ਬਠਿੰਡਾ: ਪੰਜਾਬ ਸਰਕਾਰ ਵੱਲੋ ਅੱਜ ਪੂਰੇ ਪੰਜਾਬ ਵਿੱਚ 400 ਮਹੱਲਾ ਕਲੀਨਿਕ ਖੋਲ੍ਹੇ ਗਏ ਹਨ, ਜਿਨ੍ਹਾਂ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਅੰਮ੍ਰਿਤਸਰ ਵਿਖੇ ਕੀਤਾ ਗਿਆ। ਇਸੇ ਕੜੀ ਤਹਿਤ ਅੱਜ ਬਠਿੰਡਾ ਦੀ ਲਾਲ ਸਿੰਘ ਬਸਤੀ ਵਿਚ ਆਮ ਆਦਮੀ ਕਲੀਨਿਕ ਦਾ ਉਦਘਾਟਨ ਬਠਿੰਡਾ ਤੋਂ ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਕੀਤਾ ਗਿਆ।
ਵਿਧਾਇਕ ਨੇ ਕਰਵਾਇਆ ਬਲੱਡ ਪ੍ਰੈਸ਼ਰ ਚੈੱਕ: ਇਸ ਮੌਕੇ ਵਿਧਾਇਕ ਜਗਰੂਪ ਸਿੰਘ ਗਿੱਲ ਵੱਲੋਂ ਜਿੱਥੇ ਰੀਬਨ ਕੱਟ ਕੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ ਗਿਆ, ਉਥੇ ਹੀ ਆਪਣਾ ਬਲੱਡ ਪ੍ਰੈੱਸ਼ਰ ਮੁਹੱਲਾ ਕਲੀਨਿਕ ਵਿੱਚ ਕਰਵਾਇਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ। ਇਸੇ ਲੜੀ ਤਹਿਤ ਪੰਜਾਬ ਭਰ ਵਿੱਚ 400 ਆਮ ਆਦਮੀ ਕਲੀਨਕ ਖੁਲ੍ਹ ਗਏ ਹਨ ਅਤੇ ਇਹ ਸਿਲਸਿਲਾ ਅੱਗੇ ਵੀ ਜਾਰੀ ਹੈ।
ਇਸ ਮੌਕੇ ਉਨ੍ਹਾਂ ਕਿਹਾ ਕਿ ਬਠਿੰਡਾ ਵਿੱਚ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ 17 ਮੁਹੱਲਾ ਕਲੀਨਿਕ ਖੋਲੇ ਗਏ ਹਨ। ਲਾਲ ਸਿੰਘ ਬਸਤੀ ਦੇ ਵਿੱਚ ਬਣਾਇਆ ਗਿਆ ਕਲੀਨਕ ਵੀ ਇਨ੍ਹਾਂ ਵਿੱਚੋਂ ਹੀ ਇਕ ਹੈ। ਉਨ੍ਹਾਂ ਕਿਹਾ ਕਿ ਇਸ ਇਲਾਕੇ ਦੇ ਲੋਕਾਂ ਦੀ ਸਹੂਲਤ ਲਈ ਇਹ ਕਲੀਨਕ ਖੋਲ੍ਹਿਆ ਗਿਆ ਹੈ। ਬਠਿੰਡਾ ਵਿਚ ਮੁਹੱਲਾ ਕਲੀਨੀਕ ਖੁੱਲ੍ਹਣ ਨਾਲ ਹਰੇਕ ਆਮ ਖਾਸ ਨੂੰ ਇਸਦਾ ਫਾਇਦਾ ਹੋਣ ਵਾਲਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮਾਨ ਸਰਕਾਰ ਆਪਣੇ ਹਰੇਕ ਦਾਅਵੇ ਨੂੰ ਪੂਰਾ ਕਰਨ ਲਈ ਬਚਨਬੱਧ ਹੈ।
ਦੂਜੇ ਪਾਸੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜ ਕਿਲੋਮੀਟਰ ਦੇ ਦਾਇਰੇ ਵਿੱਚ ਮੁਹੱਲਾ ਕਲੀਨਿਕ ਖੋਲ੍ਹੇ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਦੂਰ ਜਾ ਕੇ ਆਪਣਾ ਇਲਾਜ ਨਾ ਕਰਵਾਉਣਾ ਪਵੇ। ਇਸ ਲਈ ਹਰ ਵਿਅਕਤੀ ਨੂੰ ਚੰਗੀ ਸਿਹਤ ਦੇਣ ਦੇ ਮੰਤਵ ਨਾਲ ਸਰਕਾਰ ਇਸ ਸਿਲਸਿਲੇ ਨੂੰ ਸ਼ਹਿਰ ਦਰ ਸ਼ਹਿਰ ਤੇ ਹਰ ਥਾਂ ਚਲਾ ਰਹੀ ਹੈ।