ਬਠਿੰਡਾ: ਕੋਰੋਨਾ ਮਹਾਂਮਾਰੀ ਦੇਸ਼ ਵਿੱਚ ਲੌਕਡਾਊਨ ਸ਼ੁਰੂ ਕੀਤਾ ਗਿਆ ਸੀ ਤਾਂ ਉਸੇ ਸਮੇਂ ਰੇਲ ਵਿਭਾਗ ਨੇ ਯਾਤਰੀ ਰੇਲਾਂ ਬੰਦ ਕਰ ਦਿੱਤੀਆਂ ਸਨ। ਇਸ ਦੇ ਚਲਦੇ ਆਮ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਪਰ ਹੁਣ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪੰਜਾਬ ਦੇ ਵਿੱਚ ਕਿਸਾਨਾਂ ਨੇ ਰੇਲਵੇ ਟਰੈਕ 'ਤੇ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਹੋਇਆ ਸੀ, ਜਿਸ ਤੋਂ ਬਾਅਦ ਕਿਸਾਨਾਂ ਨੇ ਰੇਲ ਟਰੈਕ ਖਾਲੀ ਕਰ ਦਿੱਤੇ ਹਨ। ਕਿਸਾਨਾਂ ਨੇ ਸਿਰਫ਼ ਮਾਲ ਗੱਡੀਆਂ ਚੱਲਣ ਦੀ ਲਈ ਕਿਹਾ ਹੈ। ਰੇਲ ਗੱਡੀਆਂ ਦੇ ਚੱਲਣ ਨਾਲ ਛੋਟੇ ਅਤੇ ਵੱਡੇ ਵਪਾਰੀਆਂ ਨੂੰ ਉਮੀਦ ਹੈ ਕਿ ਉਨ੍ਹਾਂ ਦਾ ਵਪਾਰ ਫਿਰ ਦੀ ਤਰ੍ਹਾਂ ਚੱਲਣਾ ਸ਼ੁਰੂ ਹੋ ਜਾਵੇਗਾ।
ਬਠਿੰਡਾ ਦੀ ਸੈਂਟਰਲ ਯੂਨੀਵਰਸਿਟੀ ਦੀ ਵਿਦਿਆਰਥਣ ਸ਼ਿਲਪੀ ਨੇ ਦੱਸਿਆ ਕਿ ਉਹ ਮੂਲ ਰੂਪ ਵਿੱਚ ਪਟਨਾ ਦੀ ਰਹਿਣ ਵਾਲੀ ਹੈ। ਉਸ ਨੇ ਦੱਸਿਆ ਕਿ ਕਰੀਬ 6 ਮਹੀਨੇ ਹੋ ਚੁੱਕੇ ਹਨ ਉਹ ਆਪਣੇ ਪਰਿਵਾਰ ਵਾਲਿਆਂ ਨੂੰ ਨਹੀਂ ਮਿਲ ਸਕੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪਤਾ ਚੱਲਿਆ ਕਿ ਕੁੱਝ ਦਿਨਾਂ ਦੇ ਵਿੱਚ ਹੀ ਰੇਲ ਗੱਡੀਆਂ ਸ਼ੁਰੂ ਹੋਣ ਵਾਲੀਆਂ ਹਨ। ਉਸ ਦੇ ਲਈ ਉਹ ਟਿਕਟ ਬੁੱਕ ਕਰਵਾਉਣ ਲਈ ਬਠਿੰਡਾ ਦੇ ਰੇਲਵੇ ਸਟੇਸ਼ਨ ਵਿੱਚ ਆਈ ਹੈ।
ਬਠਿੰਡਾ ਦੇ ਰੇਲਵੇ ਸਟੇਸ਼ਨ ਵਿੱਚ ਪਹਿਲਾਂ ਨਾਲੋਂ ਰੋਣਕ ਮੁੜ ਆਉਣੀ ਸ਼ੁਰੂ ਹੋ ਗਈ ਹੈ। ਰੇਲਵੇ ਸਟੇਸ਼ਨ ਦੇ ਬਾਹਰ ਢਾਬੇ ਵਾਲੇ ਦਾ ਵੀ ਕਹਿਣਾ ਹੈ ਕਿ ਜਦ ਤੱਕ ਰੇਲ ਗੱਡੀਆਂ ਸ਼ੁਰੂ ਨਹੀਂ ਹੁੰਦੀਆਂ ਉਦੋਂ ਤੱਕ ਉਨ੍ਹਾਂ ਦਾ ਵਪਾਰ ਮੰਦਾ ਹੀ ਰਹੇਗਾ। ਰਿਕਸ਼ਾ ਚਾਲਕ ਸਤਿੰਦਰ ਕੁਮਾਰ ਨੇ ਦੱਸਿਆ ਕਿ ਰੇਲ ਗੱਡੀਆਂ ਦੇ ਬੰਦ ਹੋਣ ਕਾਰਨ ਉਨ੍ਹਾਂ ਨੂੰ ਵੀ ਮੰਦੀ ਦੀ ਮਾਰ ਝੱਲਣੀ ਪੈ ਰਹੀਂ ਹੈ। ਰਿਕਸ਼ਾ ਚਾਲਕ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਰਕਾਰ ਰੇਲ ਗੱਡੀਆਂ ਨੂੰ ਸ਼ੁਰੂ ਕਰ ਦੇਵੇ ਤਾਂ ਸਾਡਾ ਵੀ ਕੰਮ ਚੱਲ ਜਾਵੇਗਾ।