ਬਠਿੰਡਾ : ਪਿੰਡ ਦਿਉਣ ਖੁਰਦ ਵਿਖੇ ਪਿੰਡ ਦੇ ਸਰਪੰਚ ਉੱਪਰ ਪੁਲਿਸ ਪ੍ਰਸ਼ਾਸਨ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਇਸਦੇ ਵਿਰੋਧ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂਆਂ ਵੱਲੋਂ ਪਿੰਡ ਦੇ ਖਰੀਦ ਕੇਂਦਰ ਵਿੱਚ ਵੱਡਾ ਇਕੱਠ ਰੱਖਿਆ ਗਿਆ, ਜਿਸ ਵਿੱਚ ਫੈਸਲਾ ਲਿਆ ਗਿਆ ਹੈ ਕਿ ਜੇਕਰ ਬਠਿੰਡਾ ਪੁਲਿਸ ਸਰਪੰਚ ਅਤੇ ਦਰਜਨਾਂ ਅਣਪਛਾਤੇ ਵਿਅਕਤੀਆਂ ਵਿਰੁੱਧ ਦਰਜ ਕੀਤਾ ਪਰਚਾ ਰੱਦ ਨਹੀਂ ਕਰਦੀ ਤਾਂ ਪਿੰਡ ਵਾਸੀਆਂ ਵੱਲੋਂ ਪੁਲਿਸ ਥਾਣਾ ਸਦਰ ਬਠਿੰਡਾ ਦਾ ਘਿਰਾਓ ਕੀਤਾ ਜਾਵੇਗਾ। ਇਸ ਦੌਰਾਨ ਦਿਉਣ ਖੁਰਦ ਵਾਸੀਆਂ ਵੱਲੋਂ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਰੋਸ ਰੈਲੀ ਵੀ ਕੱਢੀ ਗਈ। ਇਸ
ਪੁਲਿਸ ਮੁਖੀ ਨੇ ਕੀਤਾ ਸੀ ਐਲਾਨ : ਇਸ ਮੌਕੇ ਸਦਰ ਬਠਿੰਡਾ ਵੱਲੋਂ ਬਣਾਈ ਨਸ਼ਾ ਵਿਰੋਧੀ ਕਮੇਟੀ ਦੇ ਜਗਤਾਰ ਸਿੰਘ, ਸੇਵਕ ਸਿੰਘ ਨੇ ਦੱਸਿਆ ਕਿ ਪੁਲਿਸ ਮੁਖੀ ਵਿਨੀਤ ਅਲਾਵਤ ਵੱਲੋਂ ਪਿੰਡ ਦਿਉਣ ਖੁਰਦ ਵਿੱਚ ਨਸ਼ਿਆਂ ਉੱਪਰ ਕੰਟਰੋਲ ਕਰਨ ਲਈ ਨਸ਼ਾ ਵਿਰੋਧੀ 35 ਮੈਂਬਰੀ ਕਮੇਟੀ ਬਣਾਈ ਗਈ ਸੀ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਜੇਕਰ ਰਾਤ ਸਮੇਂ ਕੋਈ ਵੀ ਤੁਹਾਨੂੰ ਸ਼ੱਕੀ ਵਿਅਕਤੀ ਤੁਹਾਡੇ ਪਿੰਡ ਵਿੱਚ ਮਿਲਦਾ ਹੈ ਤਾਂ ਉਸਨੂੰ ਫੜਕੇ ਫੋਨ ਕੀਤਾ ਜਾਵੇ। ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪਿਛਲੇ ਦਿਨੀਂ ਰਾਤ ਸਮੇਂ ਜਦੋਂ ਪੁਲਿਸ ਦਾ ਥਾਣੇਦਾਰ ਹੀ ਸ਼ੱਕੀ ਨਜ਼ਰ ਵਿੱਚ ਦਿਉਣ ਦੇ ਖਰੀਦ ਕੇਂਦਰ ਵਿੱਚ ਘੁੰਮਦਾ ਨਸ਼ਾ ਵਿਰੋਧੀ ਕਮੇਟੀ ਨੇ ਵੇਖਿਆ ਤਾਂ ਉਨ੍ਹਾਂ ਨੇ ਥਾਣੇਦਾਰ ਨੂੰ ਰਾਤ ਸਮੇਂ ਇੱਥੇ ਖੜ੍ਹਾ ਦੇਖ ਕੇ ਸਵਾਲ ਕੀਤੇ ਤਾਂ ਉਹ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕਿਆ।
ਥਾਣੇਦਾਰ ਕੀਤਾ ਸੀ ਪੁਲਿਸ ਹਵਾਲੇ : ਉਨ੍ਹਾਂ ਕਿਹਾ ਕਿ ਕਮੇਟੀ ਦੇ ਮੈਂਬਰਾਂ ਨੇ ਘਟਨਾ ਸਥਾਨ ਉੱਤੇ ਸਰਪੰਚ ਸੋਹਣ ਸਿੰਘ ਟੋਨੀ ਨੂੰ ਬੁਲਾ ਲਿਆ ਗਿਆ। ਜਿਸ ਉੱਤੇ ਥਾਣੇਦਾਰ ਦੀ ਪਹਿਚਾਣ ਪੁਲਿਸ ਚੌਂਕੀ ਕਿਲੀ ਨਿਹਾਲ ਸਿੰਘ ਵਾਲਾ ਇੰਚਾਰਜ ਰਾਜਪਾਲ ਸਿੰਘ ਵਜੋਂ ਹੋਈ ਸੀ ਅਤੇ ਸਰਪੰਚ ਨੇ ਪੁਲਿਸ ਥਾਣਾ ਸਦਰ ਦੇ ਇੰਚਾਰਜ ਨੂੰ ਰਾਤ ਸਮੇਂ ਘਟਨਾ ਸਥਾਨ ਉਪਰ ਬੁਲਾ ਲਿਆ ਗਿਆ। ਥਾਣੇਦਾਰ ਨੂੰ ਪੁਲਿਸ ਪਾਰਟੀ ਦੇ ਹਵਾਲੇ ਕੀਤਾ ਗਿਆ ਪਰ ਦੂਜੇ ਦਿਨ ਪਤਾ ਚੱਲਿਆ ਕਿ ਪੁਲਿਸ ਥਾਣਾ ਸਦਰ ਵੱਲੋਂ ਉਕਤ ਥਾਣੇਦਾਰ ਉੱਪਰ ਕਾਰਵਾਈ ਕਰਨ ਦੀ ਬਜਾਏ ਪਿੰਡ ਦੇ ਸਰਪੰਚ ਸੋਹਣ ਸਿੰਘ ਟੋਨੀ ਅਤੇ ਪਿੰਡ ਦੇ ਦਰਜਨਾਂ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।
ਬੀਕੇਯੂ ਏਕਤਾ ਸਿੱਧੂਪੁਰ ਦੇ ਆਗੂ ਰਾਮ ਸਿੰਘ ਬਰਾੜ ਨੇ ਪੁਲਿਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਪੰਚ ਸੋਹਣ ਸਿੰਘ ਟੋਨੀ ਸਮੇਤ ਦਰਜਨਾਂ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਰੱਦ ਨਹੀਂ ਕੀਤਾ ਜਾਂਦਾ ਤਾਂ ਅਗਲੇ ਦਿਨਾਂ ਵਿੱਚ ਉਹ ਵੱਡੇ ਪੱਧਰ ਤੇ ਥਾਣਾ ਸਦਰ ਬਠਿੰਡਾ ਦਾ ਘਿਰਾਓ ਕਰਨਗੇ।