ਬਠਿੰਡਾ: ਹਲਕਾ ਮੌੜ ਮੰਡੀ ਵਿੱਚ ਅੱਜ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਟਰੱਕ ਯੂਨੀਅਨ ਵਿੱਚ ਦੋ ਧਿਰਾਂ ਵੱਲੋਂ ਇਕ-ਦੂਜੇ ਉੱਪਰ ਇੱਟਾਂ-ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ ਗਏ। ਇਸ ਦੌਰਾਨ ਸਥਾਨਕਵਾਸੀਆਂ ਦਾ ਕਹਿਣਾ ਹੈ ਕਿ ਸਥਿਤੀ ਨੂੰ ਸੰਭਾਲਣ ਦੀ ਬਜਾਏ ਮੌਕੇ ਉੱਤੇ ਮੌਜੂਦ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣ ਇੱਟਾਂ-ਰੋੜਿਆਂ ਦੀ ਬਰਸਾਤ ਨੂੰ ਵੇਖਦE ਰਿਹਾ। ਉਨ੍ਹਾਂ ਕਿਹਾ ਕਿ ਟਰੱਕ ਯੂਨੀਅਨ ਵਿੱਚ ਇਹ ਜ਼ਬਰਦਸਤ ਝੜਪ ਵਾਪਰਨ ਤੋਂ ਬਾਅਦ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਨੂੰ ਮੋੜ ਮੰਡੀ ਵਿੱਚ ਤਾਇਨਾਤ ਕਰ ਦਿੱਤਾ ਗਿਆ।
ਸਥਾਨਕ ਵਿਧਾਇਕ ਉੱਤੇ ਇਲਜ਼ਾਮ: ਟਰੱਕ ਓਪਰੇਟਰਾਂ ਦਾ ਕਹਿਣਾ ਹੈ ਕਿ ਹਲਕਾ ਮੌੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਬੀਰ ਸਿੰਘ ਮਾਈਸਰ ਖਾਨਾ ਵੱਲੋਂ ਟਰੱਕ ਯੂਨੀਅਨ ਉੱਤੇ ਉੱਚੀ ਪਹੁੰਚ ਵਾਲੇ ਲੋਕਾਂ ਦਾ ਕਬਜ਼ਾ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਟਰੱਕ ਯੂਨੀਅਨ ਵਿੱਚ ਇਸ ਸਮੇਂ ਪ੍ਰਧਾਨ ਰੇਸ਼ਮ ਸਿੰਘ ਦੀ ਨਿਗਰਾਨੀ ਹੇਠ ਵਧੀਆ ਢੰਗ ਨਾਲ ਕੰਮ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਟਰੱਕ ਯੂਨੀਅਨ ਮੌੜ ਮੰਡੀ ਵਿੱਚ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਵੱਲੋਂ ਸ਼ਰੇਆਮ ਗੁੰਡਾਗਰਦੀ ਕਰਵਾਈ ਜਾ ਰਹੀ ਹੈ। ਟਰੱਕ ਓਪਰੇਟਰ ਜੁਗਰਾਜ ਸਿੰਘ ਨੇ ਦੱਸਿਆ ਕਿ ਢੋਆ-ਢੁਆਈ ਦਾ ਉਨ੍ਹਾਂ ਦੇ ਟਰੱਕ ਯੂਨੀਅਨ ਨੂੰ ਟੈਂਡਰ ਮਿਲਿਆ ਸੀ ਪਰ ਹਲਕਾ ਵਿਧਾਇਕ ਵੱਲੋਂ ਧੱਕੇ ਨਾਲ ਇੱਥੇ ਕਿਸੇ ਠੇਕੇਦਾਰ ਨੂੰ ਬਿਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦਾ ਓਪਰੇਟਰ ਵਿਰੋਧ ਕਰ ਰਹੇ ਹਨ।
ਪ੍ਰਸ਼ਾਸਨ ਦੀ ਮਿਲੀਭੁਗਤ: ਉਨ੍ਹਾਂ ਕਿਹਾ ਕਿ ਅੱਜ ਵਿਧਾਇਕ ਵੱਲੋਂ ਸਰਕਾਰੀ ਤੰਤਰ ਦੇ ਜ਼ੋਰ ਨਾਲ ਗੂੰਡਾਗਰਦੀ ਕਰਦੇ ਹੋਏ ਟਰੱਕ ਯੂਨੀਅਨ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦਾ ਟਰੱਕ ਓਪਰੇਟਰਾਂ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦਾ ਰੁਜ਼ਗਾਰ ਵਧੀਆ ਚੱਲ ਰਿਹਾ ਹੈ ਅਤੇ ਇਸ ਤਰ੍ਹਾਂ ਧੱਕੇਸ਼ਾਹੀ ਕਰ ਕੇ ਉਨ੍ਹਾਂ ਤੋਂ ਕਾਰੋਬਾਰ ਨਾ ਖੋਇਆ ਜਾਵੇ। ਟਰੱਕ ਯੂਨੀਅਨ ਦੇ ਮੁਨਸ਼ੀ ਦਾ ਕਹਿਣਾ ਹੈ ਕਿ ਮੌੜ ਮੰਡੀ ਟਰੱਕ ਯੂਨੀਅਨ ਓਪਰੇਟਰਾਂ ਕੋਲ ਮੁਸ਼ਕਿਲ ਨਾਲ ਇੱਕ ਇੱਕ ਜਾਂ ਦੋ ਟਰੱਕ ਹਨ, ਪਰ ਹਲਕਾ ਵਿਧਾਇਕ ਵੱਲੋਂ ਆਪਣੇ ਚਹੇਤਿਆਂ ਦਾ ਟਰੱਕ ਯੂਨੀਅਨ ਉੱਤੇ ਕਬਜ਼ਾ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਦਾ ਟਰੱਕ ਓਪਰੇਟਰ ਵਿਰੋਧ ਕਰ ਰਹੇ ਹਨ। ਉਨ੍ਹਾਂ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਕਿ ਅਜਿਹਾ ਮਾਹੌਲ ਨਾ ਬਣਾਇਆ ਜਾਵੇ ਜਿਸ ਨਾਲ ਟਰੱਕ ਓਪਰੇਟਰਾਂ ਨੂੰ ਸੜਕਾਂ ਉੱਤੇ ਉਤਰਨਾ ਪਵੇ। ਯੂਨੀਅਨ ਦੇ ਮੌਜੂਦਾ ਪ੍ਰਧਾਨ ਰੇਸ਼ਮ ਸਿੰਘ ਦਾ ਕਹਿਣਾ ਹੈ ਕਿ ਹਲਕਾ ਵਧਾਇਕ ਸੁਖਬੀਰ ਸਿੰਘ ਮਾਇਸਰਖਾਨਾ ਟਰੱਕ ਯੂਨੀਅਨ ਮੌੜ ਮੰਡੀ ਉੱਤੇ ਕਬਜ਼ਾ ਕਰਨਾ ਚਾਹੁੰਦਾ ਹੈ ਅਤੇ ਲੁੱਟ-ਖਸੁੱਟ ਕਰਨੀਂ ਚਾਹੁੰਦਾ ਹੈ ਜਿਸ ਦਾ ਟਰੱਕ ਓਪਰੇਟਰ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਸ਼ਹਿ ਉਪਰ ਸੁਖਬੀਰ ਸਿੰਘ ਮਾਈਸਰਖਾਨਾ ਵੱਲੋਂ, ਟਰੱਕ ਯੂਨੀਅਨ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ: Bathinda Central Jail: ਮੁੜ ਸਵਾਲਾਂ ਦੇ ਘੇਰੇ 'ਚ ਬਠਿੰਡਾ ਕੇਂਦਰੀ ਜੇਲ੍ਹ, ਕੈਦੀਆਂ ਵੱਲੋਂ ਜੇਲ੍ਹ ਦੇ ਮੁਲਾਜ਼ਮਾਂ ਨੂੰ ਧਮਕੀਆਂ