ਬਠਿੰਡਾ : ਅਮਰਨਾਥ ਯਾਤਰਾ ਦੌਰਾਨ ਪਿਛਲੇ ਤਿੰਨ ਦਹਾਕਿਆਂ ਤੋਂ ਬਠਿੰਡਾ ਦੀ ਮਹਾਂ ਦੇਵ ਅਮਰਨਾਥ ਸੇਵਾ ਸਮਤੀ ਵੱਲੋਂ ਲੰਗਰ ਦੀ ਸੇਵਾ ਨਿਰੰਤਰ ਲਗਾਈ ਜਾ ਰਹੀ ਹੈ। ਹੁਣ ਇਸ ਸੰਸਥਾ ਦੇ ਮੋਹਤਬਰਾਂ ਨੇ ਬਠਿੰਡਾ ਵਿੱਚ ਇਕ ਵੱਡਾ ਉੱਦਮ ਸ਼ੁਰੂ ਕੀਤਾ ਹੈ, ਇਸ ਨਾਲ ਕੋਈ ਵੀ ਵਿਅਕਤੀ ਭੁੱਖਾ ਪੇਟ ਨਹੀਂ ਰਹੇਗਾ, ਸਗੋਂ ਖਾਣਾ ਵੀ ਬਜਟ ਮੁਤਾਬਿਕ ਹੀ ਮਿਲੇਗਾ। ਸੰਸਥਾ ਦੇ ਇਸ ਉਪਰਾਲੇ ਦੀ ਚਾਰੇ ਪਾਸੇ ਚਰਚਾ ਵੀ ਹੋ ਰਹੀ ਹੈ...
10 ਰੁਪਏ ਵਿੱਚ ਮਿਲੇਗਾ ਖਾਣਾ: ਸਿਰਫ ਦਸ ਰੁਪਏ ਵਿਚ ਢਿੱਡ ਭਰ ਕੇ ਖਾਣਾ ਦੇਣ ਲਈ ਇਸ ਵਾਰ ਮਹਾਂ ਸ਼ਿਵਰਾਤਰੀ ਉੱਤੇ ਇਹ ਸੰਸਥਾ ਨਵੀਂ ਸ਼ੁਰੂਆਤ ਕਰ ਰਹੀ ਹੈ। ਸੰਸਥਾ ਦੇ ਆਗੂ ਅਸ਼ੋਕ ਗਰਗ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਵੱਲੋਂ ਪਿਛਲੇ ਤਿੰਨ ਦਹਾਕਿਆਂ ਤੋਂ ਅਮਰਨਾਥ ਯਾਤਰਾ ਦੌਰਾਨ ਸ਼ੇਸ਼ਨਾਗ ਵਿਖੇ ਵਿਸ਼ੇਸ਼ ਲੰਗਰ ਲਗਾਇਆ ਜਾ ਰਿਹਾ ਹੈ। ਇਸੇ ਲੰਗਰ ਦੀ ਕਿਰਪਾ ਨਾਲ ਹੁਣ ਬਠਿੰਡਾ ਵਿੱਚ ਇੱਕ ਕਰੋੜ ਰੁਪਏ ਖਰਚ ਕਰਕੇ 3 ਮੰਜ਼ਿਲਾ ਬਿਲਡਿੰਗ ਤਿਆਰ ਕੀਤੀ ਗਈ ਹੈ, ਜਿੱਥੇ ਲੋਕਾਂ ਨੂੰ ਸਿਰਫ ਦਸ ਰੁਪਏ ਵਿਚ ਭਰ ਪੇਟ ਖਾਣਾ ਦਿੱਤਾ ਜਾਵੇਗਾ।
ਟੇਬਲ ਕੁਰਸੀ ਉੱਤੇ ਬੈਠ ਕੇ ਖਾ ਸਕਦੇ ਹਨ ਖਾਣਾ: ਬਿਲਡਿੰਗ ਦੇ ਹੇਠਲੇ ਪਾਸੇ ਇਕ ਸਮੇਂ ਵਿਚ ਕਈ ਲੋਕ ਟੇਬਲ ਉੱਤੇ ਬਹਿ ਕੇ ਥਾਲੀ ਛਕ ਸਕਦੇ ਹਨ। ਦੂਸਰੀ ਮੰਜ਼ਿਲ ਉੱਪਰ ਆਟਾ ਗੁੰਨਣ ਤੇ ਰੋਟੀਆ ਬਣਾਉਣ ਦੇ ਨਾਲ ਨਾਲ ਆਲੂ ਛਿੱਲਣ ਵਾਲੀ ਮਸ਼ੀਨ ਲਗਾਈ ਗਈ ਹੈ। ਉਨ੍ਹਾਂ ਦੱਸਿਆ ਕਿ ਤੀਜੀ ਮੰਜ਼ਲ ਉਪਰ ਲੇਬਰ ਦੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਬਿਲਡਿੰਗ ਨੂੰ ਅਜਿਹੇ ਢੰਗ ਨਾਲ ਤਿਆਰ ਕੀਤਾ ਗਿਆ ਹੈ ਕਿ ਥਾਲੀ ਖਾਣ ਆਉਣ ਵਾਲੇ ਵਿਅਕਤੀ ਨੂੰ ਕਿਸੇ ਤਰਾਂ ਦੀ ਕੋਈ ਵੀ ਪਰੇਸ਼ਾਨੀ ਮਹਿਸੂਸ ਨਾ ਹੋਵੇ। ਇਹ ਬਿਲਡਿੰਗ ਕਿਸੇ ਚੰਗੇ ਹੋਟਲ ਵਾਂਗ ਹੀ ਤਿਆਰ ਕੀਤੀ ਗਈ ਹੈ।
ਇਹ ਵੀ ਪੜ੍ਹੋ: Attack on Family in Moga: ਪੁਰਾਣੀ ਕਿੜ ਕੱਢਣ ਲਈ ਵਿਆਹ ਸਮਾਗਮ ਤੋਂ ਮੁੜ ਰਹੇ ਪਰਿਵਾਰ ਦੀ ਗੱਡੀ ਨੂੰ ਮਾਰੀ ਟੱਕਰ, 5 ਲੋਕ ਗੰਭੀਰ ਜ਼ਖਮੀ
ਸਟਾਫ ਨੂੰ ਤਨਖਾਹ ਉੱਤੇ ਕੀਤਾ ਭਰਤੀ: ਗਰਗ ਨੇ ਦੱਸਿਆ ਕਿ ਖਾਣਾ ਅਤੇ ਥਾਲੀ ਤਿਆਰ ਕਰਨ ਲਈ 10 ਲੋਕਾਂ ਨੂੰ ਟੀਮ ਤਿਆਰ ਕੀਤੀ ਗਈ ਹੈ। ਜਿਸ ਵਿਚ ਹਲਵਾਈ ਅਤੇ ਹੋਰ ਸਟਾਫ ਨੂੰ ਸੰਸਥਾ ਵੱਲੋਂ ਤਨਖਾਹ ਵੀ ਦਿੱਤੀ ਜਾਂਦੀ ਹੈ। ਇਸਦਾ ਕਰੀਬ ਡੇਢ ਲੱਖ ਰੁਪਿਆ ਹਰ ਮਹੀਨੇ ਖਰਚ ਆਵੇਗਾ ਅਤੇ ਖਾਣਾ ਖਾਣ ਆਉਣ ਵਾਲਿਆਂ ਨੂੰ ਬੈਠਣ ਦੇ ਨਾਲ-ਨਾਲ ਆਰਓਦੇ ਸਾਫ ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਸੰਸਥਾ ਵੱਲੋਂ ਇਹ ਖਾਣਾ ਦੋ ਵੇਲੇ ਦਿੱਤਾ ਜਾਵੇਗਾ। ਇਸਦਾ ਸਮਾਂ ਦੁਪਹਿਰੇ 1 ਵਜੇ ਤੋਂ 3 ਵਜੇ ਤੱਕ ਅਤੇ ਸ਼ਾਮੀ 7 ਵਜੇ ਤੋਂ ਰਾਤ 10 ਵਜੇ ਤੱਕ ਹੋਵੇਗਾ। ਉਨ੍ਹਾਂ ਦੱਸਿਆ ਕਿ ਇਕ ਹੋਰ ਵੀ ਯੋਜਨਾ ਹੈ ਕਿ ਜੇਕਰ ਕਿਸੇ ਪਰਿਵਾਰ ਵਿੱਚ ਕਿਸੇ ਦਾ ਅਕਾਲ ਚਲਾਣਾ ਹੋ ਜਾਂਦਾ ਹੈ ਤਾਂ ਵੀ ਸੰਸਥਾ ਵਲੋਂ ਖਾਣਾ ਤਿਆਰ ਕਰਕੇ ਭੇਜਿਆ ਜਾਵੇਗਾ।