ਬਠਿੰਡਾ: ਜੇਲ੍ਹਾਂ ਦੇ ਵਿੱਚ ਹੋਣ ਵਾਲੀਆਂ ਘਟਨਾਵਾਂ ਨੂੰ ਲੈ ਕੇ ਅਕਸਰ ਸੁਰੱਖਿਆ ਦੇ ਉੱਤੇ ਸਵਾਲ ਖੜ੍ਹੇ ਹੁੰਦੇ ਰਹਿੰਦੇ ਹਨ। ਬਠਿੰਡਾ ਦੇ ਵਿੱਚ ਅਜਿਹਾ ਹੀ ਇਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਅਸਿਸਟੈਂਟ ਜੇਲ੍ਹ ਸੁਪਰਡੈਂਟ ਵੱਲੋਂ ਮਿਲੇ ਪੱਤਰ ਮੁਤਾਬਕ ਬਠਿੰਡਾ ਦੇ ਥਾਣਾ ਕੈਂਟ ਵਿੱਚ 3 ਕੈਦੀਆਂ ਵੱਲੋਂ ਜੇਲ੍ਹ ਵਿੱਚ ਬਣੇ ਹਸਪਤਾਲ ਦੇ ਮੈਡੀਕਲ ਸਟੋਰ ਵਿੱਚੋਂ ਖਿੜਕੀ ਤੋੜ ਕੇ 2000 ਨਸ਼ੀਲੀ ਗੋਲੀਆਂ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ 29 ਨਵੰਬਰ ਦੀ ਹੈ। ਇਹ ਮੁਲਾਜ਼ਮ ਵੱਖ-ਵੱਖ ਜੁਰਮ ਦੇ ਤਹਿਤ ਸਜ਼ਾ ਕੱਟ ਰਹੇ ਹਨ। ਕੈਦੀਆਂ ਵੱਲੋਂ ਜੇਲ੍ਹ ਦੇ ਹਸਪਤਾਲ ਦੇ ਮੈਡੀਕਲ ਸਟੋਰ ਵਿੱਚੋਂ 2 ਹਜ਼ਾਰ ਦੇ ਕਰੀਬ ਨਸ਼ੀਲੀ ਗੋਲੀਆਂ ਚੋਰੀ ਕੀਤੀਆਂ ਗਈਆਂ ਸਨ।
ਜਿਸ ਤੋਂ ਬਾਅਦ ਜੇਲ੍ਹ ਸੁਪਰਡੈਂਟ ਵੱਲੋਂ ਸੀਸੀਟੀਵੀ ਫੁਟੇਜ ਦੇ ਰਾਹੀਂ ਕੈਦੀਆਂ ਦੀ ਸ਼ਨਾਖ਼ਤ ਕੀਤੀ ਗਈ ਹੈ। ਜਿਸ ਵਿੱਚ ਜਗਜੀਤ ਸਿੰਘ ਜੱਗਾ ਵਾਸੀ ਆਦਰਸ਼ ਨਗਰ ਬਠਿੰਡਾ, ਬਲਵਿੰਦਰ ਸਿੰਘ ਵਾਸੀ ਜਲੰਧਰ ਅਤੇ ਅਜੇ ਕੁਮਾਰ ਵਾਸੀ ਪਟਿਆਲਾ ਦੇ ਵਜੋਂ ਹੋਈ ਹੈ ਜਿਨ੍ਹਾਂ ਦੇ ਕੋਲੋਂ 1816 ਗੋਲੀਆਂ ਬਰਾਮਦ ਹੋ ਚੁੱਕੀਆਂ ਹਨ। ਇਨ੍ਹਾਂ ਦੇ ਖਿਲਾਫ਼ ਥਾਣਾ ਕੈਂਟ ਵਿੱਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਜੁਡੀਸ਼ਿਅਲ ਰਿਮਾਂਡ ਹਾਸਲ ਕਰਕੇ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।