ਬਠਿੰਡਾ: ਬੀੜ ਤਲਾਬ ਪਿੰਡ ਵਿੱਚ ਘੁੱਕਰ ਸਿੰਘ ਨਾਂਅ ਦੇ ਨੌਜਵਾਨ ਵੱਲੋਂ ਨਸ਼ਾ ਤਸਕਰੀ ਦਾ ਮੁਕੱਦਮਾ ਦਰਜ ਹੋਣ ਦੇ ਖ਼ੌਫ਼ 'ਚ ਸਪਰੇਅ ਪੀ ਕੇ ਖੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਨੇ ਪਰਿਵਾਰ ਦੇ ਬਿਆਨ ਮੁਤਾਬਕ ਦੋਸ਼ੀ ਖ਼ਿਲਾਫ਼ ਮੁਕੱਦਮਾ ਦਰਜ ਕਰ ਦਿੱਤਾ ਹੈ।
ਮ੍ਰਿਤਕ ਦੇ ਪਿਤਾ ਭੋਲਾ ਸਿੰਘ ਨੇ ਦੱਸਿਆ ਕਿ ਘੁੱਕਰ ਸਿੰਘ ਉਨ੍ਹਾਂ ਦਾ ਇਕਲੌਤਾ ਮੁੰਡਾ ਸੀ ਜਿਸ ਦੇ ਦੋ ਛੋਟੇ-ਛੋਟੇ ਬੱਚੇ ਹਨ। ਉਨ੍ਹਾਂ ਦੱਸਿਆ ਕਿ ਘੁੱਕਰ ਸਿੰਘ ਗੁਰਦੁਆਰੇ ਵਿੱਚ ਸੇਵਾ ਕਰ ਰਿਹਾ ਸੀ ਕਿ ਮੇਜਰ ਸਿੰਘ ਅਤੇ ਕਾਲਾ ਸਿੰਘ ਨੇ ਆਪਣੇ ਮੋਟਰਸਾਈਕਲ ਵਿੱਚੋਂ ਪੈਟਰੋਲ ਖ਼ਤਮ ਹੋਣ ਦਾ ਬਹਾਨਾ ਲਗਾ ਕੇ ਘੁੱਕਰ ਸਿੰਘ ਦਾ ਮੋਟਰਸਾਈਕਲ ਲੈ ਲਿਆ। ਇਸ ਤੋਂ ਬਾਅਦ ਸੰਗਤ ਮੰਡੀ ਦੇ ਨਜ਼ਦੀਕ ਡੂਮਵਾਲੀ ਬੈਰੀਅਰ 'ਤੇ ਮੇਜਰ ਸਿੰਘ ਕੋਲੋਂ ਨਸ਼ਾ ਬਰਾਮਦ ਹੋਇਆ ਸੀ।
ਇਸ 'ਤੇ ਮੇਜਰ ਸਿੰਘ ਨੇ ਘੁੱਕਰ ਸਿੰਘ ਦੇ ਨਾਂ 'ਤੇ ਮੁਕੱਦਮੇ ਦਰਜ ਕਰਵਾ ਦਿੱਤਾ ਜਿਸ ਤੋਂ ਬਾਅਦ ਘੁੱਕਰ ਸਿੰਘ ਨੇ ਬੇਇੱਜ਼ਤੀ ਅਤੇ ਨਸ਼ਾ ਤਸਕਰੀ ਦੇ ਮੁਕੱਦਮੇ ਦੇ ਖ਼ੌਫ਼ 'ਚ ਖੁਦਕੁਸ਼ੀ ਕਰ ਲਈ। ਉਨ੍ਹਾਂ ਨੇ ਪੁਲਿਸ ਤੋਂ ਮੰਗ ਕੀਤੀ ਕਿ ਉਹ ਮੇਜਰ ਸਿੰਘ ਦੇ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਕਰਨ।
ਏਐਸਆਈ ਪਰਮਜੀਤ ਸਿੰਘ ਨੇ ਦੱਸਿਆ ਭੋਲਾ ਸਿੰਘ ਦੇ ਦੱਸਣ ਮੁਤਾਬਕ ਘੁੱਕਰ ਸਿੰਘ ਨੇ ਨਸ਼ਾ ਤਸਕਰੀ ਦਾ ਮੁਕੱਦਮਾ ਦਰਜ ਹੋਣ ਦੇ ਖ਼ੌਫ਼ ਕਾਰਨ ਸਪਰੇਅ ਪੀ ਕੇ ਖੁਦਕੁਸ਼ੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਘੁੱਕਰ ਸਿੰਘ ਦੇ ਪਿਤਾ ਭੋਲਾ ਸਿੰਘ ਦੇ ਬਿਆਨ ਦੇ ਆਧਾਰ 'ਤੇ ਮੇਜਰ ਸਿੰਘ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਮੁੱਢਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ:ਕਾਂਗਰਸ ਯੂਥ ਵਿੰਗ ਨੇ ਪੈਟਰੋਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਕੀਤਾ ਪ੍ਰਦਰਸ਼ਨ