ਬਠਿੰਡਾ: ਜ਼ਿਲ੍ਹੇ ਦੀ ਦਸ ਸਾਲਾ ਹੇਜਲ ਵੱਲੋਂ ਵਰਲਡ ਬੁੱਕ ਆਫ ਰਿਕਾਰਡਸ ਵਿਚ ਨਾਮ ਦਰਜ ਕਰਾਉਣ ਤੋਂ ਬਾਅਦ ਹੁਣ ਸਮਾਜ ਸੇਵੀ ਸੰਸਥਾ ਬਠਿੰਡਾ ਵਿਕਾਸ ਮੰਚ ਵੱਲੋਂ ਚਲਾਏ ਜਾ ਰਹੇ ਗਰੀਨ ਮਿਸ਼ਨ ਦੀ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ।
ਬਠਿੰਡਾ ਵਿਕਾਸ ਮੰਚ ਦੇ ਫਾਊਂਡਰ ਪ੍ਰਧਾਨ ਰਾਕੇਸ਼ ਨਰੂਲਾ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਲਗਾਤਾਰ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਅਜਿਹੀਆਂ ਮੁਹਿੰਮਾਂ ਛੇੜੀਆਂ ਜਾਂਦੀਆਂ ਰਹੀਆਂ ਹਨ। ਇਸੇ ਲੜੀ ਤਹਿਤ ਹੁਣ ਉਨ੍ਹਾਂ ਦੀ ਸੰਸਥਾ ਵੱਲੋਂ ਇਹ ਮਿਸ਼ਨ ਸ਼ੁਰੂ ਕੀਤਾ ਗਿਆ ਹੈ।
ਜੋ ਸ਼ਹਿਰ ਦੇ ਵੱਖ-ਵੱਖ ਥਾਵਾਂ ਉਪਰ ਬੂਟੇ ਲਗਾ ਕੇ ਵਾਤਾਵਰਨ ਨੂੰ ਬਚਾਉਣ ਦੀ ਜਿੱਥੇ ਕੋਸ਼ਿਸ਼ ਕਰਦਾ ਹੈ ਉੱਥੇ ਹੀ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕਰਦਾ ਹੈ ਤਾਂ ਜੋ ਵਾਤਾਵਰਨ ਨੂੰ ਸ਼ੁੱਧ ਬਣਾਇਆ ਜਾ ਸਕੇ।
ਉਨ੍ਹਾਂ ਕਿਹਾ ਕੇ ਹੇਜਲ ਨੂੰ ਜਿੱਥੇ ਵਾਤਾਵਰਣ ਨਾਲ ਪਿਆਰ ਹੈ ਉੱਥੇ ਹੀ ਉਸ ਵੱਲੋਂ ਵੱਡੀ ਗਿਣਤੀ ਵਿੱਚ ਬੂਟੇ ਆਪਣੇ ਘਰ ਵਿਚ ਲਗਾਏ ਗਏ ਹਨ। ਇਸ ਦੇ ਚੱਲਦੇ ਉਨ੍ਹਾਂ ਵਲੋਂ 10 ਸਾਲਾ ਹੇਜਲ ਨੂੰ ਹੁਣ ਬਰਾਂਡ ਅੰਬੈਸਡਰ ਬਣਾਇਆ ਗਿਆ ਹੈ ਤਾਂ ਜੋ ਹੇਜਲ ਤੋਂ ਪ੍ਰਭਾਵਿਤ ਹੋ ਕੇ ਹੋਰ ਲੋਕ ਵੀ ਵੱਧ ਤੋਂ ਵੱਧ ਆਪਣੇ ਘਰਾਂ ਵਿਚ ਬੂਟੇ ਲਗਾਉਣ ਤਾਂ ਜੋ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਇਆ ਜਾ ਸਕੇ।
ਇਸ ਮੌਕੇ ਹੇਜਲ ਨੇ ਕਿਹਾ ਕਿ ਉਸ ਲਈ ਇਹ ਮੌਕਾ ਬਹੁਤ ਖੁਸ਼ੀ ਵਾਲਾ ਹੈ ਕਿਉਂਕਿ ਹੁਣ ਉਹ ਸੰਸਥਾ ਦਾ ਹਿੱਸਾ ਬਣ ਕੇ ਲੋਕਾਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਜਿੱਥੇ ਪ੍ਰੇਰਿਤ ਕਰੇਗੀ ਉਥੇ ਹੀ ਆਪਣੇ ਪੱਧਰ ਉਪਰ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਉਪਰ ਬੂਟੇ ਵੀ ਲਗਾਵੇਗੀ।
ਹੇਜਲ ਦੇ ਪਿਤਾ ਮਨੋਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਉਨ੍ਹਾਂ ਲਈ ਮਾਣ ਹੈ ਕਿਉਂਕਿ ਉਸ ਵੱਲੋਂ ਸਮਾਜ ਲਈ ਕੁਝ ਵੱਖਰਾ ਕੀਤਾ ਜਾ ਰਿਹਾ ਹੈ ਅਤੇ ਵਾਤਾਵਰਣ ਨੂੰ ਬਚਾਉਣ ਲਈ ਇਸ ਮੁਹਿੰਮ ਵਿੱਚ ਜੁੜਨ ਤੋਂ ਬਾਅਦ ਉਨ੍ਹਾਂ ਦਾ ਸਿਰ ਮਾਣ ਨਾਲ ਹੋਰ ਉੱਚਾ ਹੋਇਆ ਹੈ।
ਇਹ ਵੀ ਪੜ੍ਹੋ: ਨਿਰਮਾਣ ਅਧੀਨ ਤਿੰਨ ਮੰਜ਼ਿਲਾਂ ਇਮਾਰਤ ਦਾ ਲੈਂਟਰ ਡਿੱਗਣ ਨਾਲ ਤਿੰਨ ਜ਼ਖ਼ਮੀ