ਬਠਿੰਡਾ: ਰੇਲਵੇ ਗਰਾਊਂਡ ਵਿੱਚ ਸੈਲਫ ਡਿਫੈਂਸ ਲਈ ਤਾਈਕਵਾਂਡੋ ਦੀ ਗਰੀਬ ਪਰਿਵਾਰ ਦੇ ਬੱਚੇ ਕੋਚਿੰਗ ਲੈ ਰਹੇ ਹਨ। 7 ਸਾਲ ਤੋਂ ਲੈ ਕੇ 21 ਸਾਲ ਤੱਕ ਦੇ ਇਹ ਬੱਚੇ ਮੁਫ਼ਤ ਵਿੱਚ ਕੋਚਿੰਗ ਲੈ ਰਹੇ ਹਨ, ਜਿਸ ਵਿੱਚ ਜ਼ਿਆਦਾਤਰ ਕੁੜੀਆਂ ਹੀ ਹਨ। ਜਿਨ੍ਹਾਂ ਨੂੰ ਬਠਿੰਡਾ ਦੇ ਇੱਕ ਸੰਜੀਵ ਕੁਮਾਰ ਨਾਂਅ ਦੇ ਨੌਜਵਾਨ ਵੱਲੋਂ ਕੋਚਿੰਗ ਦਿੱਤੀ ਜਾ ਰਹੀ ਹੈ।
ਸੰਜੀਵ ਕੁਮਾਰ ਵੱਲੋਂ ਇਨ੍ਹਾਂ ਗ਼ਰੀਬ ਪਰਿਵਾਰ ਦੇ ਬੱਚਿਆਂ ਕੋਲੋਂ ਕੋਈ ਪੈਸਾ ਨਹੀਂ ਲਿਆ ਜਾ ਰਿਹਾ ਸਗੋਂ ਇਹ ਬੱਚੇ ਇੱਕ ਦੂਜੇ ਦੀ ਮਦਦ ਲਈ ਪੈਸੇ ਇਕੱਠੇ ਕਰਕੇ ਖੇਡਾਂ ਵਿੱਚ ਸ਼ਿਰਕਤ ਕਰਦੇ ਹਨ ਅਤੇ ਵੱਡੀ ਗੱਲ ਇਹ ਵੀ ਹੈ ਕਿ ਇਹ ਬੱਚੇ ਅੰਤਰਰਾਸ਼ਟਰੀ ਅਤੇ ਏਸ਼ੀਅਨ ਖੇਡਾਂ ਵਿੱਚ ਵੀ ਮੈਡਲ ਹਾਸਲ ਕਰ ਚੁੱਕੇ ਹਨ।
ਅੰਤਰਰਾਸ਼ਟਰੀ ਤਾਈਕਵਾਂਡੋ ਖੇਡਾਂ ਵਿਚ ਸ਼ਿਰਕਤ ਕਰ ਚੁੱਕੀ ਰਜਨੀ ਦਾ ਕਹਿਣਾ ਹੈ ਕਿ ਉਹ ਅੰਤਰਰਾਸ਼ਟਰੀ ਖੇਡਾਂ ਵਿਚ ਸ਼ਿਰਕਤ ਕਰ ਚੁੱਕੀ ਹੈ ਅਤੇ ਹੈਦਰਾਬਾਦ ਵਿੱਚ ਹੋਈਆਂ ਗਰੇਡ ਵਨ ਅੰਤਰਰਾਸ਼ਟਰੀ ਖੇਡਾਂ ਵਿੱਚ ਵੀ ਖੇਡ ਚੁੱਕੀ ਹੈ ਅਤੇ ਵੱਖ- ਵੱਖ ਅੰਤਰਰਾਸ਼ਟਰੀ ਤਾਇਕਵਾਂਡੋ ਖੇਡਾਂ ਵਿਚ ਗੋਲਡ ਅਤੇ ਸਿਲਵਰ ਮੈਡਲ ਵੀ ਹਾਸਲ ਕਰ ਚੁੱਕੀ ਹੈ।
