀਲ: ਜਸਕਰਨ ਸਿੰਘ ਦੀ ਲਾਸ਼ ਭੁੱਚੋ ਮੰਡੀ ਤੋਂ ਲਹਿਰਾ ਖਾਨਾਂ ਨੂੰ ਜਾ ਰਹੀ ਸੜਕ ਤੋਂ ਮਿਲੀ ਸੀ। ਅੱਜ ਜਸਕਰਨ ਸਿੰਘ ਦੇ ਸਸਕਾਰ ਸਮੇਂ ਪਰਿਵਾਰਕ ਮੈਬਰਾਂ ਵੱਲੋਂ ਰੋ-ਰੋ ਕੇ ਸਰਕਾਰ ਅੱਗੇ ਨਸ਼ਾ ਬੰਦ ਕਾਰਨ ਦੀ ਅਪੀਲ ਕੀਤੀ ਜਾ ਰਹੀ ਸੀ। ਉਨ੍ਹਾਂ ਪੰਜਾਬ ਸਰਕਾਰ ਨੂੰ ਨਸ਼ਿਆਂ ਦੇ ਵਗ ਰਹੇ ਛੇਵੇਂ ਦਰਿਆ ਨੂੰ ਠੱਲ ਪਾਉਣ ਦੀ ਅਪੀਲ ਕੀਤੀ। ਪਰਿਵਾਰਕ ਮੈਂਬਰ ਸੁਰਜੀਤ ਸਿੰਘ ਨੇ ਦੱਸਿਆ ਕਿ ਜਸਕਰਨ ਸਿੰਘ 12ਵੀਂ ਪਾਸ ਸੀ ਅਤੇ ਕੁੱਝ ਲੋਕਾਂ ਵੱਲੋ ਉਨ੍ਹਾਂ ਨੂੰ ਸੂਚਨਾ ਦਿੱਤੀ ਗਈ ਕਿ ਜਸਕਰਨ ਸਿੰਘ ਲਹਿਰਾ ਖਾਨਾ ਰੋਡ ਉੱਤੇ ਡਿੱਗਿਆ ਪਿਆ ਹੈ। ਜਦੋਂ ਉਨ੍ਹਾਂ ਜਾ ਕੇ ਵੇਖਿਆ ਤਾਂ ਜਸਕਰਨ ਸਿੰਘ ਦੀ ਮੌਤ ਹੋ ਚੁੱਕੀ ਸੀ। ਜਸਕਰਨ ਸਿੰਘ ਦਿਹਾੜੀ ਕਰਦਾ ਸੀ ਪਰ ਉਹ ਪਿਛਲੇ ਕੁਝ ਸਮੇ ਤੋਂ ਨਸ਼ੇ ਦੀ ਦਲ ਦਲ ਵਿੱਚ ਧਸ ਚੁੱਕਿਆ ਸੀ।
ਨਸ਼ਿਆਂ ਨੂੰ ਰੋਕਣ ਲਈ ਕਾਰਵਾਈ: ਜਸਕਰਨ ਸਿੰਘ ਦੇ ਪਰਿਵਾਰਕ ਮੈਂਬਰ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਨਸ਼ੇ ਨੂੰ ਬੰਦ ਕੀਤਾ ਜਾਵੇ ਚਾਹੇ ਸਰਕਾਰ ਹੋਰ ਕੋਈ ਕੰਮ ਨਾ ਕਰੇ ਤਾਂ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾ ਇਹ ਵਾਅਦਾ ਕੀਤਾ ਸੀ ਕਿ ਪੰਜਾਬ ਵਿੱਚ ਨਸ਼ਾ ਖਿਲਾਫ਼ ਵੱਡੀ ਕਾਰਵਾਈ ਕਰਨਗੇ,ਪਰ ਕਰੀਬ ਇਕ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਨਸ਼ਿਆਂ ਨੂੰ ਰੋਕਣ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ। ਦੂਜੇ ਪਾਸੇ ਮਾਮਲੇ ਉੱਤੇ ਫਿਲਹਾਲ ਪੁਲਿਸ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ।