ਬਠਿੰਡਾ: 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਾਰੀਆਂ ਹੀ ਸਿਆਸੀ ਧਿਰਾਂ ਪੂਰੀ ਤਰ੍ਹਾਂ ਸਰਗਰਮ ਹੋ ਚੁੱਕੀਆਂ ਹਨ, ਉੱਥੇ ਹੀ ਸਿਆਸੀ ਪਾਰਟੀਆਂ ਵੱਲੋਂ ਗੱਠਜੋੜ ਕਰਕੇ ਇਹ ਚੋਣਾਂ ਲੜਨ ਲਈ ਵਿਉਂਤਬੰਦੀ ਕੀਤੀ ਜਾ ਰਹੀ ਹੈ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਉੱਤੇ ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਹੁਣੇ ਤੋਂ ਹੀ ਸਿਆਸੀ ਗਿਣਤੀ ਮਿਣਤੀ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਵਾਰ ਇਹ ਸਿਆਸੀ ਮੁਕਾਬਲਾ ਕਾਫੀ ਰੋਚਕ ਰਹਿਣ ਵਾਲਾ ਹੈ, ਕਿਉਂਕਿ ਪੰਜਾਬ ਵਿੱਚ ਪਹਿਲੀ ਵਾਰ ਸਰਕਾਰ ਬਣਾਉਣ ਵਾਲੀ ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਵੱਲੋਂ INDIA ਅਲਾਇੰਸ ਰਾਹੀਂ, ਜਿੱਥੇ 2024 ਦੀਆਂ ਲੋਕ ਸਭਾ ਚੋਣਾਂ ਲੜੀਆਂ (Punjab Politics Alliance) ਜਾਣਗੀਆਂ, ਉੱਥੇ ਹੀ 2019 ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਕਰਕੇ ਚੋਣਾਂ ਲੜਨ ਵਾਲੀ ਭਾਜਪਾ ਵੱਲੋਂ ਇਸ ਵਾਰ ਇਕੱਲਿਆਂ ਚੋਣ ਲੜਨ ਦਾ ਮਨ ਬਣਾ ਲਿਆ ਹੈ।
ਕਿਸਾਨ ਅੰਦੋਲਨ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਭਾਜਪਾ ਨਾਲ ਤੋੜ ਵਿਛੋੜਾ ਕਰਕੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ਕਰਕੇ ਲੜੀਆਂ ਗਈਆਂ ਸਨ ਅਤੇ ਪੰਜਾਬ ਵਿੱਚ ਬਹੁਜਨ ਸਮਾਜ ਪਾਰਟੀ ਪਹਿਲੀ ਵਾਰ ਆਪਣਾ ਇਕ ਵਿਧਾਇਕ ਬਣਾਉਣ ਵਿੱਚ ਇਸ ਗਠਜੋੜ ਰਾਹੀਂ ਕਾਮਯਾਬ ਹੋਈ ਸੀ, ਜਦਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਗੱਠਜੋੜ ਤਹਿਤ 20 ਸੀਟਾਂ ਬਹੁਜਨ ਸਮਾਜ ਪਾਰਟੀ ਨੂੰ 2022 ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਦਿੱਤੀਆਂ ਗਈਆਂ ਸਨ। ਉੱਥੇ ਹੀ, ਭਾਜਪਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਨਾਲੋਂ ਗੱਠਜੋੜ ਟੁੱਟ ਜਾਣ ਤੋਂ ਬਾਅਦ ਇਕੱਲਿਆਂ 117 ਸੀਟਾਂ ਉੱਤੇ ਚੋਣ ਲੜੀ ਗਈ ਸੀ।
ਵਿਧਾਨ ਸਭਾ ਚੋਣਾਂ ਵਿੱਚ ਵੋਟ ਫੀਸਦ: 2017 ਪੰਜਾਬ ਵਿਧਾਨ ਸਭਾ ਚੋਣਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਵੱਲੋਂ ਗੱਠਜੋੜ ਰਾਹੀਂ ਲੜੀਆਂ ਗਈਆਂ ਸਨ। ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ 94 ਸੀਟਾਂ 'ਤੇ ਆਪਣੇ ਉਮੀਦਵਾਰ ਉਤਾਰੇ ਗਏ ਸਨ ਅਤੇ ਭਾਜਪਾ ਵੱਲੋਂ 23 ਸੀਟਾਂ ਉੱਤੇ ਆਪਣੇ ਉਮੀਦਵਾਰ ਉਤਾਰੇ ਗਏ ਸਨ। ਜਦਕਿ, ਬਹੁਜਨ ਸਮਾਜ ਪਾਰਟੀ ਵੱਲੋਂ 11 ਸੀਟਾਂ ਉੱਤੇ ਆਪਣੇ ਉਮੀਦਵਾਰ ਉਤਾਰੇ ਗਏ ਸਨ, ਇਨ੍ਹਾਂ ਚੋਣਾਂ ਦੌਰਾਨ ਜਿੱਥੇ 76.83 ਪ੍ਰਤੀਸ਼ਤ ਦੀ ਪੋਲਿੰਗ ਹੋਈ ਸੀ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ 25.24 ਫੀਸਦੀ, ਭਾਜਪਾ ਨੂੰ 5. 39 ਫੀਸਦੀ ਅਤੇ ਬਹੁਜਨ ਸਮਾਜ ਪਾਰਟੀ ਨੂੰ 1.52 ਫੀਸਦੀ ਵੋਟਾਂ ਪਈਆਂ ਸਨ।
ਵਿਧਾਨ ਸਭਾ ਚੋਣਾਂ ਵਿੱਚ ਵੋਟ ਫੀਸਦ: 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਨੂੰ 28 ਲੱਖ, 61 ਹਜ਼ਾਰ, 286 ਵੋਟਾਂ ਪਈਆਂ ਸਨ, ਜਦਕਿ ਬਹੁਜਨ ਸਮਾਜ ਪਾਰਟੀ ਨੂੰ 2 ਲੱਖ, 75 ਹਜ਼ਾਰ, 232 ਵੋਟਾਂ ਪਈਆਂ ਸਨ ਅਤੇ ਭਾਜਪਾ ਨੂੰ 10 ਲੱਖ 27 ਹਜ਼ਾਰ, 143 ਵੋਟਾਂ ਪਈਆਂ। 2022 ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ 72% ਵੋਟਾਂ ਦੀ ਪੋਲਿੰਗ ਹੋਈ ਸੀ ਜਿਸ ਵਿੱਚੋਂ ਅਕਾਲੀ ਦਲ ਨੂੰ 18.38% ਬਹੁਜਨ ਸਮਾਜ ਪਾਰਟੀ ਨੂੰ 1.77 ਅਤੇ ਭਾਜਪਾ ਨੂੰ 6.60% ਵੋਟ ਪਏ ਸਨ।
ਲੋਕ ਸਭਾ ਚੋਣਾਂ ਵਿੱਚ ਵੋਟ ਫੀਸਦ: ਇਸੇ ਤਰ੍ਹਾਂ ਲੋਕ ਸਭਾ ਚੋਣਾਂ 2019 ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਵੱਲੋਂ 13 ਲੋਕ ਸਭਾ ਹਲਕਿਆਂ ਵਿੱਚ ਗੱਠਜੋੜ ਰਾਹੀਂ ਚੋਣਾਂ ਲੜੀਆਂ ਗਈਆਂ ਸਨ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ 10 ਅਤੇ ਭਾਜਪਾ ਵੱਲੋਂ ਤਿੰਨ ਸੀਟਾਂ ਤੇ ਚੋਣ ਲੜੀ ਗਈ ਸੀ। ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਦੋ ਅਤੇ ਭਾਜਪਾ ਨੂੰ ਵੀ ਦੋ ਸੀਟਾਂ ਤੇ ਜਿੱਤ ਪ੍ਰਾਪਤ ਹੋਈ ਸੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ 27.45% ਵੋਟਾਂ ਪਈਆਂ ਸਨ, ਜਦਕਿ ਭਾਜਪਾ ਨੂੰ 9.63 ਪ੍ਰਤੀਸ਼ਤ ਵੋਟਾਂ ਪਈਆਂ ਸਨ।
ਆਗਾਮੀ ਚੋਣ ਰਹੇਗੀ ਦਿਲਚਸਪ: ਹੁਣ ਵੇਖਣ ਵਾਲੀ ਗੱਲ ਇਹ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਜੇਕਰ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਗਠਜੋੜ ਦੇ ਚੱਲਦਿਆਂ ਚੋਣਾਂ ਲੜੀਆਂ ਜਾਂਦੀਆਂ ਹਨ, ਤਾਂ ਭਾਜਪਾ ਦੀ ਥਾਂ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ਕਰਕੇ ਸ਼੍ਰੋਮਣੀ ਅਕਾਲੀ ਦਲ ਆਪਣੀ ਸਿਆਸੀ ਜ਼ਮੀਨ ਬਚਾਉਣ ਵਿੱਚ ਕਾਮਯਾਬ ਕਿਵੇਂ ਹੁੰਦਾ ਹੈ, ਕਿਉਂਕਿ ਭਾਜਪਾ ਦਾ ਵੋਟ ਬੈਂਕ ਲਗਾਤਾਰ ਪੰਜਾਬ ਵਿੱਚ ਵਾਧਾ ਜਾ ਰਿਹਾ ਹੈ, ਜਦਕਿ ਬਹੁਜਨ ਸਮਾਜ ਪਾਰਟੀ ਦੇ ਵੋਟ ਬੈਂਕ ਦੀ ਜੇਕਰ ਗੱਲ ਕੀਤੀ ਜਾਵੇ, ਤਾਂ ਪਿਛਲੀਆਂ ਵਿਧਾਨ ਸਭਾ ਚੋਣਾਂ ਅਤੇ ਲੋਕ ਸਭਾ ਚੋਣਾਂ ਦੌਰਾਨ ਵੋਟ ਪ੍ਰਤੀਸ਼ਤ ਦੇ ਅੰਕੜਿਆਂ ਦੇ ਅਨੁਸਾਰ ਭਾਜਪਾ ਨਾਲੋਂ ਕਿਤੇ ਘੱਟ ਹੈ। ਬਹੁਜਨ ਸਮਾਜ ਪਾਰਟੀ ਵੱਲੋਂ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਚਾਰ ਸੀਟਾਂ ਦੀ ਮੰਗ ਕੀਤੀ ਜਾ ਰਹੀ ਹੈ, ਜਦਕਿ ਭਾਜਪਾ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਤਿੰਨ ਸੀਟਾਂ ਗਠਜੋੜ ਰਾਹੀਂ ਦਿੱਤੀਆਂ ਜਾਂਦੀਆਂ ਸਨ।
ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਉਨ੍ਹਾਂ ਦਾ ਗੱਠਜੋੜ ਜਾਰੀ ਹੈ ਅਤੇ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਚਾਰ ਸੀਟਾਂ ਦੀ ਪੰਜਾਬ ਵਿੱਚ ਮੰਗ ਕੀਤੀ ਗਈ ਹੈ। ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਲਗਾਤਾਰ ਬੈਠਕਾਂ ਦਾ ਦੌਰ ਜਾਰੀ ਹੈ, ਉੱਥੇ ਹੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। - ਜਸਵੀਰ ਸਿੰਘ ਗੜੀ, ਸੂਬਾ ਪ੍ਰਧਾਨ, ਬਹੁਜਨ ਸਮਾਜ ਪਾਰਟੀ
ਭਾਜਪਾ ਦਾ ਅਕਾਲੀ ਦਲ ਤੇ ਬਸਪਾ 'ਤੇ ਨਿਸ਼ਾਨਾ: ਭਾਜਪਾ ਦੇ ਸਾਬਕਾ ਜਨਰਲ ਸਕੱਤਰ ਸੁਖਪਾਲ ਸਿੰਘ ਸਰਾਂ ਦਾ ਕਹਿਣਾ ਹੈ ਕਿ ਭਾਜਪਾ ਦੀ ਕੇਂਦਰ ਲੀਡਰਸ਼ਿਪ ਵੱਲੋਂ ਫਿਲਹਾਲ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਉੱਤੇ ਇਕੱਲਿਆਂ ਚੋਣ ਲੜਨ ਦਾ ਮਨ ਬਣਾਇਆ ਗਿਆ ਹੈ। ਇਸ ਸਬੰਧੀ ਕੇਂਦਰੀ ਲੀਡਰਸ਼ਿਪ ਵੱਲੋਂ ਬਕਾਇਦਾ ਪੰਜਾਬ ਦੇ ਵੱਖ-ਵੱਖ ਲੋਕ ਸਭਾ ਹਲਕਿਆਂ ਵਿੱਚ ਜਾ ਕੇ ਵਰਕਰਾਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਆਪਸੀ ਭਾਈਚਾਰਕ ਸਾਂਝ ਲਈ ਬਣਿਆ ਸੀ, ਕਿਉਂਕਿ ਹਿੰਦੂ ਸਿੱਖ ਏਕਤਾ ਦਾ ਇੱਕ ਪ੍ਰਤੀਕ ਸੀ ਅਤੇ ਸਮਾਜ ਨੂੰ ਇੱਕ ਚੰਗੀ ਸਿਹਤ ਦੇਣ ਲਈ ਇਹ ਗੱਠਜੋੜ ਬਣਿਆ ਸੀ, ਪਰ ਹੁਣ ਗੱਠਜੋੜ ਟੁੱਟਣ ਤੋਂ ਬਾਅਦ ਜਿਸ ਤਰ੍ਹਾਂ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ਕਰਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣਾਂ ਲੜੀਆਂ ਜਾ ਰਹੀਆਂ ਹਨ। ਇਹ ਸਿਰਫ ਸਿਆਸੀ ਮਨੋਰਥ ਲਈ ਹੀ ਗਠਜੋੜ ਹੈ, ਨਾ ਕਿ ਸਮਾਜ ਸੇਵਾ ਲਈ।
ਕਾਂਗਰਸ ਦੀ ਬਸਪਾ ਤੇ ਅਕਾਲੀ ਦਲ ਨੂੰ ਸਲਾਹ: ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਬਹੁਜਨ ਸਮਾਜ ਪਾਰਟੀ ਦਾ ਸੀਮਤ ਆਧਾਰ ਹੈ, ਜੇਕਰ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਭਾਜਪਾ ਨਾਲ ਫਿਰ ਤੋਂ ਗਠਜੋੜ ਹੁੰਦਾ ਹੈ, ਤਾਂ ਇਸ ਦਾ ਕੁਦਰਤੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਦਾ ਵੱਡਾ ਫਾਇਦਾ ਮਿਲੇਗਾ, ਕਿਉਂਕਿ ਸ਼ਹਿਰਾਂ ਵਿੱਚ ਵੱਡੀ ਗਿਣਤੀ ਵਿੱਚ ਹਿੰਦੂ ਵੋਟ ਬੈਂਕ ਹੈ, ਜੋ ਕਿ ਭਾਜਪਾ ਦਾ ਸਮਰਥਨ ਕਰਦਾ ਹੈ। ਪਰ, ਹੁਣ ਵੇਖਣਾ ਇਹ ਹੋਵੇਗਾ ਕਿ ਜਿਸ ਤਰ੍ਹਾਂ ਬਹੁਜਨ ਸਮਾਜ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਲਈ ਚਾਰ ਸੀਟਾਂ ਦੀ ਮੰਗ ਕੀਤੀ ਜਾਂਦੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਨਾਲ ਜੇਕਰ ਦੁਬਾਰਾ ਗਠਜੋੜ ਹੁੰਦਾ ਹੈ, ਤਾਂ ਦੋਵੇਂ ਹੀ ਰਾਜਨੀਤਿਕ ਪਾਰਟੀਆਂ ਨੂੰ ਵੱਡਾ ਫਾਇਦਾ ਪਹੁੰਚੇਗਾ।