ਬਠਿੰਡਾ: 23 ਮਾਰਚ ਨੂੰ ਭਾਰਤੀ ਕ੍ਰਾਂਤੀਕਾਰੀਆਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਦੇਣ ਲਈ 'ਸ਼ਹੀਦ ਦਿਵਸ' ਮਨਾਇਆ ਜਾਂਦਾ ਹੈ, ਜਿਨ੍ਹਾਂ ਨੂੰ ਬ੍ਰਿਟਿਸ਼ ਸਰਕਾਰ ਵੱਲੋਂ 1931 ਵਿੱਚ ਫਾਂਸੀ ਦੇ ਦਿੱਤੀ ਸੀ। ਉਥੇ ਹੀ ਅੱਜ ਬਠਿੰਡਾ ਵਿਚ ਭਾਜਪਾ ਆਗੂਆਂ ਨੇ ਸ਼ਹੀਦੀ ਦਿਵਸ 'ਤੇ ਮੈਰਾਥਨ ਦੌੜ ਕਰਵਾ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸ਼ਹੀਦ ਭਗਤ ਸਿੰਘ ਦੇ ਰਾਹ 'ਤੇ ਨੌਜਵਾਨਾਂ ਨੂੰ ਚੱਲਣ ਲਈ ਮਾਰਗ ਦਰਸ਼ਕ ਕੀਤਾ ਗਿਆ। ਇਸ ਦੇ ਨਾਲ ਹੀ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੱਲੋਂ ਨੌਜਵਾਨਾਂ ਨੂੰ ਨਸ਼ੇ ਤੋਂ ਬਚਣ ਲਈ ਤੇ ਭਗਤ ਸਿੰਘ ਦੀ ਸੋਚ ਅਪਨਾਉਣ ਲਈ ਪ੍ਰੇਰਿਆ ਗਿਆ। ਦੱਸਣਯੋਗ ਹੈ ਕਿ ਆਜ਼ਾਦੀ ਦੇ 75ਵੇਂ ਅੰਮ੍ਰਿਤ ਮਹੋਤਸਵ ਤਹਿਤ ਭਾਜਪਾ ਆਗੂਆਂ ਨੇ ਅਮਰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਯਾਦ ਵਿਚ ਮੈਰਾਥਨ ਦੌੜ ਕਰਵਾ ਕੇ ਸ਼ਰਧਾਂਜਲੀ ਭੇਂਟ ਕੀਤੀ।
ਇਹ ਵੀ ਪੜ੍ਹੋ : Monument of Bhagat Singh's Mother: ਸ਼ਹੀਦ ਭਗਤ ਸਿੰਘ ਦੀ ਮਾਤਾ ਦੀ ਯਾਦ 'ਚ ਉਸਾਰੇ ਸਮਾਰਕ ਨੂੰ ਭੁੱਲੀ ਭਾਰਤ ਤੇ ਪੰਜਾਬ ਸਰਕਾਰ
ਕੁਰਬਾਨੀ ਦੇ ਜਜ਼ਬੇ ਤੋਂ ਪ੍ਰੇਰਨਾ: ਇਹ ਮੈਰਾਥਨ ਬਠਿੰਡਾ ਦੇ ਰੋਜ਼ ਗਾਰਡਨ ਤੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਅਗਵਾਈ ਵਿੱਚ ਸ਼ੁਰੂ ਕਰਵਾਈ ਗਈ ਜੋ ਕਿ ਸ਼ਹਿਰ ਦੇ ਵੱਖ-ਵੱਖ ਬਜਾਰਾਂ ਵਿੱਚ ਦੀ ਲੰਘੀ ਇਸ ਮੌਕੇ ਵੰਦੇ ਮਾਤਰਮ ਅਤੇ ਭਾਰਤ ਮਾਤਾ ਕੀ ਜੈ ਦੇ ਨਾਅਰਿਆਂ ਨੇ ਅਸਮਾਨ ਵਿੱਚ ਇਨਕਲਾਬੀ ਰੰਗ ਘੋਲ ਦਿੱਤਾ। ਇਸ ਮੌਕੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਕਿਹਾ, ਕਿ ਨੌਜਵਾਨਾਂ ਨੂੰ ਛੋਟੀ ਉਮਰ ਵਿੱਚ ਹੀ ਸ਼ਹੀਦ ਭਗਤ ਸਿੰਘ ਦੀ ਦੇਸ਼ ਲਈ ਕੁਰਬਾਨੀ ਦੇ ਜਜ਼ਬੇ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਅਮਰ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਸ਼ਹੀਦ ਸੁਖਦੇਵ ਨੌਜਵਾਨਾਂ ਲਈ ਰੋਲ ਮਾਡਲ ਹਨ।
ਸ਼ਹੀਦ ਭਗਤ ਸਿੰਘ ਨੇ ਨੌਜਵਾਨਾਂ ਅੰਦਰ ਆਜ਼ਾਦੀ ਦੀ ਲੋ ਜਗਾ ਕੇ ਵਿਚਾਰਾਂ ਦੀ ਕ੍ਰਾਂਤੀ ਪੈਦਾ ਕੀਤੀ। ਜੋ ਸਦਾ ਲਈ ਅਮਰ ਹੈ। ਪਰ ਸੱਤਾ ਦੇ ਲਾਲਚ ਵਿੱਚ ਸਰਕਾਰਾਂ ਨੇ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਵਿੱਚ ਜਾਣ ਦਿੱਤਾ।ਭਾਜਪਾ ਦੇ ਵਰਿੰਦਰ ਸ਼ਰਮਾ ਨੇ ਕਿਹਾ ਕਿ ਹੁਣ ਪੰਜਾਬ ਦਾ ਨੌਜਵਾਨ ਜਾਗਰੂਕ ਹੋ ਕੇ ਨਸ਼ਿਆਂ ਤੋਂ ਅਜ਼ਾਦੀ ਦੀ ਲੜਾਈ ਲੜ ਰਿਹਾ ਹੈ। ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਾਰਿਆਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਪਵੇਗੀ। ਅਤੇ ਸਾਨੂੰ ਬੁਰੇ ਲੋਕਾਂ ਨਾਲ ਸਾਵਧਾਨੀ ਵਰਤਦੇ ਹੋਏ ਲੜਨਾ ਪਵੇਗਾ। ਤਾਂ ਜੋ ਖੁਸ਼ਹਾਲ ਪੰਜਾਬ ਬਣਾਇਆ ਜਾ ਸਕੇ। ਰੰਗ ਦੇ ਬਸੰਤੀ ਚੋਲਾ ਗਾ ਕੇ ਦੇਸ਼ ਲਈ ਕੁਰਬਾਨੀਆਂ ਕਰਨ ਵਾਲੇ ਅਮਰ ਸ਼ਹੀਦਾਂ ਦੇ ਵਿਚਾਰਾਂ ਨੂੰ ਹਰ ਘਰ ਤੱਕ ਪਹੁੰਚਾਉਣ ਦਾ ਕੰਮ ਭਾਜਪਾ ਕਰ ਰਹੀ ਹੈ। ਅਤੇ ਨਵੀਂ ਸਿੱਖਿਆ ਨੀਤੀ ਵਿੱਚ ਅਮਰ ਸ਼ਹੀਦਾਂ ਦਾ ਇਤਿਹਾਸ ਪੜ੍ਹਾਇਆ ਜਾਵੇਗਾ।