ਬਠਿੰਡਾ: ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਬਠਿੰਡਾ ਜ਼ਿਲ੍ਹੇ ਅੰਦਰ ਕੀਤੀਆਂ ਜਾ ਰਹੀਆਂ ਰੈਲੀਆਂ ਕਾਰਨ ਕਾਂਗਰਸ ਪਾਰਟੀ ਵਿੱਚ ਪੈਦਾ ਹੋਇਆ ਕਾਟੋ ਕਲੇਸ਼ ਹੋਰ ਵਧਣ ਦੀ ਸੰਭਾਵਨਾ ਬਣ ਗਈ ਹੈ। ਕਾਂਗਰਸ ਪਾਰਟੀ ਅੰਦਰ ਚੱਲ ਰਹੀ ਅੰਦਰੂਨੀ ਫੁੱਟ ਦਾ ਲਾਵਾ ਹੁਣ ਬਾਹਰ ਆਉਣਾ ਸ਼ੁਰੂ ਹੋ ਗਿਆ ਹੈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ 17 ਦਸੰਬਰ 2023 ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਰਾਜ ਵਿੱਚ ਕੀਤੀ ਗਈ ਸਫਲਤਾ ਪੂਰਵਕ ਰੈਲੀ ਤੋਂ ਬਾਅਦ ਇਹ ਕਲੇਸ਼ ਹੋਰ ਤੇਜ਼ ਹੋ ਗਿਆ ਹੈ। ਇਸ ਰੈਲੀ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਮੇਤ ਹੋਰਨਾਂ ਲੋਕਾਂ ਨੇ ਨਵਜੋਤ ਸਿੱਧੂ ਖਿਲਾਫ ਕਾਰਵਾਈ ਦੀ ਮੰਗ ਕਰ ਦਿੱਤੀ ਸੀ ਪਰ ਇਸ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਠੰਡੇ ਹੋਣ ਦੀ ਬਜਾਏ ਗਰਮਜੋਸ਼ੀ ਨਾਲ ਅੱਗੇ ਵੱਧ ਰਹੇ ਹਨ ਅਤੇ ਉਹਨਾਂ ਹੁਣ ਸੱਤ ਜਨਵਰੀ ਨੂੰ ਭਾਵ ਅੱਜ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟਸ਼ਮੀਰ ਵਿੱਚ ਰੈਲੀ ਰੱਖ ਦਿੱਤੀ ਹੈ।
ਜ਼ਿਲ੍ਹਾ ਕਾਂਗਰ ਪ੍ਰਧਾਨ 'ਤੇ ਇਲਜ਼ਾਮ: ਦੂਜੇ ਪਾਸੇ ਬਠਿੰਡਾ ਦਿਹਾਤੀ ਹਲਕੇ ਦੇ ਕਰੀਬ 3 ਦਰਜਨ ਸਰਪੰਚਾਂ, ਕੌਂਸਲਰਾਂ, ਸਾਬਕਾ ਚੇਅਰਮੈਨਾਂ ਤੇਟ ਕਾਂਗਰਸੀ ਵਰਕਰਾਂ ਅਤੇ ਆਗੂਆਂ ਨੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਖੁਸ਼ਬਾਜ ਸਿੰਘ ਜਟਾਣਾ ਖਿਲਾਫ ਮੋਰਚਾ ਖੋਲ ਦਿੱਤਾ ਹੈ। ਪਿੰਡ ਕੋਟਸ਼ਮੀਰ ਦੀ ਨਗਰ ਕੌਂਸਲ ਦੇ ਕੌਂਸਲਰ ਚਾਨਣ ਸਿੰਘ ਅਤੇ ਕਾਂਗਰਸ ਦੇ ਸਾਬਕਾ ਸਪੋਕਸਮੈਨ ਮਨਜੀਤ ਸਿੰਘ ਕੋਟਫੱਤਾ ਨੇ ਦੋਸ਼ ਲਾਇਆ ਹੈ ਕਿ ਖੁਸ਼ਬਾਜ ਜਟਾਣਾ ਨੇ ਕਾਂਗਰਸ ਹਾਈਕਮਾਂਡ ਨੂੰ ਗੁੰਮਰਾਹ ਹੀ ਨਹੀਂ ਕੀਤਾ ਸਗੋਂ ਪਾਰਟੀ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਹੈ।
ਜ਼ਿਲ੍ਹਾ ਪ੍ਰਧਾਨ ਨੇ ਹਰਵਿੰਦਰ ਲਾਡੀ 'ਤੇ ਲਾਏ ਸੀ ਦੋਸ਼: ਜ਼ਿਕਰਯੋਗ ਹੈ ਕਿ ਕੋਟਸ਼ਮੀਰ ਰੈਲੀ ਨੂੰ ਲੈ ਕੇ ਦੋ ਦਿਨ ਪਹਿਲਾਂ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਖੁਸ਼ਬਾਜ ਸਿੰਘ ਜਟਾਣਾ ਨੇ ਪ੍ਰੈਸ ਨੋਟ ਜਾਰੀ ਕਰਕੇ ਦਾਅਵਾ ਕੀਤਾ ਸੀ ਕਿ ਰੈਲੀ ਕਰਵਾਉਣ ਵਾਲੇ ਮੁੱਖ ਪ੍ਰਬੰਧਕ ਹਰਵਿੰਦਰ ਸਿੰਘ ਲਾਡੀ ਕਾਂਗਰਸ ਪਾਰਟੀ ਦਾ ਹਿੱਸਾ ਨਹੀਂ ਹਨ ਅਤੇ ਉਹਨਾਂ ਨੂੰ ਪਾਰਟੀ ਵਿੱਚੋਂ ਕੱਢਿਆ ਹੋਇਆ ਹੈ। ਜਟਾਣਾ ਦੇ ਇਸ ਬਿਆਨ ਤੋਂ ਬਾਅਦ ਕਾਂਗਰਸੀ ਆਗੂਆਂ ਤੇ ਵਰਕਰਾਂ ਵਿੱਚ ਸਖਤ ਰੋਸ ਪੈਦਾ ਹੋ ਗਿਆ ਅਤੇ ਇਹ ਮਾਮਲਾ ਪੰਜਾਬ ਕਾਂਗਰਸ ਦੇ ਇੰਚਾਰਜ ਕੋਲ ਪਹੁੰਚ ਗਿਆ। ਦੱਸਿਆ ਜਾਂਦਾ ਹੈ ਕਿ ਇਸ ਮਾਮਲੇ ਵਿੱਚ ਪੰਜਾਬ ਕਾਂਗਰਸ ਦੇ ਇਚਾਰਜ ਵੱਲੋਂ ਜ਼ਿਲ੍ਹਾ ਪ੍ਰਧਾਨ ਤੋਂ ਜਵਾਬ ਤਲਬੀ ਕੀਤੀ ਗਈ ਹੈ।
ਇਹ ਵਰਕਰ ਰੈਲੀ ਹੈ ਅਤੇ ਕਾਂਗਰਸ ਦੇ ਝੰਡੇ ਹੇਠ ਹੋ ਰਹੀ ਹੈ, ਜੇ ਤੁਹਾਨੂੰ ਕਾਂਗਰਸ ਝੰਡੇ ਤੋਂ ਨਫ਼ਰਤ ਹੈ ਤਾਂ ਤੁਸੀਂ ਪਾਰਟੀ ਛੱਡ ਕਿਉਂ ਨਹੀਂ ਦਿੰਦੇ। ਤੁਸੀਂ ਘਰ ਬੈਠੇ ਬਿਆਨ ਦੇ ਦਿੰਦੇ ਹੋ ਤੇ ਜੇ ਰੈਲੀ 'ਚ ਦਸ ਹਜ਼ਾਰ ਬੰਦਾ ਇਕੱਠਾ ਹੁੰਦਾ ਹੈ ਤੇ ਪਾਰਟੀ 'ਚ ਕੋਈ ਸ਼ਾਮਲ ਹੁੰਦੇ ਹੈ ਤੇ ਨਵਜੋਤ ਸਿੱਧੂ ਨੂੰ ਸੁਣਦੇ ਨੇ ਤੇ ਪਾਰਟੀ ਦੀਆਂ ਨੀਤੀਆਂ ਸੁਣਦੇ ਹਨ ਤਾਂ ਇਸ 'ਚ ਇਤਰਾਜ਼ ਕੀ ਹੈ। ਇਸ ਨਾਲ ਪਾਰਟੀ ਮਜਬੂਤ ਹੋਵੇਗੀ ਨਾ ਕਿ ਕਮਜ਼ੋਰ। ਮਨਜੀਤ ਸਿੰਘ ਕੋਟਫੱਤਾ, ਨਵਜੋਤ ਸਿੱਧੂ ਰੈਲੀ ਦੇ ਪ੍ਰਬੰਧਕ
ਵਿਜੀਲੈਂਸ ਜਾਂਚ 'ਚ ਫਸਿਆ ਜ਼ਿਲ੍ਹਾ ਪ੍ਰਧਾਨ: ਪੰਜਾਬ ਮਾਮਲਿਆਂ ਦੇ ਇੰਚਾਰਜ ਨੂੰ ਲਿਖੇ ਪੱਤਰ ਵਿੱਚ ਖੁਸ਼ਬਾਜ ਜਟਾਣਾ ਉੱਪਰ ਗੰਭੀਰ ਦੋਸ਼ ਲਾਏ ਗਏ। ਪੱਤਰ ਵਿੱਚ ਕਿਹਾ ਗਿਆ ਹੈ ਕਿ ਜਟਾਣਾ ਦਾ ਪਿੰਡ ਜ਼ਿਲ੍ਹਾ ਮੁਕਤਸਰ ਵਿੱਚ ਪੈਂਦਾ ਹੈ ਪਰ ਇਸ ਦੇ ਬਾਵਜੂਦ ਉਸ ਨੂੰ ਜ਼ਿਲ੍ਹਾ ਬਠਿੰਡਾ ਦਿਹਾਤੀ ਦਾ ਪ੍ਰਧਾਨ ਲਗਾਇਆ ਗਿਆ ਹੈ। ਉਹਨਾਂ ਪੱਤਰ ਵਿੱਚ ਕਿਹਾ ਕਿ ਜਟਾਣਾ ਉੱਪਰ ਕਈ ਅਪਰਾਧਿਕ ਮਾਮਲੇ ਚੱਲ ਰਹੇ ਹਨ, ਉਥੇ ਹੀ ਰਿਫਾਇਨਰੀ ਵਿੱਚੋਂ ਕਰੋੜਾਂ ਰੁਪਏ ਦਾ ਗੁੰਡਾ ਟੈਕਸ ਵਸੂਲੇ ਜਾਣ ਦੇ ਮਾਮਲੇ ਦੀ ਜਟਾਣਾ ਖਿਲਾਫ ਵਿਜੀਲੈਂਸ ਜਾਂਚ ਚੱਲ ਰਹੀ ਹੈ।
ਹਾਈਕਮਾਂਡ ਕੋਲ ਝੂਠ ਬੋਲਿਆ ਜ਼ਿਲ੍ਹਾ ਪ੍ਰਧਾਨ ਜਟਾਣਾ: ਇਸ ਦੇ ਨਾਲ ਹੀ ਆਗੂਆਂ ਨੇ ਕਿਹਾ ਕਿ ਅਸਲ ਵਿੱਚ ਉਹ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲਵਾਏ ਜਾਣ 'ਤੇ ਨਵਜੋਤ ਸਿੰਘ ਸਿੱਧੂ ਦਾ ਧੰਨਵਾਦ ਕਰਨਾ ਚਾਹੁੰਦੇ ਸਨ, ਜਿਸ ਲਈ ਇਹ ਮਿਲਣੀ ਪੰਜਾਬ ਕਾਂਗਰਸ ਦੇ ਝੰਡੇ ਹੇਠ ਹੀ ਰੱਖੀ ਗਈ ਹੈ। ਉਹਨਾਂ ਕਿਹਾ ਕਿ ਖੁਸ਼ਬਾਜ ਜਟਾਣਾ ਵੱਲੋਂ ਜਿੱਥੇ ਹਾਈਕਮਾਂਡ ਕੋਲ ਝੂਠ ਬੋਲਿਆ ਗਿਆ ਹੈ ਉੱਥੇ ਹੀ ਉਸ ਵੱਲੋਂ ਰੈਲੀ ਨੂੰ ਸਾਬੋਤਾਜ ਕਰਨ ਦੇ ਯਤਨ ਕੀਤੇ ਜਾ ਰਹੇ ਹਨ।
ਗੈਰ ਕਾਂਗਰਸੀ ਦੱਸੀ ਸਿੱਧੂ ਦੀ ਰੈਲੀ: ਉਧਰ ਦੂਸਰੇ ਪਾਸੇ ਇਸ ਰੈਲੀ ਨੂੰ ਲੈ ਕੇ ਬਠਿੰਡਾ ਦਿਹਾਤੀ ਦੀ ਸੀਨੀਅਰ ਮੀਤ ਪ੍ਰਧਾਨ ਕਿਰਨਦੀਪ ਕੌਰ ਵਿਰਕ ਅਤੇ ਜ਼ਿਲ੍ਹਾ ਜਨਰਲ ਸਕੱਤਰ ਸੁਖਪਾਲ ਸਿੰਘ ਦਾ ਕਹਿਣਾ ਹੈ ਕਿ ਇਹ ਰੈਲੀ ਗੈਰ ਕਾਂਗਰਸੀ ਹੈ। ਇਸ ਰੈਲੀ ਨੂੰ ਜਿਸ ਵਿਅਕਤੀ ਹਰਵਿੰਦਰ ਸਿੰਘ ਲਾਡੀ ਵੱਲੋਂ ਕਰਵਾਇਆ ਜਾ ਰਿਹਾ ਹੈ, ਉਸ ਨੂੰ ਪਹਿਲਾਂ ਹੀ ਕਾਂਗਰਸ ਵੱਲੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀ। ਨਵਜੋਤ ਸਿੰਘ ਸਿੱਧੂ ਵੱਲੋਂ ਪਿੰਡ ਕੋਟਸ਼ਮੀਰ ਵਿਖੇ ਕੀਤੀ ਜਾ ਰਹੀ ਰੈਲੀ ਨਾਲ ਕਾਂਗਰਸ ਦਾ ਕੋਈ ਸਬੰਧ ਨਹੀਂ ਹੈ, ਇਹ ਰੈਲੀ ਕਾਂਗਰਸ ਨੂੰ ਕਮਜ਼ੋਰ ਕਰਨ ਲਈ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪਾਰਟੀ ਹਾਈ ਕਮਾਂਡ ਨੂੰ ਇਸ ਸਬੰਧੀ ਸੂਚਿਤ ਕੀਤਾ ਗਿਆ ਹੈ ਅਤੇ ਇਸ ਰੈਲੀ ਦਾ ਆਯੋਜਨ ਕਰਨ ਵਾਲੇ ਲੋਕਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।