ਬਠਿੰਡਾ: ਪੰਜਾਬ-ਹਰਿਆਣਾ ਹਾਈ ਕੋਰਟ ਦੇ ਸਖ਼ਤ ਨਿਰਦੇਸ਼ਾਂ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਬੁਲਟ ਮੋਟਰਸਾਈਕਲ ਦੇ ਸਲੰਸਰ ਬਦਲਾ ਕੇ ਪਟਾਕੇ ਪਾਉਣ ਵਾਲਿਆਂ ਅਤੇ ਪ੍ਰੈਸ਼ਰ ਹੋਰਨ ਲਵਾ ਕੇ ਅਵਾਜ਼ ਦਾ ਪ੍ਰਦੂਸ਼ਣ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਆਰੰਭ ਦਿੱਤੀ ਗਈ ਹੈ। ਪੰਜਾਬ ਦੇ ਏਡੀਜੀਪੀ ਟ੍ਰੈਫਿਕ ਵੱਲੋਂ ਸਮੂਹ ਐਸਐਸਪੀ ਨੂੰ ਪੱਤਰ ਜਾਰੀ ਕਰਦੇ ਹੋਏ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ਕਿ ਜਿਹੜੇ ਲੋਕ ਬੁਲਟ ਮੋਟਰਸਾਈਕਲ ਦੇ ਸਲੰਸਰ ਬਦਲਾ ਕੇ ਬੁਲਟ ਉੱਤੇ ਪਟਾਕੇ ਪਾਉਦੇ ਹਨ ਅਤੇ ਉੱਚੀ-ਉੱਚੀ ਹੋਰਨ ਵਜਾ ਕੇ ਹਵਾ ਵਿੱਚ ਪ੍ਰਦੂਸ਼ਣ ਪੈਦਾ ਕਰਦੇ ਹਨ, ਉਨ੍ਹਾਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਪੁਲਿਸ ਸਖ਼ਤ, ਕੱਟੇ ਜਾ ਰਹੇ ਚਲਾਨ: ਬਠਿੰਡਾ ਪੁਲਿਸ ਦੇ ਟਰੈਫਿਕ ਇੰਚਾਰਜ ਅਮਰੀਕ ਸਿੰਘ ਨੇ ਦੱਸਿਆ ਕਿ ਬੁਲਟ ਮੋਟਰਸਾਈਕਲ ਉੱਤੇ ਪਟਾਕੇ ਪਾਉਣ ਅਤੇ ਉੱਚੀ-ਉੱਚੀ ਹਾਰਨ ਵਜਾਉਣ ਵਾਲੇ ਲੋਕਾਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਬਠਿੰਡਾ ਪੁਲਿਸ ਨੇ ਟਰੈਫਿਕ ਇੰਚਾਰਜ ਅਮਰੀਕ ਸਿੰਘ ਨੇ ਦੱਸਿਆ ਕਿ ਹੁਣ ਤੱਕ 125 ਦੇ ਕਰੀਬ ਬੁਲਟ ਮੋਟਰਸਾਈਕਲ ਜਿਨ੍ਹਾਂ ਦੇ ਸਲੰਸਰ ਬਦਲੇ ਗਏ ਹਨ, ਦੇ ਚਲਾਨ ਕੀਤੇ ਗਏ ਹਨ।
ਵਰਕਸ਼ਾਪ ਵਾਲਿਆਂ ਨੂੰ ਵੀ ਹਿਦਾਇਤਾਂ: ਇਸ ਤੋਂ ਇਲਾਵਾ 11 ਬੁਲਟ ਮੋਟਰਸਾਈਕਲ ਮੋਟਰ ਵਹੀਕਲ ਐਕਟ 207 ਅਧੀਨ ਬੰਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਫਿਲਹਾਲ ਉਨ੍ਹਾਂ ਵੱਲੋਂ ਬੁਲਟ ਮੋਟਰਸਾਈਕਲ ਤੇ ਮੈਕੇਨਿਕਾਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਕਿ ਉਹ ਮੋਟਰ ਸਾਈਕਲਾਂ ਦੇ ਸਲੰਸਰ ਨਾ ਬਦਲਣ, ਜੇਕਰ ਅਜਿਹਾ ਕਰਦੇ ਪਾਏ ਗਏ ਤਾਂ ਉਨ੍ਹਾਂ ਖਿਲਾਫ ਧਾਰਾ 188 ਅਧੀਨ ਕਾਰਵਾਈ ਕੀਤੀ ਜਾਵੇਗੀ ਜਿਸ ਵਿੱਚ ਉਨ੍ਹਾਂ ਨੂੰ 6 ਮਹੀਨੇ ਤੱਕ ਦੀ ਸਜ਼ਾ ਅਤੇ 1 ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਅਵਾਜ਼ ਦੇ ਪ੍ਰਦੂਸ਼ਣ ਕਾਰਨ ਬੁਜ਼ੁਰਗ ਅਤੇ ਮਰੀਜ਼ਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਭੀੜ ਵਾਲੇ ਇਲਾਕੇ ਵਿੱਚ ਬੁਲਟ ਦੇ ਪਟਾਕੇ ਪਾਉਣ ਕਾਰਨ ਕਿਸੇ ਵੱਡੇ ਇਸ ਹਾਦਸੇ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਦਿਲ ਦੇ ਮਰੀਜ਼ਾਂ ਲਈ ਇਹ ਆਵਾਜ਼ ਪ੍ਰਦੂਸ਼ਣ ਸਭ ਤੋਂ ਵੱਧ ਖ਼ਤਰਨਾਕ ਹੁੰਦਾ ਹੈ ਇਸ ਲਈ ਉਨ੍ਹਾਂ ਵੱਲੋਂ ਇਹ ਕਾਰਵਾਈ ਕੀਤੀ ਜਾਵੇਗੀ।
ਵਰਕਸ਼ਾਪ ਵਾਲਿਆਂ ਵਲੋਂ ਹੁਣ ਸਲੰਸਰ ਬਦਲਣ ਦੀ ਨਾਂਹ !: ਬੁਲਟ ਮੋਟਰਸਾਈਕਲ ਦੇ ਮੈਕੇਨਿਕ ਪਾਲੀ ਅਤੇ ਅਮਰੀਕ ਸਿੰਘ ਨੇ ਦੱਸਿਆ ਉਨ੍ਹਾਂ ਵੱਲੋਂ ਬੁਲਟ ਮੋਟਰਸਾਈਕਲ ਦੇ ਸਲੰਸਰ ਬਦਲਣਾ, ਪ੍ਰਸ਼ਾਸਨ ਦੀਆਂ ਹਦਾਇਤਾਂ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹਰ ਰੋਜ਼ ਉਨ੍ਹਾਂ ਕੋਲ ਅਜਿਹੇ ਗਾਹਕ ਆਉਂਦੇ ਹਨ, ਜਿਨ੍ਹਾਂ ਵੱਲੋਂ ਆਪਣੇ ਬੁਲਟ ਮੋਟਰਸਾਈਕਲਾਂ ਦੇ ਸਲੰਸਰ ਬਦਲਣ ਦੀ ਮੰਗ ਕੀਤੀ ਜਾਂਦੀ ਹੈ, ਪਰ ਉਨ੍ਹਾਂ ਵੱਲੋਂ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਮਨਾ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਬੁਲਟ ਮੋਟਰਸਾਈਕਲ ਦਾ ਸਲੰਸਰ ਬਦਲਣ ਨਾਲ ਆਵਾਜ਼ ਦਾ ਪ੍ਰਦੂਸ਼ਣ ਵੱਧ ਜਾਂਦਾ ਹੈ, ਜੋ ਨਵੀ ਨੌਜਵਾਨ ਪੀੜੀ ਹੈ ਉਹ ਸ਼ੌਂਕ ਦੇ ਤੌਰ ਉੱਤੇ ਅਜਿਹਾ ਮੋਡੀਫਾਈ ਕਰਦੇ ਹਨ।
