ਬਠਿੰਡਾ: ਸਭ ਤੋਂ ਸੰਘਣੀ ਆਬਾਦੀ ਵਾਲੇ ਇਲਾਕੇ ਪਰਸਰਾਮ ਨਗਰ ਵਿਚ ਕਰੀਬ ਇੱਕ ਮਹੀਨਾ ਪਹਿਲਾ ਘਟਨਾ ਵਾਪਰੀ ਸੀ ਜਦੋਂ ਗਲੀ ਨੰਬਰ ਛੱਬੀ ਦੀ ਰਹਿਣ ਵਾਲੀ ਔਰਤ ਵੱਲੋਂ ਉੱਥੇ ਹੀ ਦੁਕਾਨ ਕਰਦੇ ਦੇਸ ਰਾਜ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਦੇਸ ਰਾਜ ਵੱਲੋਂ ਉਸਦੀ ਦੂਸਰੀ ਕਲਾਸ ਵਿਚ ਪੜ੍ਹਦੀ ਬੱਚੀ ਨਾਲ ਜਿਸਮਾਨੀ ਛੇੜ ਛਾੜ ਕੀਤੀ ਗਈ ਹੈ।ਜਿਸ ਤੇ ਕਾਰਵਾਈ ਕਰਦਿਆਂ ਪੁਲਿਸ ਵੱਲੋਂ ਦੇਸ ਰਾਜ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ।
ਈਟੀਵੀ ਭਾਰਤ ਵੱਲੋਂ ਉਸ ਜਗ੍ਹਾ ਦਾ ਨਿਰੀਖਣ ਕੀਤਾ ਗਿਆ ਤਾਂ ਪਾਇਆ ਗਿਆ ਕਿ ਪਰਸਰਾਮ ਨਗਰ ਗਲੀ ਨੰਬਰ ਛੱਬੀ ਦੀ ਮੇਨ ਸੜਕ ਉੱਪਰ ਸਟਰੀਟ ਲਾਈਟਾਂ ਦਾ ਪ੍ਰਬੰਧ ਹੀ ਨਹੀਂ ਹੈ।ਰਾਤ ਕਰੀਬ ਨੌ ਵਜੇ ਸੜਕਾਂ ਤੇ ਘੁੱਪ ਹਨੇਰਾ ਸੀ ਅਤੇ ਰਾਹਗੀਰ ਆਪਣੇ ਵਾਹਨਾਂ ਦੀਆਂ ਲਾਈਟਾਂ ਚਲਾ ਕੇ ਮੰਜ਼ਿਲ ਵੱਲ ਵਧ ਰਹੇ ਸਨ।
ਜਾਗਰੂਕ ਸ਼ਹਿਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਸਿੱਖਿਆ ਦੀ ਹੱਬ ਮੰਨੇ ਜਾਂਦੇ ਅਜੀਤ ਰੋਡ ਉਪਰ ਆਏ ਦਿਨ ਹੁੱਲੜਬਾਜ਼ੀ ਹੁੰਦੀ ਹੈ ਅਤੇ ਨੌਜਵਾਨ ਵੱਲੋਂ ਅਕਸਰ ਇੱਥੇ ਰਾਹ ਜਾਂਦੀਆਂ ਲੜਕੀਆਂ ਨਾਲ ਛੇੜਛਾੜ ਕੀਤੀ ਜਾਂਦੀ ਹੈ।ਜਿਸ ਦਾ ਵੱਡਾ ਕਾਰਨ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਨਹੀਂ ਕੀਤੇ ਜਾਣਾ ਹੈ।ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਵਿਭਾਗ ਵੱਲੋਂ ਇਸ ਮੇਨ ਰੋਡ ਉਪਰ ਨਾਕੇ ਲਗਾ ਕੇ ਚੈਕਿੰਗ ਕੀਤੀ ਜਾਵੇ ਤਾਂ ਕਾਫ਼ੀ ਹੱਦ ਤਕ ਤਸਵੀਰ ਸਾਫ਼ ਹੋ ਜਾਵੇਗੀ।