ਬਠਿੰਡਾ: ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਰਕਾਰ ਵੱਲੋਂ ਤਾਲਾਬੰਦੀ ਕੀਤੀ ਗਈ ਸੀ ਜਿਸ ਕਾਰਨ ਸਾਰੇ ਕੰਮਕਾਰ ਠੱਪ ਪਏ ਸੀ ਅਤੇ ਬੈਂਕਾਂ ਦੇ ਕੰਮਕਾਜ ਵਿੱਚ ਵੀ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ। ਹੁਣ ਇਹ ਸਾਰੀਆਂ ਪੰਬਾਦੀਆਂ ਹਟਾ ਦਿੱਤੀਆਂ ਗਈਆਂ ਹਨ ਅਤੇ ਆਮ ਦਿਨਾਂ ਵਾਂਗ ਹੀ ਬੈਂਕ ਰੋਜ਼ਾਨਾ ਖੁੱਲ੍ਹ ਰਹੇ ਹਨ ਤੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆ ਰਹੀ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਬਠਿੰਡਾ ਤੋਂ ਇੱਕ ਪ੍ਰਾਈਵੇਟ ਬੈਂਕ ਦੇ ਮੈਨੇਜਰ ਨੇ ਦੱਸਿਆ ਕਿ ਜਦੋਂ ਦਾ ਕੋਵਿਡ-19 ਕਰਕੇ ਕਰਫਿਊ ਲੱਗਿਆ ਹੈ ਉਦੋਂ ਤੋਂ ਹੀ ਬੈਂਕਾਂ ਦਾ ਕੰਮਕਾਜ ਹੁੰਦਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਬਠਿੰਡਾ ਦੇ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ਅਨੁਸਾਰ ਹੀ ਬੈਂਕ ਖੁੱਲ੍ਹਦੇ ਸਨ। ਪਹਿਲਾਂ ਹਫ਼ਤੇ ਵਿੱਚ ਇੱਕ ਦਿਨ ਬੈਂਕ ਖੁੱਲ੍ਹਦਾ ਸੀ ਤੇ ਬਾਅਦ ਵਿੱਚ ਡਿਮਾਂਡ ਮੁਤਾਬਕ ਹਫ਼ਤੇ ਵਿੱਚ ਤਿੰਨ ਦਿਨ ਬੈਂਕ ਖੁੱਲ੍ਹਦੇ ਸਨ ਅਤੇ ਪੰਜਾਹ ਫੀਸਦੀ ਸਟਾਫ ਹੀ ਬੈਂਕ ਵਿੱਚ ਕੰਮਕਾਜ ਕਰਨ ਲਈ ਬੁਲਾਇਆ ਜਾ ਸਕਦਾ ਸੀ ਤਾਂ ਕਿ ਸਮਾਜਿਕ ਦੂਰੀ ਬਣੀ ਰਹੇ। ਹੁਣ ਸਾਰਾ ਸਟਾਫ਼ ਬੈਂਕ ਵਿੱਚ ਆ ਰਿਹਾ ਹੈ।
ਇੱਕ ਰਿਟਾਇਰਡ ਸਪਰੀਟੈਂਡੇਂਟ ਡੀ ਆਰ ਗਾਂਧੀ ਨੇ ਦੱਸਿਆ ਕਿ ਉਹ ਸਰਕਾਰੀ ਨੌਕਰੀ ਕਰਦੇ ਸਨ ਪਰ ਹੁਣ ਉਹ ਰਿਟਾਇਰ ਹਨ। ਕਰਫ਼ਿਊ ਤੋਂ ਬਾਅਦ ਪੈਸੇ ਕਢਵਾਉਣ ਲਈ ਜ਼ਰੂਰ ਕੁਝ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਪਰ ਹੁਣ ਹਾਲਾਤ ਬਦਲ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਵੀ ਉਹ ਹੁਣ ਬੈਂਕ ਕਿਸੇ ਕੰਮਕਾਜ ਨੂੰ ਜਾਂਦੇ ਹਨ ਤਾਂ ਪਹਿਲਾਂ ਵਾਂਗੂ ਭੀੜ ਉਨ੍ਹਾਂ ਨੂੰ ਨਹੀਂ ਦਿਖਾਈ ਦਿੰਦੀ।
ਇੰਡੀਅਨ ਗੈਸ ਏਜੰਸੀ ਦੀ ਡੀਲਰ ਰੁਪਿੰਦਰ ਕੌਰ ਦਾ ਕਹਿਣਾ ਹੈ ਕਿ ਗੈਸ ਏਜੰਸੀ ਦਾ ਬੈਂਕਾਂ ਨਾਲ ਕਾਫ਼ੀ ਵਾਹ ਪੈਂਦਾ ਹੈ। ਜਦੋਂ ਕਰਫ਼ਿਊ ਲੱਗਿਆ ਤਾਂ ਹਰ ਵਿਅਕਤੀ ਇੱਕ ਵਾਧੂ ਸਿਲੰਡਰ ਆਪਣੇ ਘਰ ਵਿੱਚ ਰੱਖ ਰਿਹਾ ਸੀ ਜਦ ਕਿ ਪਿੰਡਾਂ ਵਿੱਚ ਰਹਿਣ ਵਾਲੇ ਕਸਟਮਰਾਂ ਨੇ ਗੈਸ ਦੀ ਮੰਗ ਨਾ ਦੇ ਬਰਾਬਰ ਕੀਤੀ। ਰੁਪਿੰਦਰ ਕੌਰ ਦਾ ਕਹਿਣਾ ਹੈ ਕਿ ਗੈਸ ਕੁਨੈਕਸ਼ਨ ਕਿਸੇ ਨਾ ਕਿਸੇ ਬੈਂਕ ਨਾਲ ਜੁੜਿਆ ਹੁੰਦਾ ਹੈ ਕਿਉਂਕਿ ਕਸਟਮਰ ਦੀ ਸਬਸਿਡੀ ਬੈਂਕਾਂ ਵਿੱਚ ਹੀ ਆਉਂਦੀ ਹੈ। ਹੁਣ ਸਿਲੰਡਰ ਲੈਣ ਵਾਸਤੇ ਕਿਸੇ ਤਰ੍ਹਾ ਵੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਹੈ।