ਬਠਿੰਡਾ: ਆਪਣੇ ਘਰ ਪਰਿਵਾਰਾਂ ਤੋਂ ਦੂਰ ਬੈਠੇ ਪਰਵਾਸੀਆਂ ਲਈ ਕੋਰੋਨਾ ਸੰਕਟ ਇਸ ਸਮੇਂ ਵੱਡੀ ਆਫ਼ਤ ਬਣਦਾ ਜਾ ਰਿਹਾ ਹੈ। ਇੱਕ ਮਹੀਨੇ ਤੋਂ ਵੱਧ ਸਮਾਂ ਲੌਡਾਊਨ ਵਿੱਚ ਬੀਤ ਜਾਣ ਕਾਰਨ ਦੇਸ਼ ਵਿੱਚ ਕੰਮਕਾਜ ਠੱਪ ਪਏ ਹਨ ਅਤੇ ਪਰਵਾਸੀ ਮਜ਼ਦੂਰ ਬੇਰੁਜ਼ਗਾਰ ਹੋਣ ਕਾਰਨ ਆਪਣੇ ਘਰ ਵਾਪਸੀ ਲਈ ਪੱਬਾਂ ਭਾਰ ਹਨ।
ਇਸੇ ਤਹਿਤ ਬਠਿੰਡਾ ਦੇ ਕੁੱਝ ਪਰਵਾਸੀ ਮਜ਼ਦੂਰ ਡੀਸੀ ਬਠਿੰਡਾ ਦੀ ਰਿਹਾਇਸ਼ 'ਤੇ ਪਹੁੰਚੇ ਪਰ ਉਨ੍ਹਾਂ ਨੂੰ ਓਥੋਂ ਵੀ ਨਿਰਾਸ਼ ਹੀ ਜਾਣਾ ਪਿਆ। ਗੱਲਬਾਤ ਦੌਰਾਨ ਪਰਵਾਸੀਆਂ ਨੇ ਦੱਸਿਆ ਕਿ ਉਹ ਲੌਕਡਾਊਨ ਤੋਂ ਪਹਿਲਾਂ ਬਿਹਾਰ ਤੋਂ ਬਠਿੰਡਾ ਕੰਮਕਾਜ ਦੇ ਲਈ ਆਏ ਸੀ ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਅਜਿਹੇ ਹਾਲਾਤ ਇਨ੍ਹੇ ਵਿਗੜ ਜਾਣਗੇ।
ਉਨ੍ਹਾਂ ਆਪਣੀ ਹਾਲਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੰਮ ਨਾ ਹੋਣ ਕਾਰਨ ਉਨ੍ਹਾਂ ਕੋਲ ਖਾਣ ਪੀਣ ਅਤੇ ਰਾਸ਼ਨ ਲੋਣ ਲਈ ਨਾ ਤਾਂ ਪੈਸੇ ਹਨ ਅਤੇ ਨਾ ਹੀ ਕੋਈ ਸਾਰ ਲੈਣ ਵਾਲਾ। ਉਨ੍ਹਾਂ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਰੇਲ ਗੱਡੀ ਰਾਹੀਂ ਜ਼ਰੂਰਤਮੰਦਾਂ ਨੂੰ ਉਨ੍ਹਾਂ ਦੇ ਸੂਬੇ ਤੱਕ ਪਹੁੰਚਾਇਆ ਜਾਵੇਗਾ।
ਇਸ ਤਹਿਤ ਅਸੀਂ ਰੇਲ ਯਾਤਰਾ ਦੀ ਰਜਿਸਟ੍ਰੇਸ਼ਨ ਲਈ ਬਠਿੰਡਾ ਦੇ ਡਿਪਟੀ ਕਮਿਸ਼ਨਰ ਬੀ ਸ੍ਰੀਨਿਵਾਸਨ ਦੀ ਰਿਹਾਇਸ਼ 'ਤੇ ਪੁੱਜੇ ਸੀ ਪਰ ਉਨ੍ਹਾਂ ਸਾਨੂੰ ਇਹ ਕਹਿ ਕੇ ਵਾਪਿਸ ਮੋੜ ਦਿੱਤਾ ਗਿਆ ਹੈ ਕਿ 4 ਮਈ ਤੋਂ ਬਾਅਦ ਹੀ ਇਸ ਦੇ ਬਾਰੇ ਕੁਝ ਦੱਸਿਆ ਜਾ ਸਕਦਾ ਹੈ।
ਬਠਿੰਡਾ ਦੇ ਡਿਪਟੀ ਕਮਿਸ਼ਨਰ ਕੋਲ ਰੇਲ ਯਾਤਰਾ ਲਈ ਰਜਿਸਟ੍ਰੇਸ਼ਨ ਕਰਵਾਉਣ ਦੇ ਲਈ ਪਹੁੰਚੇ ਪਰਵਾਸੀ ਮਜ਼ਦੂਰਾਂ ਦਾ ਕਹਿਣਾ ਹੈ ਕਿ ਅਜਿਹੇ ਕਈ ਪਰਿਵਾਰ ਹਨ ਜੋ ਕੰਮਕਾਜ ਦੀ ਤਲਾਸ਼ ਵਿੱਚ ਆਏ ਸੀ ਹਾਲਾਤ ਇਹ ਹਨ ਕਿ ਉਨ੍ਹਾਂ ਕੋਲ ਕੋਈ ਵੀ ਪੈਸਾ ਨਹੀਂ ਹੈ ਪਰ ਫਿਰ ਵੀ ਉਹ ਆਪਣਾ ਸਮਾਂ ਗੁਜ਼ਾਰ ਰਹੇ ਹਨ।