ਬਠਿੰਡਾ : ਬੇਸ਼ੱਕ ਬਠਿੰਡਾ ਜ਼ਿਲ੍ਹੇ ਵਿੱਚ ਕਣਕ ਦੀ ਲਗਭਗ ਕਟਾਈ ਅਤੇ ਖਰੀਦ ਪੂਰੀ ਹੋ ਚੁੱਕੀ ਹੈ, ਪਰ ਅੱਜ ਮੰਡੀ ਵਿਚ ਰਾਜਸਥਾਨ ਤੋਂ ਕਣਕ ਦੀਆਂ ਟਰਾਲੀਆਂ ਪੁੱਜਣ ਉਤੇ ਵਿਵਾਦ ਖੜ੍ਹਾ ਹੋ ਗਿਆ। ਰਾਜਸਥਾਨ ਤੋਂ ਆਈਆਂ ਕਣਕ ਦੀਆਂ ਟਰਾਲੀਆਂ ਨੂੰ ਕਿਸਾਨਾਂ ਨੇ ਘੇਰ ਲਿਆ ਅਤੇ ਇਸ ਦੀ ਸ਼ਿਕਾਇਤ ਮਾਰਕੀਟ ਕਮੇਟੀ ਬਠਿੰਡਾ ਦੇ ਅਧਿਕਾਰੀਆਂ ਨੂੰ ਕੀਤੀ ਗਈ, ਜਿਸ ਉਤੇ ਅਧਿਕਾਰੀਆਂ ਨੇ ਤੁਰੰਤ ਕਣਕ ਦੀਆਂ ਭਰੀਆਂ ਟਰਾਲੀਆਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ।
ਆੜ੍ਹਤੀਆਂ ਨੇ ਵੀ ਝਾੜਿਆ ਪੱਲਾ : ਗੁਰੂਸਰ ਸੈਨਾ ਦੇ ਰਹਿਣ ਵਾਲੇ ਕਿਸਾਨ ਨਿਰਮਲ ਸਿੰਘ ਨੇ ਦੱਸਿਆ ਕਿ ਅੱਜ ਜਦੋਂ ਉਹ ਮੰਡੀ ਵਿੱਚ ਆਪਣੀ ਕਣਕ ਵੇਚਣ ਲਈ ਆਏ ਹੋਏ ਸਨ ਤਾਂ ਇਸ ਦੌਰਾਨ ਕੁਝ ਟਰਾਲੀਆਂ ਮੰਡੀ ਵਿੱਚ ਪੁੱਜੀਆਂ, ਜਦੋਂ ਇਨ੍ਹਾਂ ਟਰਾਲੀਆਂ ਸਬੰਧੀ ਟਰੈਕਟਰ ਚਾਲਕਾਂ ਨੂੰ ਪੁੱਛਿਆ ਗਿਆ ਤਾਂ ਉਹ ਕੋਈ ਸੰਤੋਸ਼ਜਨਕ ਜਵਾਬ ਨਾ ਦੇ ਸਕੇ। ਇਨ੍ਹਾਂ ਟਰਾਲੀਆਂ ਸੰਬੰਧੀ ਜਦੋਂ ਆੜ੍ਹਤੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਵੀ ਇਹ ਕਹਿ ਕੇ ਪੱਲਾ ਝਾੜ ਦਿੱਤਾ ਗਿਆ ਕਿ ਇਹ ਟਰਾਲੀਆਂ ਕਿਸਦੀਆਂ ਹਨ ਸਾਨੂੰ ਨਹੀਂ ਪਤਾ, ਜਿਸ ਉਤੇ ਉਨ੍ਹਾਂ ਵੱਲੋਂ ਮਾਰਕੀਟ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ ਗਈ, ਜਿਨ੍ਹਾਂ ਵੱਲੋਂ ਕਣਕ ਦੀਆਂ ਟਰਾਲੀਆਂ ਨੂੰ ਮਾਰਕੀਟ ਕਮੇਟੀ ਦਫ਼ਤਰ ਲਿਜਾਇਆ ਗਿਆ।
ਜੇਕਰ ਕਾਰਵਾਈ ਨਾ ਹੋਈ ਤਾਂ ਦੇਵਾਂਗੇ ਧਰਨਾ : ਉਨ੍ਹਾਂ ਦੋਸ਼ ਲਾਇਆ ਕਿ ਆੜ੍ਹਤੀਆਂ ਵੱਲੋਂ ਦੂਜੇ ਸੂਬਿਆਂ ਤੋਂ ਕਣਕ ਲਿਆ ਕੇ ਪੰਜਾਬ ਦੀਆਂ ਮੰਡੀਆਂ ਵਿੱਚ ਵੇਚੀ ਜਾ ਰਹੀ ਹੈ ਅਤੇ ਪੰਜਾਬ ਸਰਕਾਰ ਨੂੰ ਮੋਟਾ ਚੂਨਾ ਲਾਇਆ ਜਾ ਰਿਹਾ ਹੈ। ਜੇਕਰ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਵੱਲੋਂ ਇਹ ਕਣਕ ਮੰਗਵਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਨਾ ਕੀਤੀ ਤਾਂ ਉਹ ਧਰਨਾ ਪ੍ਰਦਰਸ਼ਨ ਕਰਨਗੇ।
ਇਹ ਵੀ ਪੜ੍ਹੋ : ਮਨੀਪੁਰ-ਇੰਫਾਲ ਸਰਹੱਦ 'ਤੇ ਸ਼ਹੀਦ ਹੋਏ ਜਵਾਨ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸਸਕਾਰ, ਸ਼ਰਧਾਂਜਲੀ ਦੇਣ ਨਹੀਂ ਪਹੁੰਚਿਆ ਕੋਈ ਸਿਆਸੀ ਆਗੂ
ਕਣਕ ਸਮੇਤ ਹਿਰਾਸਤ ਵਿੱਚ ਲਈਆਂ ਟਰੈਕਟਰ ਟਰਾਲੀਆਂ : ਉਧਰ ਦੂਸਰੇ ਪਾਸੇ ਮਾਰਕੀਟ ਕਮੇਟੀ ਦੇ ਸਕੱਤਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮੰਡੀ ਵਿੱਚ ਦੂਸਰੇ ਸੂਬਿਆਂ ਤੋਂ ਲਿਆ ਕੇ ਕਣਕ ਵੇਚੀ ਜਾ ਰਹੀ ਹੈ। ਕਿਸਾਨਾਂ ਦੀ ਇਸ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਵੱਲੋਂ ਦੋ ਟਰੈਕਟਰ ਟਰਾਲੀਆਂ ਕਣਕ ਸਮੇਤ ਹਿਰਾਸਤ ਵਿਚ ਲਿਆ ਜਾ ਰਿਹਾ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਕਣਕ ਕਿੱਥੋਂ ਆਈ ਅਤੇ ਕਿਸ ਨੇ ਮੰਗਵਾਈ। ਇਸ ਮਾਮਲੇ ਵਿੱਚ ਜੋ ਵੀ ਵਿਅਕਤੀ ਦੀ ਸ਼ਮੂਲੀਅਤ ਪਾਈ ਗਈ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਜੇਕਰ ਕਿਸੇ ਆੜ੍ਹਤੀਏ ਵੱਲੋਂ ਇਹ ਕਣਕ ਮੰਗਵਾਈ ਗਈ ਹੈ ਤਾਂ ਉਸ ਦਾ ਲਾਇਸੈਂਸ ਮੁਅੱਤਲ ਜਾਂ ਰੱਦ ਵੀ ਕੀਤਾ ਜਾ ਸਕਦਾ ਹੈ।