ਬਠਿੰਡਾ: ਐਤਵਾਰ ਨੂੰ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਬਠਿੰਡਾ ਪੁੱਜੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਲਗਭਗ 200 ਵਰਕਰ ਆਪਣੀ-ਆਪਣੀ ਪਾਰਟੀ ਛੱਡ ਕੇ ਕਾਂਗਰਸ 'ਚ ਸ਼ਾਮਲ ਹੋ ਗਏ ਹਨ। ਮਨਪ੍ਰੀਤ ਬਾਦਲ ਨੇ ਇਨ੍ਹਾਂ ਸਾਰੇ ਵਰਕਰਾਂ ਦਾ ਕਾਂਗਰਸ ਪਾਰਟੀ 'ਚ ਆਉਣ 'ਤੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਦੌਰਾਨ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ 'ਤੇ ਨਿਸ਼ਾਨੇ ਸਾਧੇ।
ਹਾਲ ਹੀ 'ਚ ਸੁਖਬੀਰ ਬਾਦਲ ਨੇ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਚੁਣੌਤੀ ਦਿੱਤੀ ਸੀ ਕਿ ਜੇਕਰ ਉਨ੍ਹਾਂ 'ਚ ਹਿੰਮਤ ਹੈ ਤਾਂ ਉਹ ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਚੋਣ ਲੜ ਕੇ ਵਿਖਾਉਣ। ਇਸੇ ਮੁੱਦੇ 'ਤੇ ਮਨਪ੍ਰੀਤ ਬਾਦਲ ਨੇ ਕਿਹਾ, "ਕਿਉਂ ਸੁਖਬੀਰ ਸਿੰਘ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਨੂੰ ਆਪਣੇ ਆਪ 'ਤੇ ਹੰਕਾਰ ਹੈ? ਇਨ੍ਹਾਂ ਦੋਹਾਂਦਾ ਕੀ ਕਿਰਦਾਰ ਹੈ? ਲੋਕ ਕੋਈ ਭੇਡ ਬੱਕਰੀਆਂ ਨਹੀਂ, ਲੋਕ ਹੀ ਹੁਣ ਚੋਣ ਦੇ ਫ਼ੈਸਲੇ ਕਰਨਗੇ ਕਿ ਚੁਣੌਤੀ ਦਾ ਕੀ ਮਤਲਬ ਹੁੰਦਾ ਹੈ। ਸੁਖਬੀਰ ਸਿੰਘ ਬਾਦਲ ਨੂੰ ਆਪਣੇ 'ਤੇ ਇੰਨਾ ਹੰਕਾਰ ਨਹੀਂ ਕਰਨਾ ਚਾਹੀਦਾ।" ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆਂ ਦਾ ਕਿਰਦਾਰ ਲੋਕਾਂ ਦੇ ਸਾਹਮਣੇ ਹੈ।
ਹਰਸਿਮਰਤ ਕੌਰ ਬਾਦਲ 'ਤੇ ਪੰਜਾਬ ਦੇ ਵਿੱਤ ਮੰਤਰੀ ਨੇ ਟਿੱਪਣੀ ਕਰਦਿਆਂ ਕਿਹਾ ਕਿ ਉਹ ਬਿਨਾਂ ਕਿਸੇ ਕਾਰਨ ਤੋਂ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ, ਪੰਜਾਬ ਨੂੰ ਬਦਨਾਮ ਕਰ ਰਹੀ ਹੈ ਕਿ ਬਠਿੰਡਾ 'ਚ ਜੋ 'ਏਮਜ਼' ਬਣ ਰਿਹਾ ਹੈ ਪੰਜਾਬ ਸਰਕਾਰ ਉਸ ਵਿੱਚਸਹਿਯੋਗ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ ਤੇ ਇਸ ਵਿੱਚ ਹਰਸਿਮਰਤ ਦਾ ਕੋਈ ਵੀ ਯੋਗਦਾਨਨਹੀਂ ਹੈ ਇਹ ਤਾਂ ਕੇਂਦਰ ਦਾ ਪ੍ਰਾਜੈਕਟ ਹੈ।
ਉਨ੍ਹਾਂ ਕਿਹਾ ਕਿ ਹਰਸਿਮਰ ਬਾਦਲ ਨੇ ਆਪਣੇ ਪੰਜ ਸਾਲਾਂ ਦੇ ਕਾਰਜਕਾਲ 'ਚ ਬਠਿੰਡਾ ਦੇ ਵਿਕਾਸ ਲਈ ਆਪਣੀ ਜੇਬ ਵਿਚੋਂ ਪੰਜ ਪੈਸੇ ਵੀ ਨਹੀਂ ਖਰਚੇ ਇਹ ਲੋਕਾਂ ਦਾ ਪੈਸਾ ਹੈ ਜੋ ਲੱਗ ਰਿਹਾ ਹੈ। ਹਰਸਿਮਰਤ ਬਾਦਲ ਤਾਂ ਵੋਟਾਂ ਹਾਸਲ ਕਰਨ ਲਈ ਬਠਿੰਡਾ ਵਾਸੀਆਂ ਨੂੰ ਗੁੰਮਰਾਹ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਇਕ ਹਫ਼ਤੇ 'ਚ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੀਆਂ 13 ਸੀਟਾਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ।