ਬਠਿੰਡਾ : ਸਮਾਜ ਵਿਰੋਧੀ ਅਨਸਰਾਂ ਖਿਲਾਫ ਬਠਿੰਡਾ ਪੁਲਿਸ ਵੱਲੋਂ ਵਿੱਢੀ ਗਈ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਦੋ ਨੌਜਵਾਨਾਂ ਨੂੰ ਦੋ ਦੇਸੀ ਪਿਸਤੌਲ ਅਤੇ ਤੇਜ਼ਧਾਰ ਹਥਿਆਰਾਂ ਨਾਲ ਗ੍ਰਿਫਤਾਰ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਐਸ ਪੀ (ਡੀ )ਆਈਪੀਐਸ ਅਜੈ ਗਾਂਧੀ ਨੇ ਦੱਸਿਆ ਕਿ 2 ਫਰਵਰੀ ਨੂੰ ਭਗਤਾ ਭਾਈਕਾ ਦੇ ਰਹਿਣ ਵਾਲੇ ਸੁਖਦੇਵ ਸਿੰਘ ਜੋ ਕਿ ਭਗਤਾ ਬਾਜ਼ਾਰ ਤੋਂ ਆਪਣੇ ਘਰ ਵਾਪਸ ਜਾ ਰਿਹਾ ਸੀ। ਜਦੋਂ ਉਹ ਬੰਦ ਪਏ ਪਟਰੋਲ ਪੰਪ ਨੇੜੇ ਪਿਸ਼ਾਬ ਕਰਨ ਲਈ ਰੁਕਿਆ, ਤਾਂ ਇਸ ਦੌਰਾਨ 5 ਮੋਟਰਸਾਈਕਲ ਸਵਾਰ ਨੌਜਵਾਨ ਮਾਰੂ ਹਥਿਆਰ ਦਿਖਾ ਕੇ ਉਸ ਦੀ ਅਲਟੋ ਕਾਰ ਖੋਹ ਕੇ ਲੈ ਗਏ।
ਮੁਲਜ਼ਮਾਂ ਕੋਲੋਂ ਮਾਰੂ ਹਥਿਆਰ ਵੀ ਬਰਾਮਦ : ਇਸ ਉੱਤੇ ਪੁਲਿਸ ਵੱਲੋਂ ਸੁਖਦੇਵ ਸਿੰਘ ਦੀ ਸ਼ਿਕਾਇਤ ਉਪਰ ਥਾਣਾ ਦਿਆਲਪੁਰਾ ਵਿਖੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਐਸ ਪੀ (ਡੀ )ਆਈਪੀਐਸ ਅਜੈ ਗਾਂਧੀ ਨੇ ਦੱਸਿਆ ਕਿ ਦੌਰਾਨੇ ਤਫਤੀਸ ਇਹ ਗੱਲ ਸਮਝ ਆਈ ਕਿ ਇਸ ਘਟਨਾ ਨੂੰ ਅੰਜਾਮ ਭਦੌੜ ਜ਼ਿਲ੍ਹਾ ਬਰਨਾਲਾ ਦੇ ਕੁਝ ਨੌਜਵਾਨਾਂ ਵੱਲੋਂ ਅੰਜਾਮ ਦਿੱਤਾ ਗਿਆ ਹੈ। ਇਸ ਉੱਤੇ ਪੁਲਿਸ ਵੱਲੋਂ ਰਾਮਰਾਏ ਸ਼ਹਿਰ ਆਲਮ ਗੁਰਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਕੋਲੋਂ ਦੋ ਦੇਸੀ ਪਿਸਤੋਲ, 12 ਬੋਰ ਅਤੇ ਤਿੰਨ ਰੌਂਦ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ ਦੋ ਮੋਟਰਸਾਈਕਲ ਅਤੇ 3 ਮਾਰੂ ਹਥਿਆਰ, ਜਿਨ੍ਹਾਂ ਵਿੱਚ ਨਲਕੇ ਦੀ ਹੱਥੀ, ਕਿਰਪਾਨ ਆਦਿ ਬਰਾਮਦ ਕੀਤੇ ਗਏ ਹਨ।
ਲੁੱਟ ਖੋਹ ਗੈਂਗ ਦੇ ਚਾਰ ਹੋਰ ਮੁਲਜ਼ਮਾਂ ਦਾ ਭਾਲ ਜਾਰੀ : ਇਨ੍ਹਾਂ ਤੋਂ ਇਲਾਵਾ ਚਾਰ ਹੋਰ ਨੌਜਵਾਨ ਇਸ ਮੁਕੱਦਮੇ ਵਿੱਚ ਨਾਮਜ਼ਦ ਕੀਤੇ ਗਏ ਹਨ, ਜਿਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਅਤੇ ਅਗਲੇਰੀ ਪੁੱਛਗਿੱਛ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਇਨ੍ਹਾਂ ਵੱਲੋਂ ਕਿਸੇ ਹੋਰ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਜਾਂ ਨਹੀ। ਉਨ੍ਹਾਂ ਦੱਸਿਆ ਕਿ ਇਹ ਤਿੰਨੇ ਨੌਜਵਾਨ ਮਜ਼ਦੂਰੀ ਕਰਦੇ ਹਨ ਅਤੇ ਪੁਛਗਿਛ ਕਰਦੇ ਹੋਏ ਇਹ ਪਤਾ ਕੀਤਾ ਜਾਵੇਗਾ ਕਿ ਇਨ੍ਹਾਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਕਿਉਂ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: Clash In Ferozepur : ਔਰਤ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ, ਵੀਡੀਓ ਵਾਇਰਲ