ਬਠਿੰਡਾ : ਕਸਬਾ ਤਲਵੰਡੀ ਸਾਬੋ ਦੇ ਪਿੰਡ ਬਹਿਮਣ ਕੋਰ ਸਿੰਘ ਵਾਲਾ ਵਿਖੇ ਪੁਲਿਸ ਵੱਲੋਂ ਮਨਜਿੰਦਰ ਸਿੰਘ ਮਿੰਦੀ ਦੇ ਘਰ ਰੇਡ ਕੀਤੀ ਜਾ ਰਹੀ ਹੈ। ਮਨਜਿੰਦਰ ਸਿੰਘ ਮਿੰਦੀ ਨਾਮੀ ਗੈਂਗਸਟਰ ਜੱਗਾ ਤਖ਼ਤਮਲ ਦਾ ਕਰੀਬੀ ਹੈ। ਸਵੇਰ ਸਮੇਂ ਘਰ ਵਿੱਚ ਛਾਪੇਮਾਰੀ ਕੀਤੀ ਗਈ ਅਤੇ ਪਰਿਵਾਰ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ। ਦੱਸ ਦਈਏ ਕਿ ਹਰਿਆਣਾ ਵਿਖੇ ਹੋਈਆਂ ਵਾਰਦਾਤਾਂ ਵਿੱਚ ਮਨਜਿੰਦਰ ਸਿੰਘ ਮਿੰਦੀ ਦਾ ਨਾਮ ਸ਼ਾਮਲ ਹੈ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਛਾਪੇਮਾਰੀ ਪੰਜਾਬ ਸਣੇ ਹੋਰ ਵੀ ਕਈ ਸੂਬਿਆਂ ਵਿੱਚ ਕੀਤੀ ਗਈ ਹੈ।
ਪੁਲਿਸ ਵੱਲੋਂ ਸਵੇਰ ਤੋਂ ਜਾਂਚ ਪੜਤਾਲ ਕੀਤੀ ਜਾ ਰਹੀ: ਗੈਂਗਸਟਰ ਰੰਮੀ ਦੀ ਮਾਤਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਗੈਂਗਸਟਰ ਰੰਮੀ ਮਸਾਣਾ ਜੇਲ੍ਹ ਵਿੱਚ ਬੰਦ ਹੈ। ਇਸ ਸਬੰਧਤ ਪੰਜਾਬ ਪੁਲਿਸ ਤੇ ਹੋਰ ਬਾਹਰੋਂ ਵੀ ਪੁਲਿਸ ਸਾਡੇ ਘਰ ਸਵੇਰ ਪੰਜ ਵਜੇ ਤੋਂ ਹੀ ਕਾਗਜ਼ ਪੱਤਰ ਚੈਕ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਕੈਮਰੇ ਵੀ ਬੰਦ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਰੰਮੀ ਪਿਛਲੇ ਅੱਠ ਕੁ ਸਾਲਾਂ ਤੋਂ ਜੇਲ੍ਹ ਅੰਦਰ ਹੀ ਹੈ। ਜਦਕਿ, ਉਸ ਦਾ ਛੋਟਾ ਪੁੱਤਰ ਫੈਕਟਰੀ ਵਿੱਚ ਕੰਮ ਕਰਦਾ ਹੈ। ਪੁਲਿਸ ਵੱਲੋਂ ਉਸ ਦਾ ਵੀ ਮੋਬਾਈਲ ਲੈ ਲਿਆ ਗਿਆ ਹੈ।
ਗੈਂਗਸਟਰ ਅਰਸ਼ ਡੱਲਾ ਦੇ ਘਰ ਵੀ ਛਾਪੇਮਾਰੀ : NIA ਦੀ ਟੀਮ ਨੇ ਮੋਗਾ 'ਚ ਗੈਂਗਸਟਰ ਅਰਸ਼ਦੀਪ ਡੱਲਾ ਦੇ ਘਰ 'ਚ ਵੀ ਸਵੇਰੇ 4 ਵਜੇ ਛਾਪਾ ਮਾਰਿਆ ਹੈ। ਇਸ ਦੇ ਨਾਲ ਹੀ, ਮੋਗਾ ਦੇ ਪਿੰਡ ਮਾਣੂੰਕੇ ਦੇ ਹਰਪ੍ਰੀਤ ਸ਼ਰਮਾ ਦੇ ਘਰ 'ਤੇ NIA ਦੀ ਟੀਮ ਨੇ ਛਾਪਾ ਮਾਰਿਆ ਹੈ। ਦੱਸ ਦਈਏ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਇਹ ਕਾਰਵਾਈ ਪੂਰੇ ਦੇਸ਼ ਦੇ ਕਈ ਸੂਬਿਆਂ ਵਿੱਚ ਕੀਤੀ ਜਾ ਰਹੀ ਹੈ, ਤਾਂ ਜੋ ਗੈਂਗਸਟਰਾਂ ਉੱਤੇ ਸ਼ਿਕੰਜਾ ਕੱਸਿਆ ਜਾ ਸਕੇ।
ਕੁੱਲ 72 ਥਾਵਾਂ 'ਤੇ ਰੇਡ : NIA ਵੱਲੋਂ ਲਗਤਾਰ ਗੈਂਗਸਟਰਾਂ ਉੱਤੇ ਨਕੇਲ ਕੱਸੀ ਜਾ ਰਹੀ ਹੈ ਤੇ ਪੂਰੇ ਦੇਸ਼ ਵਿੱਚ ਗੈਂਗਸਟਰਾਂ ਦੇ ਨਾਲ ਸਬੰਧਿਤ ਟਿਕਾਣਿਆਂ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ। NIA ਨੇ ਮੰਗਲਵਾਰ ਸਵੇਰੇ ਉੱਤਰੀ ਭਾਰਤ ਦੇ ਕਈ ਸੂਬਿਆਂ ਵਿੱਚ 70 ਤੋਂ ਵੱਧ ਥਾਵਾਂ 'ਤੇ ਛਾਪੇਮਾਰੀ ਕੀਤੀ। ਗੈਂਗਸਟਰ ਵਿਰੋਧੀ ਕਾਰਵਾਈ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਦਿੱਲੀ ਅਤੇ ਹੋਰ ਰਾਜਾਂ ਵਿੱਚ ਕਈ ਥਾਵਾਂ 'ਤੇ ਚੱਲ ਰਹੀ ਹੈ। ਪੰਜਾਬ 'ਚ 30 ਥਾਵਾਂ 'ਤੇ ਇਹ ਛਾਪੇਮਾਰੀ ਚੱਲ ਰਹੀ ਹੈ।
ਇਹ ਵੀ ਪੜ੍ਹੋ: Genius Tanmay: ਛੋਟੂ ਜੀਨੀਅਸ ਤਨਮੇ ਨੇ ਡੇਢ-ਦੋ ਸਾਲ ਦੀ ਉਮਰ 'ਚ ਹੀ ਬਣਾਏ ਇਹ ਰਿਕਾਰਡ, ਵੇਖੋ ਕੇ ਹੋ ਜਾਓਗੇ ਹੈਰਾਨ
ਐਨਆਈਏ ਦੀ ਇਹ ਕਾਰਵਾਈ ਗੈਂਗਸਟਰਾਂ ਦੇ ਕਰੀਬੀ ਸਾਥੀਆਂ ਅਤੇ ਵੱਖ-ਵੱਖ ਰਾਜਾਂ ਵਿੱਚ ਫੈਲੇ ਸਿੰਡੀਕੇਟ ਨੂੰ ਲੈ ਕੇ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਪਿਛਲੇ ਸਾਲ ਵੀ ਐਨਆਈਏ ਨੇ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਕਈ ਰਾਜਾਂ ਵਿੱਚ ਇੱਕੋ ਸਮੇਂ ਛਾਪੇਮਾਰੀ ਕੀਤੀ ਸੀ। ਜਾਣਕਾਰੀ ਮੁਤਾਬਕ NIA ਨੇ ਛਾਪੇਮਾਰੀ ਦੌਰਾਨ ਕਰੀਬ 6 ਗੈਂਗਸਟਰਾਂ ਤੋਂ ਵੀ ਪੁੱਛਗਿੱਛ ਕੀਤੀ ਹੈ। ਲਾਰੈਂਸ ਬਿਸ਼ਨੋਈ ਅਤੇ ਬਵਾਨਾ ਗੈਂਗ ਦੇ ਨਾਂ 'ਤੇ ਦੇਸ਼ ਦੇ ਕਈ ਹਿੱਸਿਆਂ 'ਚ ਫੰਡਿੰਗ ਦਾ ਮਾਮਲਾ ਸਾਹਮਣੇ ਆਇਆ ਹੈ।