ਪਰ ਫਿਰ ਵੀ ਸਰਕਾਰ ਵੱਲੋਂ ਇਨ੍ਹਾਂ ਅੰਤਰਰਾਸ਼ਟਰੀ ਖਿਡਾਰੀ ਕੁੜੀਆਂ ਨੂੰ ਕੋਈ ਸਹੂਲਤਾਂ ਜਾ ਸਹਾਇਤਾ ਨਹੀਂ ਮਿਲ ਰਹੀ, ਜਿਸ ਕਰਕੇ ਇਹ ਗ਼ਰੀਬ ਪਰਿਵਾਰ ਦੇ ਬੱਚੇ ਆਪਸ ਵਿੱਚ ਹੀ ਪੈਸੇ ਇਕੱਠੇ ਕਰਕੇ ਖੇਡਾਂ ਵਿੱਚ ਸ਼ਿਰਕਤ ਕਰਦੇ ਹਨ।
ਉਥੇ ਹੀ ਤਾਈਕਵਾਂਡੋ ਦੀ ਟ੍ਰੇਨਿੰਗ ਲੈ ਰਹੀ ਖਿਡਾਰਨ ਨੇਹਾ ਨੇ ਦੱਸਿਆ ਕਿ ਉਨ੍ਹਾਂ ਦੇ ਰੋਲ ਮਾਡਲ ਸੰਜੀਵ ਕੁਮਾਰ ਹਨ। ਜਿਨ੍ਹਾਂ ਨੇ ਉਨ੍ਹਾਂ ਨੂੰ ਮੁਫ਼ਤ ਵਿੱਚ ਕੋਚਿੰਗ ਦੇ ਨਾਲ ਨਾਲ ਜ਼ਿਲ੍ਹਾ ਪੱਧਰੀ, ਸੂਬਾ ਪੱਧਰੀ ਰਾਸ਼ਟਰ ਪੱਧਰੀ ਅਤੇ ਅੰਤਰਰਾਸ਼ਟਰੀ ਪੱਧਰ ਤੱਕ ਲੈ ਕੇ ਗਏ। ਇਹ ਪੈਸਾ ਆਪਸ ਵਿੱਚ ਤਾਈਕਵਾਂਡੋ ਦੇ ਖਿਡਾਰੀ ਹੀ ਇਕੱਠਾ ਕਰਕੇ ਜਾਂਦੇ ਹਨ। ਨੇਹਾ ਦਾ ਕਹਿਣਾ ਹੈ ਕਿ ਜੇ ਸਰਕਾਰ ਉਨ੍ਹਾਂ ਦੀ ਮਦਦ ਕਰੇ ਤਾਂ ਉਹ ਇੱਕ ਚੰਗੇ ਮੁਕਾਮ ਦੇ ਨਾਲ-ਨਾਲ ਦੇਸ਼ ਦਾ ਨਾਂਅ ਵੀ ਰੌਸ਼ਨ ਕਰ ਸਕਦੀਆਂ ਹਨ।
ਤਾਈਕਵਾਂਡੋ ਦੀ ਕੋਚਿੰਗ ਲੈ ਰਹੇ ਬਠਿੰਡਾ ਵਿੱਚ 14 ਸਾਲ ਦੇ ਗੋਸ਼ਿਤ ਨਾਂਅ ਦੇ ਬੱਚੇ ਨੇ ਕਿਹਾ ਕਿ ਸੰਜੀਵ ਕੁਮਾਰ ਉਨ੍ਹਾਂ ਸਭ ਨੂੰ ਮੁਫ਼ਤ ਕੋਚਿੰਗ ਦੇ ਰਹੇ ਹਨ। ਉਹ ਤਿੰਨ ਸਾਲ ਤੋਂ ਤਾਈਕਮਾਂਡੋ ਦੀ ਕੋਚਿੰਗ ਲੈ ਰਿਹਾ ਹੈ ਅਤੇ ਨੈਸ਼ਨਲ ਤਾਈਕਵਾਂਡੋ ਖੇਡ ਵਿੱਚ ਗੋਲਡ ਮੈਡਲਿਸਟ ਹਨ।
ਉਨ੍ਹਾਂ ਨੇ ਕਿਹਾ ਉਸ ਦਾ ਵੱਡਾ ਭਰਾ ਵੀ ਤਾਈਕਵਾਂਡੋ ਖੇਡਾਂ ਵਿੱਚ ਨੈਸ਼ਨਲ ਸਿਲਵਰ ਮੈਡਲ ਜਿੱਤ ਚੁੱਕਿਆ ਹੈ ਅਤੇ ਇਹ ਸਭ ਉਨ੍ਹਾਂ ਦੇ ਕੋਚ ਅਤੇ ਸਾਰੇ ਬੱਚੇ ਮਿਲ ਕੇ ਆਪਸ ਵਿੱਚ ਪੈਸੇ ਇਕੱਠੇ ਕਰਕੇ ਖੇਡਣ ਲਈ ਜਾਂਦੇ ਹਨ। ਜਦੋਂ ਕਿਸੇ ਗਰੀਬ ਪਰਿਵਾਰ ਦੇ ਬੱਚੇ ਕੋਲ ਕੋਈ ਪੈਸਾ ਨਹੀਂ ਹੁੰਦਾ ਤਾਂ ਸਾਰੇ ਮਿਲ ਕੇ ਪੈਸੇ ਇਕੱਠੇ ਕਰਕੇ ਉਸ ਨੂੰ ਖਿਡਾ ਕੇ ਵੀ ਲੈ ਕੇ ਆਉਂਦੇ ਹਨ।
ਇਹ ਵੀ ਪੜੋ: ਏਅਰ ਇੰਡੀਆ ਦੀ 100 ਫੀਸਦੀ ਹਿੱਸੇਦਾਰੀ ਵੇਚੇਗੀ ਕੇਂਦਰ ਸਰਕਾਰ, ਜਾਰੀ ਕੀਤੇ ਦਸਤਾਵੇਜ਼
ਉਥੇ ਹੀ ਤਾਈਕਵਾਂਡੋ ਦੀ ਕੋਚਿੰਗ ਦੇ ਰਹੇ ਸੰਜੀਵ ਕੁਮਾਰ ਦਾ ਕਹਿਣਾ ਹੈ ਕਿ ਉਹ ਖੁਦ ਸਾਊਥ ਕੋਰੀਆ ਤਾਈਕਵਾਂਡੋ ਖੇਡਾਂ ਵਿੱਚ ਬਲੈਕ ਬੈਲਟ ਮੁਕਾਮ ਹਾਸਲ ਕਰ ਚੁੱਕਿਆ ਹੈ ਅਤੇ ਬੱਚਿਆਂ ਨੂੰ ਮੁਫ਼ਤ ਕੋਚਿੰਗ ਦੇ ਰਿਹਾ ਹੈ, ਜਿਸ ਵਿਚ ਜ਼ਿਆਦਾਤਰ ਕੁੜੀਆਂ ਹਨ ਜੋ ਸੈਲਫ ਡਿਫੈਂਸ ਦੇ ਨਾਲ-ਨਾਲ ਅੰਤਰਰਾਸ਼ਟਰੀ ਤਾਈਕਵਾਂਡੋ ਖਿਡਾਰੀ ਵੀ ਹਨ। ਇਸ ਦੇ ਲਈ ਇਹ ਬੱਚੇ ਹੀ ਇੱਕ ਦੂਜੇ ਦੀ ਮਦਦ ਕਰਦੇ ਹਨ ਆਪਸ ਵਿੱਚ ਹੀ ਪੈਸੇ ਇਕੱਠੇ ਕਰਕੇ ਚੰਗਾ ਖੇਡਣ ਵਾਲੇ ਬੱਚਿਆਂ ਦੀ ਮਦਦ ਕਰਦੇ ਹਨ। ਇਸ ਦੇ ਨਾਲ-ਨਾਲ ਇਹ ਬੱਚੇ ਸਕੂਲੀ ਫੀਸ ਭਰਨ ਵਿੱਚ ਵੀ ਮਦਦ ਕਰਦੇ ਹਨ ਜੋ ਕੁਝ ਵੀ ਇਹ ਬੱਚੇ ਕਰਦੇ ਹਨ ਉਹ ਖ਼ੁਦ ਇੱਕ ਦੂਜੇ ਦੀ ਮਦਦ ਨਾਲ ਹੀ ਕਰਦੇ ਹਨ। ਸਰਕਾਰ ਵੱਲੋਂ ਕਿਸੇ ਪ੍ਰਕਾਰ ਦੀ ਕੋਈ ਸਹੂਲਤ ਜਾਂ ਸਹਾਇਤਾ ਨਹੀਂ ਮਿਲ ਰਹੀ।