ਬਠਿੰਡਾ: ਪੰਜਾਬ ਇੱਕ ਵਾਰ ਫਿਰ ਤੋਂ ਸਵਾਈਨ ਫਲੂ ਦੀ ਦਸਤਕ ਨਾਲ ਲੋਕਾਂ ਦੀ ਚਿੰਤਾਂ ਜ਼ਰੂਰ ਵੱਧ ਗਈ ਹੈ। ਸਵਾਈਨ ਫਲੂ ਦਾ ਪਹਿਲਾ ਕੇਸ ਲੁਧਿਆਣਾ 'ਚ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਐਡਵਾਇਜ਼ਰੀ ਜਾਰੀ ਕਰ ਦਿੱਤੀ ਗਈ ਹੈ। ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਸਿਹਤ ਵਿਭਾਗ ਵੱਲੋਂ ਸਰਕਾਰੀ ਹਸਪਤਾਲਾਂ ਵਿੱਚ ਆਈਸੀਯੂ ਦੇ ਨਾਲ ਸਵਾਈਨ ਫਲੂ ਦਾ ਵਾਰਡ ਸਥਾਪਿਤ ਕੀਤਾ ਜਾ ਰਿਹਾ ਹੈ ਅਤੇ ਖਾਂਸੀ, ਜ਼ੁਖ਼ਾਮ, ਬੁਖਾਰ ਦੇ ਮਰੀਜ਼ਾਂ ਨੂੰ ਤਿੰਨ ਕੈਟਾਗਰੀਆਂ ਏ,ਬੀ, ਸੀ ਵਿੱਚ ਰੱਖ ਕੇ ਇਲਾਜ ਕੀਤਾ ਜਾ ਰਿਹਾ ਹੈ।
ਸਵਾਇਨ ਫਲੂ ਦੇ ਲੱਛਣ ਵੀ ਕਰੋਨਾ ਨਾਲ ਮਿਲਦੇ ਜੁਲਦੇ ਹਨ। ਇਸ ਲਈ ਸਿਹਤ ਵਿਭਾਗ ਵੱਲੋਂ ਆਪਣੇ ਕਰਮਚਾਰੀਆਂ ਨੂੰ ਪਹਿਲਾਂ ਹੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।- ਡਾਕਟਰ ਸਤੀਸ਼ ਜਿੰਦਲ, ਸੀਨੀਅਰ ਮੈਡੀਕਲ ਅਫ਼ਸਰ
3 ਕੈਟਾਗਿਰੀਆਂ 'ਚ ਇਲਾਜ: ਡਾਕਟਰਾਂ ਵੱਲੋਂ ਖੰਘ, ਜੁਖਾਮ ਅਤੇ ਬੁਖਾਰ ਨਾਲ ਪੀੜਤ ਮਰੀਜ਼ਾਂ ਨੂੰ ਤਿੰਨ ਕੈਟਾਗਰੀਆਂ ਵਿੱਚ ਵੰਡਿਆ ਗਿਆ ਹੈ ਤਾਂ ਜੋ ਉਨ੍ਹਾਂ ਦਾ ਹਰ ਸੰਭਵ ਇਲਾਜ ਕੀਤਾ ਜਾ ਸਕੇ ਅਤੇ ਸਵਾਈਨ ਫਲੂ ਦੇ ਮਰੀਜ਼ ਦੀ ਵੱਖਰੀ ਪਛਾਣ ਕੀਤੀ ਜਾ ਸਕੇ। ਜਿਵੇਂ ਕਿਸੇ ਮਰੀਜ਼ ਨੂੰ ਹਲਕਾ ਬੁਖਾਰ, ਗਲਾ ਖਰਾਬ ਅਤੇ ਜੁਖਾਮ ਹੈ ਤਾਂ ਉਹ ਏ ਕੈਟਾਗਰੀ ਵਿੱਚ ਆਉਂਦਾ ਹੈ। ਅਜਿਹੇ ਮਰੀਜ਼ਾਂ ਨੂੰ ਦਵਾਈ ਦੇ ਕੇ ਇਲਾਜ ਕੀਤਾ ਜਾਂਦਾ ਹੈ। ਬੀ ਕੈਟਾਗਰੀ ਵਿੱਚ ਉਹ ਮਰੀਜ਼ ਆਉਂਦੇ ਹਨ ਜਿਨ੍ਹਾਂ ਦਾ ਗਲਾ ਖਰਾਬ ਹੁੰਦਾ ਹੈ ਅਤੇ ਬੁਖਾਰ 102 ਤੋਂ ਵੱਧ ਹੁੰਦਾ ਹੈ ਉਨ੍ਹਾਂ ਨੂੰ ਘਰ 'ਚ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਸੀ ਕੈਟਾਗਰੀ ਵਿੱਚ ਉਹ ਮਰੀਜ਼ ਆਉਂਦੇ ਹਨ ਜਿਨਾਂ ਦਾ ਗਲਾ ਹੱਦ ਤੋਂ ਵੱਧ ਖਰਾਬ ਹੈ, ਥਕਾਵਟ ਹੁੰਦੀ ਹੈ ਅਤੇ ਥੁੱਕ ਵਿੱਚ ਖੂਨ ਆਉਂਦਾ ਹੈ। ਉਨ੍ਹਾਂ ਨੂੰ ਇਲਾਜ ਲਈ ਦਾਖਲ ਕੀਤਾ ਜਾਂਦਾ ਹੈ ਅਤੇ ਅਜਿਹੇ ਮਰੀਜ਼ਾਂ ਦੇ ਸੈਂਪਲ ਲਏ ਜਾਂਦੇ ਹਨ ਅਤੇ ਸੈਂਪਲ ਪੀਜੀਆਈ ਚੰਡੀਗੜ੍ਹ ਅਤੇ ਮੈਡੀਕਲ ਕਾਲਜ ਫਰੀਦਕੋਟ ਟੈਸਟਿੰਗ ਲਈ ਭੇਜੇ ਜਾਂਦੇ ਹਨ।
ਕੋਰੋਨਾ ਨਾਲ ਮਿਲਦੇ ਨੇ ਲੱਛਣ: ਉਹਨਾਂ ਦੱਸਿਆ ਕਿ ਸਵਾਈਨ ਫਲੂ ਅਤੇ ਕਰੋਨਾ ਦੇ ਲੱਛਣ ਇੱਕੋ ਜਿਹੇ ਵੇਖਣ ਨੂੰ ਮਿਲਦੇ ਹਨ। ਇਸ ਲਈ ਆਮ ਜਨਤਾ ਨੂੰ ਕਰੋਨਾ ਵਾਲੀਆਂ ਗਾਈਡਲਾਈਨਜ਼ ਨੂੰ ਅਪਣਾਉਣਾ ਚਾਹੀਦਾ ਹੈ। ਜੇਕਰ ਕਿਸੇ ਨਾਲ ਹੱਥ ਮਿਲਾਉਣਾ ਹੈ ਤਾਂ ਹੱਥ ਨੂੰ ਵਾਰ ਵਰ ਧੋਣਾ ਹੈ, ਖੰਗਣ ਵੇਲੇ ਮੂੰਹ 'ਤੇ ਰੁਮਾਲ ਰੱਖਣਾ ਚਾਹੀਦਾ ਹੈ। ਇਸ ਤੋਂ ਬਿਨਾਂ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ। ਜੇਕਰ ਖੰਘ, ਜ਼ੁਖਾਮ ਹੁੰਦਾ ਹੈ ਤਾਂ ਮਰੀਜ਼ ਨੂੰ ਚਾਹੀਦਾ ਹੈ ਕਿ ਉਹ ਘੱਟ ਤੋਂ ਘੱਟ ਲੋਕਾਂ ਦੇ ਸੰਪਰਕ ਵਿੱਚ ਆਵੇ ਅਤੇ ਦੂਸਰੇ ਲੋਕਾਂ ਤੋਂ ਦੂਰੀ ਬਣਾ ਕੇ ਰੱਖੇ ਤਾਂ ਜੋ ਇਹ ਬਿਮਾਰੀ ਇੱਕ ਤੋਂ ਦੂਸਰੇ ਵਿਅਕਤੀ ਨੂੰ ਨਾ ਹੋਵੇ।
ਜਲਦੀ ਕਰਵਾਉਣੀ ਚਾਹੀਦੀ ਹੈ ਜਾਂਚ: ਜੇਕਰ ਅਜਿਹੇ ਲੱਛਣ ਕਿਸੇ ਵੀ ਮਰੀਜ਼ 'ਚ ਪਾਏ ਜਾਂਦੇ ਹਨ ਤਾਂ ਮਰੀਜ਼ ਨੂੰ ਤੁਰੰਤ ਨੇੜਲੇ ਸਿਹਤ ਕੇਂਦਰ ਵਿੱਚ ਜਾ ਕੇ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਤੁਰੰਤ ਇਲਾਜ ਕਰਵਾਉਣਾ ਚਾਹੀਦਾ ਹੈ। ਬਠਿੰਡਾ ਵਿਖੇ ਸਿਹਤ ਵਿਭਾਗ ਵੱਲੋਂ ਸਵਾਈਨ ਫਲੂ ਵਾਰਡ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਆਈਸੀਯੂ ਦੇ ਪ੍ਰਬੰਧ ਸਬੰਧੀ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਸਵਾਇਨ ਫਲੂ ਦੇ ਟੈਸਟਿੰਗ ਲਈ ਵੱਖਰੀ ਚਾਰ ਮੈਂਬਰੀ ਟੀਮ ਤੈਨਾਤ ਕੀਤੀ ਗਈ ਹੈ। ਜਿਨਾਂ ਵੱਲੋਂ ਛੁੱਟੀ ਦੇ ਵਾਲੇ ਦਿਨ ਵੀ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ ਦੀ ਤਰ੍ਹਾਂ ਸਵਾਈਨ ਫਲੂ ਦੇ ਹਮਲੇ ਨੂੰ ਰੋਕਣ ਲਈ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ।