ਬਠਿੰਡਾ: ਇਤਿਹਾਸਕ ਨਗਰੀ ਤਲਵੰਡੀ ਸਾਬੋ ਵਿਖੇ ਵਿਸਾਖੀ ਤੋਂ ਪਹਿਲਾਂ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੀਆਂ ਕੰਧਾਂ ਉੱਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ ਹਨ। ਦੱਸ ਦਈਏ ਸ਼ਰਾਰਤੀ ਅਨਸਰਾਂ ਵੱਲੋਂ ਕਾਲਜ ਦੀਆਂ ਕੰਧਾਂ ਉੱਤੇ ਸਿੱਖ਼ਸ ਫਾਰ ਜਸਟਿਸ ਦੇ ਝੰਡੇ ਵੀ ਲਾਏ। ਦੂਜੇ ਪਾਸੇ ਵਿਸਾਖੀ ਦੇ ਮੱਦੇਨਜ਼ਰ ਜਿੱਥੇ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧਾਂ ਦੇ ਦਾਅਵੇ ਕੀਤੇ ਜਾ ਰਹੇ ਨੇ ਉੱਥੇ ਹੀ ਸ਼ਰਾਰਤੀ ਅਨਸਰ ਇਨ੍ਹਾਂ ਦਾਅਵਿਆਂ ਦੀ ਸ਼ਰੇਆਮ ਪੋਲ੍ਹ ਖੋਲ੍ਹਦੇ ਵੀ ਨਜ਼ਰ ਆ ਰਹੇ ਹਨ।
ਗਰਪਤਵੰਤ ਪੰਨੂ ਨੇ ਵੀਡੀਓ ਵਾਇਰਲ ਕੀਤੀ: ਦੱਸ ਦਈਏ ਇਹ ਨਾਅਰੇ ਸਿੱਖਸ ਫਾਰ ਜਸਟਿਸ ਦੇ ਮੁਖੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਤਲਵੰਡੀ ਸਾਬੋ ਵਿੱਚ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੇ ਬਾਹਰ ਆਪਣੇ ਗੁਰਗਿਆਂ ਤੋਂ ਲਿਖਵਾਏ ਹਨ ਅਤੇ ਗਰਪਤਵੰਤ ਪੰਨੂ ਨੇ ਇਸ ਸਬੰਧੀ ਵੀਡੀਓ ਵੀ ਵਾਇਰਲ ਕੀਤੀ ਹੈ। ਜਿਸ ਵਿੱਚ ਉਹ ਸਾਫ ਕਹਿ ਰਿਹਾ ਹੈ, 'ਖਾਲਿਸਤਾਨ ਹੀ ਪੰਜਾਬ ਦਾ ਇੱਕੋ ਇੱਕ ਹੱਲ ਹੈ,। ਜ਼ਿਕਰਯੋਗ ਹੈ ਕਿ ਕੁਝ ਦਿਨਾਂ ਬਾਅਦ 12 ਤੋਂ 14 ਅਪ੍ਰੈਲ ਤੱਕ ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਮੌਕੇ ਤਲਵੰਡੀ ਸਾਬੋ ਵਿੱਚ ਸ੍ਰੀ ਦਮਦਮਾ ਸਾਹਿਬ ਵਿਖੇ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ। ਜਿਸ ਦੇ ਮੱਦੇਨਜ਼ਰ ਸ੍ਰੀ ਦਮਦਮਾ ਸਾਹਿਬ ਨੇੜੇ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸ ਦੇ ਬਾਵਜੂਦ ਅੱਤਵਾਦੀ ਪੰਨੂ ਵੱਲੋਂ ਇੱਥੇ ਖਾਲਿਸਤਾਨ ਪੱਖੀ ਨਾਅਰੇ ਲਗਾਏ ਗਏ ਹਨ।
