ਬਠਿੰਡਾ: ਬਚਪਨ ਸਾਡੀ ਜ਼ਿੰਦਗੀ ਦਾ ਉਹ ਹਿੱਸਾ ਜੋ ਸਾਡੇ ਲਈ ਢੇਰ ਸਾਰੀਆਂ ਖ਼ੁਸ਼ੀਆਂ ਲੈ ਕੇ ਆਉਂਦਾ ਹੈ ਪਰ ਹਰ ਇੱਕ ਦਾ ਬਚਪਨ ਖੁਸ਼ੀਆਂ ਭਰਿਆ ਨਹੀਂ ਹੁੰਦਾ, ਕੁਝ ਬੱਚਿਆਂ ਨੂੰ ਨਿਕੀ ਉਮਰੇ ਹੀ ਪੈਸੇ ਕਮਾਉਂਣੇ ਪੈਂਦੇ ਹਨ। ਇਨ੍ਹਾਂ ਬੱਚਿਆਂ ਦੇ ਜੀਵਨ 'ਚ ਖੁਸ਼ਿਹਾਲੀ ਲਿਆਉਣ ਲਈ ਬਠਿੰਡਾ ਦੀ ਸਮਾਜ ਸੇਵਿਕਾ ਵੀਨੂੰ ਗੋਇਲ ਨੇ ਆਪਣੇ ਜਨਮ ਦਿਨ 'ਤੇ ਝੂਗੀਆਂ ਵਿੱਚ ਰਹਿ ਰਹੇ ਬੱਚਿਆਂ ਨੂੰ ਹੋਟਲ ਵਿਖਾਇਆ ਤੇ ਆਪਣਾ ਜਨਮ ਦਿਨ ਉਨ੍ਹਾਂ ਬੱਚਿਆਂ ਦੇ ਨਾਲ ਮਨਾਇਆ।
ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਵੀਨੂੰ ਗੋਇਲ ਨੇ ਕਿਹਾ ਕਿ ਅਕਸਰ ਉਹ ਇਨ੍ਹਾਂ ਬੱਚਿਆਂ ਨੂੰ ਹੋਟਲਾਂ ਦੇ ਬਾਹਰ ਵੇਖਦੇ ਹਨ ਜਾਂ ਫ਼ੇਰ ਜੂਠੇ ਭਾਂਡੇ ਮਾਂਜਦੇ ਵੇਖਦੇ ਹਨ,ਇਨ੍ਹਾਂ ਹਾਲਾਤਾਂ ਨੂੰ ਵੇਖਦੇ ਹੋਏ ਉਨ੍ਹਾਂ ਸੋਚਿਆ ਕੇ ਕਿਵੇਂ ਇਨ੍ਹਾਂ ਬੱਚਿਆਂ ਨੂੰ ਖੁਸ਼ੀ ਮਿਲ ਸਕਦੀ ਹੈ ?, ਬੱਚਿਆਂ ਨੂੰ ਖੁਸ਼ੀ ਦੇਣ ਦੇ ਲਈ ਵੀਨੂੰ ਗੋਇਲ ਨੇ ਇਹ ਕਦਮ ਚੁੱਕਿਆ।
ਅਜਿਹੇ ਮੌਕੇ ਤੇ ਨਾਮੀ ਹੋਟਲ ਵਿੱਚ ਬੈਠੇ ਗ਼ਰੀਬ ਪਰਿਵਾਰ ਦੇ ਬੱਚਿਆਂ ਨੇ ਬਹੁਤ ਮਜ਼ਾ ਕੀਤਾ। ਬੱਚਿਆਂ ਨੇ ਕਿਹਾ ਕਿ ਉਹ ਵੀਨੂੰ ਗੋਇਲ ਜੀ ਦੇ ਸ਼ੁਕਰਗੁਜ਼ਾਰ ਹਨ ਜਿਨ੍ਹਾਂ ਸਾਨੂੰ ਖੁਸ਼ ਕਰਨ ