ਬਠਿੰਡਾ: ਕੇਂਦਰ ਸਰਕਾਰ 1 ਫਰਵਰੀ ਨੂੰ ਆਮ ਬਜਟ ਪੇਸ਼ ਕਰੇਗੀ ਜਿਸ ਨੂੰ ਲੈ ਕੇ ਸ਼ਹਿਰ ਵਿੱਚ ਵੱਖ-ਵੱਖ ਵਰਗ ਦੇ ਲੋਕਾਂ ਨੂੰ ਕੇਂਦਰ ਸਰਕਾਰ ਤੋਂ ਕਾਫੀ ਉਮੀਦਾਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਨੇ ਸਵਾਮੀਨਾਥਨ ਰਿਪੋਰਟ ਅਤੇ ਕਰਜ਼ਾ ਮੁਆਫੀ ਦੀ ਗੱਲ ਆਖੀ ਸੀ ਪਰ ਅਜੇ ਤੱਕ ਨਾ ਤਾਂ ਸਵਾਮੀਨਾਥਨ ਰਿਪੋਰਟ ਲਾਗੂ ਹੋਈ ਹੈ ਅਤੇ ਨਾ ਹੀ ਕਿਸਾਨਾਂ ਦਾ ਅਤੇ ਮਜ਼ਦੂਰਾਂ ਦਾ ਕਰਜ਼ਾ ਮੁਆਫ਼ ਹੋਇਆ ਹੈ।
ਇਸ ਦੇ ਨਾਲ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਕਿਸਾਨ ਲਗਾਤਾਰ ਖੁਦਕੁਸ਼ੀਆਂ ਕਰ ਰਿਹਾ ਹੈ। ਕਿਸਾਨ ਨੇਤਾਵਾਂ ਨੇ ਕਿਹਾ ਕਿ ਜੇਕਰ ਬਜਟ ਵਿੱਚ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਸਾਰ ਨਹੀਂ ਲਈ ਤਾਂ ਉਹ ਕੇਂਦਰ ਸਰਕਾਰ ਦੇ ਖਿਲਾਫ ਸੰਘਰਸ਼ ਕਰਨਗੇ। ਹੋਰ ਬੋਲਦਿਆਂ ਉਨ੍ਹਾਂ ਕਿਹਾ ਪੰਜਾਬ ਦਾ ਕਿਸਾਨ ਦੇਸ਼ ਦਾ ਅੰਨਦਾਤਾ ਹੈ ਅਤੇ ਜੇ ਅੰਨਦਾਤਾ ਹੀ ਭੁੱਖਾ ਰਿਹਾ ਤਾਂ ਦੇਸ਼ ਨੂੰ ਉਹ ਦੇਸ਼ ਨੂੰ ਕਿਵੇਂ ਬਚਾਏਗਾ।
ਇਹ ਵੀ ਪੜ੍ਹੋ: ਬਜਟ 2020: ਲੁਧਿਆਣਾ ਦੇ ਛੋਟੇ ਵਪਾਰੀਆਂ ਨੂੰ ਕੀ ਹੈ ਆਸ?
ਬਜਟ ਬਾਰੇ ਕਾਲਜ 'ਚ ਪੜ੍ਹਦੀ ਵਿਦਿਆਰਥਣ ਦਾ ਕਹਿਣਾ ਹੈ ਕਿ ਬਜਟ ਵਿੱਚ ਸਿੱਖਿਆ ਲਈ ਵੱਧ ਬਜਟ ਰੱਖਣਾ ਚਾਹੀਦਾ ਹੈ ਤਾਂ ਕਿ ਵਿਦਿਆਰਥੀਆਂ ਨੂੰ ਚੰਗੀ ਪੜ੍ਹਾਈ ਮਿਲ ਸਕੇ ਅਤੇ ਜ਼ਰੂਰਤਮੰਦ ਵਿਦਿਆਰਥੀ ਖ਼ਾਸ ਕਰਕੇ ਦਲਿਤ ਬੱਚਿਆਂ ਨੂੰ ਵਜੀਫਾ ਮਿਲ ਸਕੇ।
ਸੀਪੀਆਈ ਦੇ ਨੇਤਾ ਜਗਜੀਤ ਸਿੰਘ ਜੋਗਾ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਇੰਡਸਟਰੀ ਦਾ ਬੁਰਾ ਹਾਲ ਹੈ। ਇਸ ਕਰਕੇ ਬਜਟ ਵਿੱਚ ਇੰਡਸਟਰੀ ਲਈ ਵਿਸ਼ੇਸ਼ ਸਕੀਮਾਂ ਰੱਖੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਪੰਜਾਬ ਵਿੱਚ ਇੰਡਸਟਰੀ ਨੂੰ ਬਚਾਇਆ ਜਾ ਸਕੇ।
ਉਨ੍ਹਾਂ ਇਹ ਵੀ ਕਿਹਾ ਕਿ ਮਨਰੇਗਾ ਦੇ ਤਹਿਤ ਵੀ ਬਜਟ ਵਧਾਉਣਾ ਚਾਹੀਦਾ ਹੈ ਤਾਂ ਕਿ ਪਿੰਡਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਰੁਜ਼ਗਾਰ ਮਿਲ ਸਕੇ।