ਕੀ ਕਹਿਣਾ ਹੈ ਕੰਨਾਂ ਦੇ ਮਾਹਿਰ ਡਾਕਟਰ ਦਾ: ਅਵਾਜ਼ ਦੇ ਪ੍ਰਦੂਸ਼ਣ ਨਾਲ ਹੋਣ ਵਾਲੀਆਂ ਘਾਤਕ ਬਿਮਾਰੀਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਕੰਨ ਅਤੇ ਗਲੇ ਦੇ ਮਾਹਿਰ ਡਾਕਟਰ ਰਾਜਿਤ ਸ਼ਰਮਾ ਨੇ ਦੱਸਿਆ ਕਿ ਉੱਚੀ ਆਵਾਜ਼ ਸੁਣਨ ਨਾਲ ਕੰਨ ਦੀਆਂ ਨਸਾਂ ਕਮਜ਼ੋਰ ਹੋ ਜਾਂਦੀਆਂ ਹਨ, ਜੋ ਕਿ ਦਿਮਾਗ ਨਾਲ ਜੁੜੀਆਂ ਹੋਈਆਂ ਹੁੰਦੀਆਂ ਹਨ। ਇਸ ਕਾਰਨ ਮਨੁੱਖ ਨੂੰ ਕੰਨਾਂ ਵਿੱਚ ਹਰ ਸਮੇਂ ਖੜਕਾ ਸੁਣਾਈ ਦਿੰਦਾ ਹੈ ਅਤੇ ਉਸ ਨੂੰ ਸੌਣ ਸਮੇਂ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।। ਇਸ ਦਾ ਦਿਮਾਗ ਉੱਤੇ ਵੀ ਅਸਰ ਪੈਂਦਾ ਹੈ।
ਖ਼ਤਮ ਹੋ ਸਕਦੀ ਹੈ ਸੁਣਨ ਸ਼ਕਤੀ: ਡਾਕਟਰ ਰਾਜਿਤ ਨੇ ਦੱਸਿਆ ਕਿ ਆਮ ਮਨੁੱਖ ਲਈ 80 ਤੋਂ 90 ਡੇਸੀਬਾਲ ਤਕ ਆਵਾਜ਼ ਦਾ ਪ੍ਰਦੂਸ਼ਣ ਘੱਟ ਸਾਬਤ ਹੁੰਦਾ ਗਈ, ਪਰ ਜੇਕਰ ਅਵਾਜ ਦਾ ਪ੍ਰਦੂਸ਼ਣ 100 ਤੋਂ 120 ਡੇਸੀਬਾਲ ਤੱਕ ਚਲਾ ਜਾਵੇ, ਤਾਂ ਮਨੁੱਖ ਦੀ ਸੁਣਨ ਸ਼ਕਤੀ ਖ਼ਤਮ ਹੋ ਜਾਂਦੀ ਹੈ। ਅਜਿਹਾ ਹੋਣ ਉੱਤੇ ਮਰੀਜ਼ ਦੀ ਨਾ ਹੀ ਸਰਜਰੀ ਕੀਤੀ ਜਾ ਸਕਦੀ ਹੈ, ਨਾ ਹੀ ਉਸ ਦਾ ਆਪ੍ਰੇਸ਼ਨ ਸੰਭਵ ਹੈ। ਸਿਰਫ਼ ਦਵਾਈਆਂ ਰਾਹੀਂ ਹੀ ਮਰੀਜ਼ ਦਾ ਇਲਾਜ ਕੀਤਾ ਜਾ ਸਕਦਾ ਹੈ, ਪਰ ਉਹ ਵੀ ਕਈ ਵਾਰ ਸਫ਼ਲ ਨਹੀਂ ਹੁੰਦਾ।
ਡਾਕਟਰ ਰਾਜਿਤ ਨੇ ਦੱਸਿਆ ਕਿ ਰੋਜ਼ਾਨਾ ਉਨ੍ਹਾਂ ਕੋਲ 4 ਤੋਂ 5 ਮਰੀਜ਼ ਆ ਰਹੇ ਹਨ, ਜਿਨ੍ਹਾਂ ਨੂੰ ਆਵਾਜ਼ ਦੇ ਪ੍ਰਦੂਸ਼ਨ ਕਾਰਨ ਕੰਨਾਂ ਵਿੱਚ ਸ਼ਾਂ-ਸ਼ਾਂ ਦੀ ਆਵਾਜ਼ ਆਉਂਦੀ ਹੈ। ਅਸੀਂ ਰਿਸਰਚ ਦੇ ਅਧਾਰ ਉੱਤੇ ਇਨ੍ਹਾਂ ਮਰੀਜ਼ਾਂ ਨੂੰ ਦਵਾਈ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਆਵਾਜ਼ ਪ੍ਰਦੂਸ਼ਣ ਦਿਲ ਦੇ ਮਰੀਜ਼ਾਂ ਲਈ ਵੀ ਬਹੁਤ ਜ਼ਿਆਦਾ ਘਾਤਕ ਹੈ, ਜਿਨ੍ਹਾਂ ਵਿਅਕਤੀਆਂ ਦੇ ਦਿਲ ਕਮਜ਼ੋਰ ਹੁੰਦੇ ਹਨ, ਉਹ ਅਵਾਜ਼ ਦੇ ਪ੍ਰਦੂਸ਼ਣ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ।