ਤਲਵੰਡੀ ਸਾਬੋ: ਵਿਦੇਸ਼ ਵਿੱਚ ਬੈਠੇ ਖਾਲਿਸਤਾਨ ਪੱਖੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਰੈਫਰੈਂਡਮ 2020 ਨੂੰ ਲੈ ਕੇ 15 ਅਗੱਸਤ ਨੂੰ ਸਿੱਖ ਕੌਮ ਦੇ ਚੌਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਅਰਦਾਸ ਕਰਨ ਸਮੇਂ ਬੀਤੇ ਦਿਨੀ ਕੀਤੇ ਐਲਾਨ ਨੂੰ ਦੇਖਦਿਆਂ ਸ਼ਨੀਵਾਰ ਨੂੰ ਪੁਲਿਸ ਨੇ ਤਖਤ ਸਾਹਿਬ ਕੰਪਲੈਕਸ ਦੇ ਆਲੇ-ਦੁਆਲੇ ਸਖਤ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ।
ਡੀ.ਐੱਸ.ਪੀ. ਤਲਵੰਡੀ ਸਾਬੋ ਨਰਿੰਦਰ ਸਿੰਘ ਦੀ ਅਗਵਾਈ 'ਚ ਜਿੱਥੇ ਪੁਲਿਸ ਪਾਰਟੀਆਂ ਤਾਇਨਾਤ ਹਨ, ਉੱਥੇ ਤਖਤ ਸਾਹਿਬ ਦੇ ਨੇੜੇ-ਤੇੜੇ ਸਾਦੇ ਕੱਪੜਿਆਂ ਵਿੱਚ ਵੀ ਪੁਲਿਸ ਤਾਇਨਾਤ ਹੈ।
ਹਾਲਾਂਕਿ ਡੀ.ਐੱਸ.ਪੀ. ਨਰਿੰਦਰ ਸਿੰਘ ਨੇ ਇਸ ਮਸਲੇ ਨੂੰ ਰੋਜ਼ਾਨਾ ਦੀ ਕਾਰਵਾਈ ਦੱਸਿਆ। ਉਹ ਇਸ ਨੂੰ ਸੁਤੰਤਰਤਾ ਦਿਵਸ ਸਮਾਗਮਾਂ ਦੇ ਮੱਦੇਨਜ਼ਰ ਕੀਤੀ ਗਈ ਸੁਰੱਖਿਆ ਕਾਰਵਾਈ ਕਰਾਰ ਦੇ ਰਹੇ ਹਨ ਪਰ ਤਖਤ ਸਾਹਿਬ ਅੰਦਰ ਇੱਕ ਡੀ.ਐੱਸ.ਪੀ. ਅਤੇ ਦੋ ਥਾਨਾ ਮੁਖੀਆਂ ਦਾ ਸਵੇਰ ਤੋਂ ਹਾਜ਼ਿਰ ਰਹਿਣਾ ਇਹ ਦਰਸਾਉਂਦਾ ਹੈ ਕਿ ਮੋਗਾ ਡੀ.ਸੀ. ਕੰਪਲੈਕਸ ਵਿਖੇ ਖਾਲਿਸਤਾਨੀ ਝੰਡਾ ਲਹਿਰਾਉਣ ਤੋਂ ਬਾਅਦ ਪੁਲਿਸ ਅਰਦਾਸ ਸਮੇਂ ਐਲਾਨ ਮਾਮਲੇ 'ਤੇ ਕਿਸੇ ਕਿਸਮ ਦਾ ਜ਼ੋਖਿਮ ਲੈਣ ਲਈ ਤਿਆਰ ਨਹੀਂ।
ਗੱਲਬਾਤ ਦੌਰਾਨ ਉਨ੍ਹਾਂ ਰੈਡਰੈਂਡਮ 2020 ਸਬੰਧੀ ਕਿਹਾ ਕਿ ਇਸ ਸਬੰਧੀ ਵੀ ਪੁਲਿਸ ਪਾਰਟੀ ਨੇ ਪ੍ਰਬੰਧ ਕੀਤੇ ਹਨ ਤਾਂ ਕਿ ਕੋਈ ਸ਼ਰਾਰਤੀ ਅਨਸਰ ਮਾਹੌਲ ਨੂੰ ਖਰਾਬ ਨਾ ਕਰ ਸਕੇ।