ਬਠਿੰਡਾ: ਦਿਨ-ਦਿਹਾੜੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਆਮ ਹੀ ਹੋ ਗਈਆਂ ਹਨ, ਜਿਸ ਦਾ ਤਾਜ਼ਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਸਬਜ਼ੀ ਮੰਡੀ ਨੇੜੇ ਲੁਟੇਰਿਆਂ ਨੇ ਇੱਕ ਪ੍ਰਾਈਵੇਟ ਕੰਪਨੀ ਦੇ ਕਰਮਚਾਰੀ ਕੋਲੋਂ ਅੱਖਾਂ ਵਿੱਚ ਮਿਰਚਾਂ ਪਾ ਕੇ ਤਿੰਨ ਲੱਖ 90 ਹਜ਼ਾਰ ਰੁਪਏ ਲੁੱਟ ਲਏ। ਇਸ ਘਟਨਾ ਦੀ ਸੂਚਨਾ ਨਜ਼ਦੀਕੀ ਪੁਲਿਸ ਚੌਕੀ ਵਿੱਚ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।
ਮਾਮਲੇ ਦੀ ਪੜਤਾਲ ਕਰ ਰਹੇ ਜਾਂਚ ਅਧਿਕਾਰੀ ਰਾਜਪਾਲ ਸਿੰਘ ਦਾ ਕਹਿਣਾ ਹੈ ਕਿ ਘਟਨਾ ਬਾਅਦ ਦੁਪਹਿਰ ਦੀ ਹੈ ਜਿੱਥੇ ਸਤੀਸ਼ ਕੁਮਾਰ ਨਾਂ ਦਾ ਵਿਅਕਤੀ ਅਨਾਜ ਮੰਡੀ ਵਿੱਚ ਬਣੀ ਐਚਡੀਐਫ ਸੀ ਬੈਂਕ ਦੀ ਬ੍ਰਾਂਚ ਵਿੱਚੋਂ ਕੰਪਨੀ ਦੀ ਰਕਮ ਲੈ ਕੇ ਪਰਤ ਰਿਹਾ ਸੀ। ਇਸ ਤੋਂ ਬਾਅਦ ਸਤੀਸ਼ ਕੁਮਾਰ ਦੇ ਦੱਸਣ ਮੁਤਾਬਕ ਜਦੋਂ ਉਹ ਸਬਜ਼ੀ ਮੰਡੀ ਦੇ ਨਜ਼ਦੀਕ ਪਹੁੰਚਿਆ ਤਾਂ ਅਚਾਨਕ ਅਗਿਆਤ ਵਿਅਕਤੀ ਨੇ ਉਸ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਦਿੱਤੀਆਂ ਅਤੇ ਉਸ ਦੇ ਸਾਰੇ ਪੈਸੇ ਲੁੱਟਕੇ ਲੈ ਗਏ। ਘਟਨਾ ਤੋਂ ਬਾਅਦ ਦੋਸ਼ੀ ਫ਼ਰਾਰ ਹੋ ਗਏ।
ਪੁਲਿਸ ਗੰਭੀਰਤਾ ਨਾਲ ਮਾਮਲੇ ਦੀ ਪੜਤਾਲ ਕਰ ਰਹੀ ਏ ਤਾਂ ਜੋ ਪਤਾ ਲੱਗ ਸਕੇ ਕਿ ਕਿਤੇ ਇਹ ਸੋਚੀ ਸਮਝੀ ਸਾਜਸ਼ ਤਾਂ ਨਹੀਂ ਸੀ। ਪਰ ਹਾਲੇ ਤੱਕ ਅਜਿਹਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ ਅਤੇ ਸੀਸੀਟੀਵੀ ਦੀ ਮਦਦ ਨਾਲ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।