ਜਥੇਦਾਰ ਨੂੰ ਸਲਾਹ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬੀਤੇ ਦਿਨ ਫਰਾਰ ਚੱਲ ਰਹੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਨੂੰ ਆਤਮ ਸਮਰਪਣ ਕਰਨ ਦੀ ਹਦਾਇਤ ਕੀਤੀ ਗਈ ਹੈ। ਜਿਸ 'ਤੇ ਵਿਦੇਸ਼ 'ਚ ਬੈਠਾ SFJ ਮੁਖੀ ਗੁਰਪਤਵੰਤ ਸਿੰਘ ਪੰਨੂ ਭੜਕ ਉੱਠਿਆ ਹੈ। ਅੱਤਵਾਦੀ ਪੰਨੂੰ ਨੇ ਆਪਣੀ ਵੀਡੀਓ 'ਚ ਗਿਆਨੀ ਹਰਪ੍ਰੀਤ ਸਿੰਘ ਨੂੰ ਸਲਾਹ ਦਿੰਦਿਆਂ ਕਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਆਪਣੀ ਰਣਨੀਤੀ ਹੈ, ਜੇਕਰ ਉਹ ਚੜ੍ਹਦੀਕਲਾ ਦਾ ਸੰਦੇਸ਼ ਨਹੀਂ ਦੇ ਸਕਦਾ ਤਾਂ ਉਸ ਨੂੰ ਆਤਮ ਸਮਰਪਣ ਕਰਨ ਲਈ ਕਹਿਣਾ ਗਲਤ ਹੈ।
ਦੱਸ ਦਈਏ ਇਸ ਤੋਂ ਪਹਿਲਾਂ ਫਰਾਰ ਚੱਲ ਰਹੇ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਨੇ ਸੋਸ਼ਲ ਮੀਡੀਆ ਰਾਹੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵਿਸਾਖੀ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸਰਬੱਤ ਖ਼ਾਲਸਾ ਬੁਲਾਉਣ ਦੀ ਮੰਗ ਕੀਤੀ ਸੀ। ਇਸ ਤੋਂ ਮਗਰੋਂ ਭਾਵੇਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਮੰਗ ਨੂੰ ਕਈ ਕਾਰਣ ਦੱਸ ਕੇ ਅਣਗੋਲਿਆਂ ਕਰ ਦਿੱਤਾ ਸੀ, ਪਰ ਫਿਰ ਵੀ ਪੁਲਿਸ ਵੱਲੋਂ ਬਠਿੰਡਾ ਅਤੇ ਤਲਵੰਡੀ ਸਾਬੋ ਵਿੱਚ ਵਿਸਾਖੀ ਤੋਂ ਪਹਿਲਾਂ ਸੁਰੱਖਿਆ ਦੇ ਮੱਦੇਨਜ਼ਰ ਸਖ਼ਤ ਪ੍ਰਬੰਧ ਕੀਤੇ ਗਏ ਸਨ। ਹੁਣ ਬਾਵਜੂਦ ਇਸ ਸਖ਼ਤੀ ਦੇ ਤਲਵੰਡੀ ਸਾਬੋ ਵਿੱਚ ਸ਼ਰਾਰਤੀ ਅਨਸਰ ਆਪਣੀ ਕਾਰਵਾਈ ਨੂੰ ਅੰਜਾਮ ਦੇਕੇ ਫਿਰ ਤੋਂ ਫਰਾਰ ਹੋ ਗਏ ਨੇ ਅਤੇ ਪੁਲਿਸ ਦਾ ਹੱਥ ਖਾਲੀ ਨੇ।
ਇਹ ਵੀ ਪੜ੍ਹੋ: Bhagwant Mann visit Jalandhar: ਸੀਐੱਮ ਮਾਨ ਦੀ ਜਲੰਧਰ ਵਿੱਚ ਰੈਲੀ, ਉਮੀਦਵਾਰ ਰਿੰਕੂ ਦੇ ਹੱਕ 'ਚ ਮੰਗਣਗੇ ਵੋਟਾਂ