ਬਠਿੰਡਾ: ਸੂਬੇ 'ਚ ਕੋਵਿਡ-19 ਕਾਰਨ ਲੱਗੇ ਕਰਫਿਊ ਦੌਰਾਨ ਜਿੱਥੇ ਲੋਕਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਬੇਸਹਾਰਾ ਪਸ਼ੁਆਂ ਲਈ ਵੀ ਖਾਣ ਦੇ ਸਾਰੇ ਰਸਤੇ ਬੰਦ ਹੋ ਗਏ ਹਨ। ਭੁੱਖੇ ਅਤੇ ਲੋੜਵੰਦ ਲੋਕਾਂ ਨੂੰ ਖਾਣਾ ਮੁਹੱਈਆ ਕਰਵਾਉਣ ਲ਼ਈ ਜਿੱਥੇ ਪ੍ਰਸਾਸ਼ਨ ਤੋਂ ਲੈ ਸਮਾਜ ਸੇਵੀ ਸੰਸਥਾਵਾਂ ਸਭ ਅੱਗੇ ਆ ਰਹੀਆਂ ਹਨ ਉੱਥੇ ਹੀ ਪਸ਼ੂ ਨਜ਼ਰਅੰਦਾਜ਼ ਹੁੰਦੇ ਜਾ ਰਹੇ ਹਨ।
ਪਰ ਬਠਿੰਡਾ 'ਚ ਬੇਜ਼ੁਬਾਨ ਪਸ਼ੂਆਂ ਦਾ ਸਮਾਜ ਸੇਵੀ ਸੰਸਥਾਵਾਂ ਸਹਾਰਾ ਬਣ ਰਹੀਆਂ ਹਨ। ਜ਼ਿਲ੍ਹੇ 'ਚ ਸਹਾਰਾ ਜਨਸੇਵਾ ਅਤੇ ਨੌਜਵਾਨ ਵੈਲਫੇਅਰ ਸੁਸਾਇਟੀ ਬੇਜ਼ੁਬਾਨ ਅਤੇ ਬੇਸਹਾਰਾ ਪਸ਼ੂਆਂ ਨੂੰ ਦੁੱਧ, ਚਾਰਾ ਅਤੇ ਰੋਟੀ ਪਾ ਉਨ੍ਹਾਂ ਦਾ ਧਿਆਨ ਰੱਖ ਰਹੇ ਹਨ।
ਗੱਲਬਾਤ ਕਰਦਿਆਂ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਕਰਫਿਊ ਲੱਗਣ ਤੋਂ ਬਾਅਦ ਹੀ ਉਨ੍ਹਾਂ ਦੀ ਸੰਸਥਾ ਵੱਲੋਂ ਬੇਜ਼ੁਬਾਨਾਂ ਦੀ ਮਦਦ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਚਾਰਾ ਕੱਟਣ ਵਾਲੀ ਮਸ਼ੀਨ ਵੀ ਖ਼ਰੀਦੀ ਹੈ ਅਤੇ ਉਨ੍ਹਾਂ ਦੇ ਮੈਂਬਰ ਬਕਾਇਦਾ ਖੇਤਾਂ 'ਚ ਜਾ ਚਾਰਾ ਲਿਆ ਕੱਟਦੇ ਹਨ ਅਤੇ ਪਸ਼ੂਆਂ ਨੂੰ ਪਾਉਂਦੇ ਹਨ। ਜਾਣਕਾਰੀ ਦਿੰਦਿਆਂ ਉ੍ਹਾਂ ਕਿਹਾ ਕੋਰੋਨਾ ਕਾਰਨ ਸਰਕਾਰ ਦੀਆਂ ਹਦਾਇਤਾਂ ਦਾ ਧਿਆਨ ਰੱਖਦਿਆਂ ਚਾਰ-ਚਾਰ ਮੈਂਬਰਾਂ ਦੇ ਗਰੁੱਪ ਕੰਮ ਕਰਦੇ ਹਨ।
ਦੂਜੇ ਪਾਸੇ ਸਮਾਜ ਸੇਵੀ ਸੰਸਥਾ ਸਹਾਰਾ ਜਨਸੇਵਾ ਦੇ ਵਲੰਟੀਅਰ ਸ਼ਾਮ ਮਿੱਤਲ ਨੇ ਦੱਸਿਆ ਕਿ ਉਹ ਗਾਵਾਂ, ਕੁੱਤਿਆਂ ਸਣੇ ਕਈ ਬੇਜ਼ੁਬਾਨ ਪਸ਼ੂਆਂ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਮੀਡੀਆ ਰਾਹੀਂ ਆਮ ਲੋਕਾਂ ਨੂੰ ਵੀ ਪਸ਼ੂਆਂ ਅਤੇ ਪੰਛੀਆਂ ਦਾ ਧਿਆਨ ਰੱਖਦਿਆਂ ਉਨ੍ਹਾਂ ਨੂੰ ਖਾਣਾ-ਪਾਣੀ ਦੇਣ ਗਦੀ ਅਪੀਲ ਕੀਤੀ ਹੈ।
ਜ਼ਿਕਰ-ਏ-ਖ਼ਾਸ ਹੈ ਕਿ ਸੂਬੇ 'ਚ ਲੱਗੇ ਕਰਫਿਊ ਦੌਰਾਨ ਜਿੱਥੇ ਆਮ ਲੋਕ ਪ੍ਰਭਾਵਿਤ ਹਨ ਉੱਥੇ ਹੀ ਪਸ਼ੂ ਪੰਛੀ ਵੀ ਪ੍ਰਭਾਵਿਤ ਹੋ ਰਹੇ ਹਨ। ਇਸ ਲਈ ਲੋੜ ਹੈ ਜਿੱਥੇ ਪ੍ਰਸਾਸ਼ਨ ਅਤੇ ਸਮਾਜ ਸੇਵੀ ਸੰਸਥਾਵਾਂ ਲੋਕਾਂ ਦੀਆਂ ਮਦਦ ਕਰ ਰਹੀਆਂ ਹਨ ਉੱਥੇ ਹੀ ਲੋਕ ਪਸ਼ੂਆਂ ਪੰਛੀਆਂ ਨੂੰ ਧਿਆਨ 'ਚ ਰੱਖਦਿਆਂ ਉਨ੍ਹਾਂ ਦੀ ਮਦਦ ਕਰਨ।