ਬਠਿੰਡਾ: ਪਾਕਿਸਤਾਨ ਦੀ ਸਰਹੱਦ ਦੇ ਨਾਲ ਲਗਦੇ ਪੰਜਾਬ ਤੇ ਰਾਜਸਥਾਨ ਦੇ ਪਿੰਡਾਂ ਵਿੱਚ ਟਿੱਡੀ ਦਲ ਵੱਲੋਂ ਹਮਲਾ ਕੀਤਾ ਗਿਆ ਸੀ। ਜਿਸ ਤੋਂ ਬਾਅਦ ਇਸੇ ਟਿੱਡੀ ਦਲ ਦਾ ਹਮਲਾ ਹੁਣ ਬਠਿੰਡਾ ਦੇ ਬਲਾਕ ਸੰਗਤ ਦੇ ਪਿੰਡਾਂ ਵਿੱਚ ਵੀ ਦੇਖਣ ਨੂੰ ਮਿਲਿਆ ਹੈ। ਜਿਥੇ ਇਸ ਟਿੱਡੀ ਦਲ ਦੇ ਹਮਲੇ ਦੀ ਸੂਚਨਾ ਤੋਂ ਬਾਅਦ ਹੀ ਖੇਤੀਬਾੜੀ ਵਿਭਾਗ ਤੇ ਕਿਸਾਨ ਹਰਕਤ ਵਿੱਚ ਆ ਗਏ ਹਨ।
ਬਠਿੰਡਾ ਦੇ ਬਲਾਕ ਸੰਗਤ ਅਧੀਨ ਆਉਂਦੇ ਪਿੰਡ ਸੇਖੂ ਵਿੱਚ ਟਿੱਡੀ ਦਲ ਦਾ ਹਮਲਾ ਦੇਖਣ ਨੂੰ ਮਿਲਿਆ ਹੈ। ਜਿਥੋਂ ਦੇ ਕਿਸਾਨਾਂ ਨੇ ਇਸ ਹਮਲੇ ਦੀ ਸੂਚਨਾ ਤੁਰੰਤ ਖੇਤੀਬਾੜੀ ਵਿਭਾਗ ਨੂੰ ਦਿੱਤੀ। ਜਿਸ ਤੋਂ ਬਾਅਦ ਵਿਭਾਗ ਨੇ ਤੁਰੰਤ ਹਰਕਤ ਵਿੱਚ ਆਉਂਦੇ ਹੋਏ ਕਿਸਾਨਾਂ ਦੀ ਮੱਦਦ ਨਾਲ ਇਸ ਟਿੱਡੀ ਦਲ 'ਤੇ ਕੀਟਨਾਸ਼ਕ ਦਾ ਛਿੜਕਾ ਕਰਕੇ ਕਾਬੂ ਪਾ ਲਿਆ ਹੈ।
ਜਾਣਕਾਰੀ ਦਿੰਦੇ ਹੋਏ ਖੇਤੀਬਾੜੀ ਅਫਸਰ ਡਾ.ਗੁਰਤੇਜ ਸਿੰਘ ਬਰਾੜ ਨੇ ਦੱਸਿਆ ਕਿ ਪਿੰਡ ਸੇਖੂ ਵਿਖੇ ਟਿੱਡੀ ਦਲ ਦੇ 30 ਤੋਂ 40 ਟਿੱਡੀਆਂ ਹੋਣ ਦੀ ਸੂਚਨਾ ਕਿਸਾਨਾਂ ਵਲੋਂ ਦਿੱਤੀ ਗਈ ਸੀ। ਜਿਸ ਤੋਂ ਬਾਅਦ ਤਰੁੰਤ ਕਾਰਵਾਈ ਕਰਦੇ ਹੋਏ ਇਸ ਟਿੱਡੀ ਦਲ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਜਿਸ ਤੇ ਮਹਿਕਮੇ ਵਲੋਂ ਫਿਲਹਾਲ ਕਾਬੂ ਪਾ ਲਿਆ ਗਿਆ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਸਰਕਾਰ ਇਸ ਦਾ ਸਥਾਈ ਹੱਲ ਲੱਭੇ ਤਾਂ ਜੋ ਕਿਸਾਨਾਂ ਦਾ ਵੱਧ ਨੁਕਸਾਨ ਨਾ ਹੋ ਸਕੇ। ਤੁਹਾਨੂੰ ਦੱਸ ਦਈਏ ਕਿ ਇਸ ਟਿੱਡੀ ਦਲ ਵਲੋਂ ਰਾਜਸਥਾਨ ਤੇ ਪੰਜਾਬ ਦੇ ਸਰਹੱਦੀ ਇਲਾਕੇ ਅੰਦਰ ਵੱਡੀ ਪੱਧਰ 'ਤੇ ਫਸਲਾਂ ਦਾ ਨੁਕਸਾਨ ਕੀਤਾ ਜਾ ਰਿਹਾ ਹੈ।