ਬਠਿੰਡਾ: ਸਰਹੰਦ ਨਦੀ ਦੇ ਕਿਨਾਰੇ ਸੜਕ 'ਤੇ ਲਾਈਟਾਂ ਨਾਂ ਹੋਣ ਕਾਰਨ ਰਾਤ ਨੂੰ ਨਜ਼ਾਰਾ ਖੌਫਨਾਕ ਹੋ ਜਾਂਦਾ ਹੈ। ਰਾਤ ਵੇਲੇ ਇਸ ਰਸਤੇ ਤੋਂ ਗੁਜ਼ਰਨ ਵਾਲੇ ਰਾਹਗੀਰ ਹਨੇਰਾ ਹੋਣ ਤੋਂ ਪਹਿਲਾਂ ਆਪਣੇ ਪਿੰਡ ਨੂੰ ਪਰਤ ਜਾਂਦੇ ਹਨ। ਸਰਹੱਦ ਨਦੀ ਦੇ ਕਿਨਾਰੇ ਬਣੀ ਇਹ ਸੜਕ ਜੋਗਾਨੰਦ ,ਗੋਬਿੰਦਪੁਰਾ ਵਰਗੇ ਕਈ ਪਿੰਡਾਂ ਨੂੰ ਜੋੜਦੀ ਹੈ ਜਿੱਥੋਂ ਪਿੰਡ ਵਾਸੀ ਆਪਣੇ ਕੰਮਕਾਜਾਂ ਲਈ ਪਿੰਡ ਤੋਂ ਸ਼ਹਿਰ ਨੂੰ ਆਉਂਦੇ ਹਨ ਪਰ ਉਨ੍ਹਾਂ ਦੀ ਇੱਕ ਮਜਬੂਰੀ ਇਹ ਬਣੀ ਹੋਈ ਹੈ ਕੀ ਉਨ੍ਹਾਂ ਨੂੰ ਆਪਣੇ ਕੰਮ ਹਨੇਰਾ ਹੋਣ ਤੋਂ ਪਹਿਲਾਂ ਕਰਨੇ ਪੈਂਦੇ ਹਨ ਤੇ ਹਨੇਰਾ ਹੋਣ ਤੋਂ ਪਹਿਲਾਂ ਹੀ ਆਪਣੇ ਘਰ ਪਰਤਣਾ ਪੈਂਦਾ ਹੈ।
ਪਿੰਡਾਂ ਵਿੱਚੋਂ ਦੁੱਧ ਸ਼ਹਿਰਾਂ ਤੱਕ ਲੈ ਕੇ ਆਉਣ ਵਾਲੇ ਦੋਧੀਆਂ ਨੂੰ ਵੀ ਹਨੇਰਾ ਹੋਣ ਤੋਂ ਪਹਿਲਾਂ ਮੁੜਨਾ ਪੈਂਦਾ ਹੈ ਕਿਉਂਕਿ ਇਸ ਸੜਕ 'ਤੇ ਲੱਗੀਆਂ ਸਟ੍ਰੀਟ ਲਾਈਟਾਂ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਤੋੜ ਦਿੱਤੀਆਂ ਗਈਆਂ ਸਨ। ਇਸ ਤੋਂ ਬਾਅਦ ਕਦੇ ਇਨ੍ਹਾਂ ਲਾਈਟਾਂ ਦੀ ਮੁਰੰਮਤ ਵੀ ਨਹੀਂ ਕੀਤੀ ਗਈ ਅਤੇ ਇਸ ਹਨੇਰੇ ਦਾ ਫ਼ਾਇਦਾ ਚੁੱਕਣ ਵਾਲੇ ਕਈ ਸ਼ਰਾਰਤੀ ਅਨਸਰਾਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਇਸ ਸਬੰਧੀ ਐਸ.ਐਸ.ਪੀ. ਨਾਨਕ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਸੜਕ ਦੀਆਂ ਸਟ੍ਰੀਟ ਲਾਈਟਾਂ ਨੂੰ ਮਿਊਂਸੀਪਲ ਕਾਰਪੋਰੇਸ਼ਨ ਦੇ ਨਾਲ ਗੱਲਬਾਤ ਕਰਕੇ ਜਲਦ ਠੀਕ ਕਰਵਾਇਆ ਜਾਵੇਗਾ ਤਾਂ ਜੋ ਲੁੱਟਾਂ ਖੋਹ ਦੀਆਂ ਵਾਰਦਾਤਾਂ ਨੂੰ ਠੱਲ ਪਾਈ ਜਾ ਸਕੇ।