ਬਠਿੰਡਾ: ਪੰਜਾਬ ਵਿੱਚ ਕੜਾਕੇ ਦੀ ਠੰਡ ਦਾ ਕਹਿਰ ਜਾਰੀ ਹੈ। ਆਉਣ ਵਾਲੇ ਦਿਨਾਂ ਵਿੱਚ ਵੀ ਮੌਸਮ ਵਿਭਾਗ ਵਲੋਂ ਕਈ ਥਾਂਵਾਂ ਉੱਤੇ ਰੈੱਡ ਅਲਰਟ ਅਤੇ ਕਈ ਥਾਂ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਠੰਡ ਦੇ ਵਧਦੇ ਪ੍ਰਕੋਪ ਕਾਰਨ ਟੀਬੀ ਦੀ ਬਿਮਾਰੀ ਵੱਧਣ ਦਾ ਖਦਸ਼ਾ ਵੀ ਪੈਦਾ ਹੋਇਆ ਹੈ। ਅਜਿਹੇ ਵਿੱਚ ਡਾਕਟਰ ਦਾ ਮੰਨਣਾ ਇਨ੍ਹਾਂ ਦਿਨਾਂ ਵਿੱਚ ਟੀਬੀ ਦੇ ਮਰੀਜ਼ਾਂ ਨੂੰ ਖਾਸ ਧਿਆਨ ਰੱਖਣ ਦੀ ਲੋੜ ਹੁੰਦੀ ਹੈ।
ਸਰਕਾਰੀ ਹਸਪਤਾਲ ਵਿੱਚ ਟੀਬੀ ਵਿਭਾਗ ਵਿੱਚ ਤੈਨਾਤ ਡਾਕਟਰ ਰੋਜ਼ੀ ਅਗਰਵਾਲ ਨੇ ਈਟੀਵੀ ਭਾਰਤ ਦੀ ਟੀਮ ਨਾਲ ਗੱਲ ਕਰਦਿਆ ਕਿਹਾ ਕਿ ਠੰਡਾਂ ਵਿੱਚ ਅਕਸਰ ਹੀ ਖੰਘ, ਜੁਖਾਮ ਅਤੇ ਬਲਗਮ ਜਿਹੀ ਸਮੱਸਿਆ ਆਮ ਵਿਅਕਤੀ ਨੂੰ ਆਉਣ ਲੱਗਦੀ ਹੈ। ਠੰਡ ਜਿਆਦਾ ਹੋਣ ਕਾਰਨ ਅਕਸਰ ਹੀ ਲੋਕ ਆਪਣੇ ਘਰਾਂ ਵਿੱਚ ਹੀ ਰਹਿਣਾ ਪਸੰਦ ਕਰਦੇ ਹਨ, ਪਰ ਫ਼ਰਵਰੀ-ਮਾਰਚ ਵਿੱਚ ਅਚਾਨਕ ਟੀਬੀ ਦੇ ਮਰੀਜ਼ਾਂ ਵਿੱਚ ਵਾਧਾ ਹੁੰਦਾ ਹੈ, ਕਿਉਂਕਿ ਠੰਡ ਜਾਣ ਮਗਰੋਂ ਆਮ ਲੋਕਾਂ ਨੂੰ ਪਤਾ ਚੱਲਦਾ ਹੈ ਕਿ ਜੋ ਉਨ੍ਹਾਂ ਨੂੰ ਬਲਗਮ ਆਦਿ ਦੀ ਸਮੱਸਿਆ ਆਉਂਦੀ ਹੈ, ਉਸ ਦਾ ਮੁੱਖ ਕਾਰਨ ਟੀਬੀ ਹੈ।
ਟੀਬੀ ਨੂੰ ਲੈ ਕੇ ਸਰਕਾਰ ਵਲੋਂ ਉਪਰਾਲਾ ਤੇ ਹਦਾਇਤਾਂ: ਡਾਕਟਰ ਰੋਜ਼ੀ ਅਗਰਵਾਲ ਨੇ ਦੱਸਿਆ ਕਿ ਇਨ੍ਹਾਂ ਦਿਨਾਂ ਵਿੱਚ ਠੰਡ ਤੋਂ ਬਚਣ ਲਈ ਆਮ ਲੋਕਾਂ ਨੂੰ ਆਪਣੀ ਛਾਤੀ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ, ਤਾਂ ਜੋ ਖੰਘ, ਜੁਖਾਮ ਅਤੇ ਬਲਗਮ ਜਿਹੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਟੀਬੀ ਵਾਲੇ ਮਰੀਜ਼ਾਂ ਲਈ ਵਿਸ਼ੇਸ਼ ਤੌਰ ਉੱਤੇ ਉਪਰਾਲੇ ਕੀਤੇ ਜਾਂਦੇ ਹਨ। ਟੀਬੀ ਮਰੀਜ਼ ਦੇ ਇਲਾਜ ਦੇ ਨਾਲ ਨਾਲ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਟੀਬੀ ਤੋਂ ਬਚਾਉਣ ਲਈ ਵਿਸ਼ੇਸ਼ ਤੌਰ ਉੱਤੇ ਦਵਾਈ ਉਪਲਬਧ ਕਰਵਾਈ ਗਈ ਹੈ। ਅਜਿਹੇ ਪਰਿਵਾਰ ਦੇ ਮੈਂਬਰਾਂ ਨੂੰ ਪ੍ਰੋਫਲੈਕਸਿਜ਼ ਦਿੱਤੀ ਜਾਂਦੀ ਹੈ।
ਪਰਿਵਾਰਿਕ ਮੈਂਬਰਾਂ ਨੂੰ ਬਚਾਉਣ ਲਈ 15 ਸਾਲ ਤੋਂ ਵੱਧ ਉਮਰ ਦਿਆਂ ਨੂੰ ਹਫ਼ਤੇ ਵਿੱਚ ਇੱਕ ਦਵਾਈ ਲੈਣੀ ਹੁੰਦੀ ਹੈ ਅਤੇ 16 ਸਾਲ ਦੀ ਉਮਰ ਤੋਂ ਘੱਟ ਉਮਰ ਦੇ ਵਿਅਕਤੀਆਂ ਦੋ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਇਹ ਦਵਾਈਆਂ ਤਿੰਨ ਮਹੀਨਿਆਂ ਲਈ ਦਿੱਤੀਆਂ ਜਾਂਦੀਆਂ ਹਨ, ਤਾਂ ਜੋ ਭਵਿੱਖ ਵਿੱਚ ਉਨ੍ਹਾਂ ਨੂੰ ਟੀਬੀ ਨਾ ਹੋਵੇ ਇਸ ਤੋਂ ਇਲਾਵਾ ਟੀਬੀ ਵਾਲੇ ਮਰੀਜ਼ਾਂ ਲਈ ਵਿਸ਼ੇਸ਼ ਤੌਰ ਉੱਤੇ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਬਲਗਮ ਨੂੰ ਡਿਸਪੋਜ ਆਫ ਕਰਨ ਲਈ ਸੰਖ ਜਾ ਇੱਕ ਬਰਤਨ ਵਿੱਚ ਮਿੱਟੀ ਪਾ ਕੇ ਰੱਖਣ, ਤਾਂ ਜੋ ਬਲਗਮ ਤੋਂ ਹੋਰ ਕਿਸੇ ਨੂੰ ਬਿਮਾਰੀ ਨਾ ਹੋ ਸਕੇ, ਕਿਉਂਕਿ ਇਸ ਵਿੱਚ ਬਹੁਤ ਤੇਜ਼ ਬੈਕਟੀਰੀਆ ਹੁੰਦੇ ਹਨ। ਟੀਬੀ ਵਾਲੇ ਮਰੀਜ਼ ਨੂੰ ਹਮੇਸ਼ਾ ਮਾਸਕ ਪਾ ਕੇ ਰੱਖਣਾ ਚਾਹੀਦਾ ਹੈ।
ਟੀਬੀ ਕਿੰਨੇ ਤਰ੍ਹਾਂ ਦੀ ਹੁੰਦੀ ਅਤੇ ਲੱਛਣ: ਡਾਕਟਰ ਰੋਜ਼ੀ ਨੇ ਕਿਹਾ ਕਿ ਟੀਬੀ ਦੋ ਪ੍ਰਕਾਰ ਦੀ ਹੁੰਦੀ ਹੈ। ਪਹਿਲੀ ਬਲਗਮ ਵਾਲੀ ਟੀਬੀ ਅਤੇ ਇਸ ਟੀਬੀ ਤੋਂ ਪੀੜਤ ਵਿਅਕਤੀ ਨੂੰ ਬਲਗਮ ਵਿੱਚ ਖੂਨ ਆਉਂਦਾ ਹੈ। ਭੁੱਖ ਘੱਟ ਲਗਣਾ ਤੇ ਵਜ਼ਨ ਘੱਟਦਾ ਹੈ। ਕਈ-ਕਈ ਦਿਨ ਬੁਖਾਰ ਨਹੀਂ ਉਤਰਦਾ। ਅਜਿਹੇ ਮਰੀਜ਼ਾਂ ਦੇ ਇਲਾਜ ਲਈ ਉਨਾਂ ਦੇ ਬਲਗਮ ਦੇ ਟੈਸਟ ਕਰਵਾਏ ਜਾਂਦੇ ਹਨ।
ਦੂਜਾ, ਟੀਬੀ ਦੀ ਬਿਮਾਰੀ ਮਨੁੱਖੀ ਸਰੀਰ ਦੇ ਕਿਸੇ ਵੀ ਅੰਗ ਨੂੰ ਹੋ ਸਕਦੀ ਹੈ, ਜਿਵੇਂ ਗਲੇ ਵਿੱਚ ਗੰਡਾ ਬਣਨੀਆਂ, ਪੇਟ ਦੀ ਟੀਬੀ (ਅਕਸਰ ਬੱਚਿਆਂ ਨੂੰ ਹੋ ਜਾਂਦੀ ਹੈ), ਅੱਖਾਂ ਦੀ ਟੀਬੀ ਤੇ ਦਿਮਾਗ਼ ਵਿੱਚ ਟੀਬੀ ਆਦਿ ਕਿਸੇ ਵੀ ਅੰਗ ਵਿੱਚ ਟੀਬੀ ਹੋ ਸਕਦੀ ਹੈ। ਟੀਬੀ ਹੋਣ ਨਾਲ ਮਨੁੱਖ ਦੇ ਕਿਸੇ ਵੀ ਅੰਗ ਵਿੱਚ ਪਹਿਲਾਂ ਦਰਦ ਮਹਿਸੂਸ ਹੋਣ ਲੱਗਦਾ ਹੈ ਅਤੇ ਹੌਲੀ ਹੌਲੀ ਬਿਮਾਰੀ ਵਧਣ ਤੇ ਮਨੁੱਖ ਨੂੰ ਇਹ ਦਰਦ ਸਹਿਣਾ ਮੁਸ਼ਕਿਲ ਹੋ ਜਾਂਦਾ ਹੈ।
ਟੀਬੀ ਸਬੰਧੀ ਟੈਸਟ ਮੁਫਤ ਕਰਵਾਏ ਜਾਂਦੇ: ਡਾਕਟਰ ਰੋਜ਼ੀ ਨੇ ਕਿਹਾ ਕਿ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਟੀਬੀ ਵਾਲੇ ਮਰੀਜ਼ਾਂ ਲਈ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਟੀਬੀ ਦੇ ਮਰੀਜ਼ਾਂ ਦਾ ਇਲਾਜ ਸਰਕਾਰੀ ਹਸਪਤਾਲ ਵਿੱਚ ਮੁਫ਼ਤ ਹੁੰਦਾ ਹੈ ਅਤੇ ਦਵਾਈਆਂ ਵੀ ਮੁਫਤ ਸਰਕਾਰ ਵੱਲੋਂ ਉਪਲਬਧ ਕਰਾਈਆਂ ਗਈਆਂ ਹਨ। ਲੱਛਣ ਦਿਖਣ ਤੋਂ ਬਾਅਦ ਮਨੁੱਖ ਨੂੰ ਤੁਰੰਤ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ, ਤਾਂ ਜੋ ਟੀਬੀ ਜਿਹੀ ਬਿਮਾਰੀ ਦਾ ਇਲਾਜ ਸਮੇਂ ਸਿਰ ਕਰਵਾਇਆ ਜਾ ਸਕੇ। ਸਾਰੇ ਟੈਸਟ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕਰਵਾਏ ਜਾਂਦੇ ਹਨ।