ਬਠਿੰਡਾ: ਸ਼ਹਿਰ ਵਿੱਚ ਆਰੀਆ ਸਮਾਜ ਚੌਕ ਵਿੱਚ ਗੁਰੂ ਰਵਿਦਾਸ ਜੀ ਦੇ ਬੈਨਰ ਹਟਾਏ ਜਾਣ 'ਤੇ ਰਵਿਦਾਸ ਭਾਈਚਾਰੇ ਨੇ ਸੜਕ ਜਾਮ ਕਰ ਕੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਨਗਰ ਨਿਗਮ ਦੇ ਮੁਲਾਜ਼ਮਾਂ ਨੇ ਗੁਰੂ ਰਵਿਦਾਸ ਜੀ ਦੇ ਬੈਨਰ ਹਟਾ ਕੇ ਬੇਅਦਬੀ ਕੀਤੀ ਹੈ ਜਿਸ ਕਰਕੇ ਉਨ੍ਹਾਂ ਨੂੰ ਖ਼ੁਦ ਮਾਫ਼ੀ ਮੰਗਣੀ ਚਾਹੀਦੀ ਹੈ, ਨਹੀਂ ਤਾਂ ਇਸ ਦਾ ਨਤੀਜਾ ਠੀਕ ਨਹੀਂ ਹੋਵੇਗਾ। ਇਸ ਤੋਂ ਵੀ ਵੱਡੇ ਪੱਧਰ 'ਤੇ ਪ੍ਰਦਰਸ਼ਨ ਕੀਤਾ ਜਾਵੇਗਾ।
ਇਸ ਮੌਕੇ ਰਵਿਦਾਸ ਭਾਈਚਾਰੇ ਦਾ ਕਹਿਣਾ ਹੈ ਕਿ ਨਗਰ ਨਿਗਮ ਦੇ ਮੁਲਾਜ਼ਮਾਂ ਨੇ ਲੱਤਾਂ ਮਾਰ ਕੇ ਜਿਹੜੇ ਬੈਨਰ ਹਟਾਏ ਹਨ ਤੇ ਗੁਰੂ ਜੀ ਦੀ ਬੇਅਦਬੀ ਕੀਤੀ ਹੈ। ਇਸ ਦੇ ਚਲਦਿਆਂ ਉੁਨ੍ਹਾਂ ਵਿੱਚ ਕਾਫ਼ੀ ਰੋਸ ਹੈ। ਦੱਸ ਦਈਏ, ਬੈਨਰ ਹਟਾਉਣ ਕਰਕੇ ਵਿਵਾਦ ਇੰਨਾ ਜ਼ਿਆਦਾ ਵੱਧ ਗਿਆ ਕਿ ਸੜਕ ਜਾਮ ਕਾਰਨ ਆਵਾਜਾਈ ਕਾਫ਼ੀ ਪ੍ਰਭਾਵਿਤ ਹੋਈ। ਇਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਮੌਕੇ 'ਤੇ ਪਹੁੰਚ ਕੇ ਪ੍ਰਦਰਸ਼ਨ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ।


ਮਾਹੌਲ ਇੰਨਾ ਜ਼ਿਆਦਾ ਖ਼ਰਾਬ ਹੋ ਗਿਆ ਸੀ ਕਿ ਪੁਲਿਸ ਪ੍ਰਸ਼ਾਸਨ ਨੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀਆਂ ਦੇ ਆਉਣ 'ਤੇ ਗੱਲਬਾਤ ਕਰਕੇ ਮਾਮਲਾ ਸੁਲਝਾਇਆ ਜਾਵੇਗਾ। ਉੱਥੇ ਹੀ ਭਾਈਚਾਰੇ ਦੇ ਲੋਕਾਂ ਨੇ ਕਿਹਾ ਕਿ ਜਦੋਂ ਤੱਕ ਬੈਨਰ ਮੁੜ ਨਹੀਂ ਲਾਇਆ ਜਾਵੇਗਾ, ਉਦੋਂ ਤੱਕ ਸੰਘਰਸ਼ ਇਦਾਂ ਹੀ ਜਾਰੀ ਰਹੇਗਾ।
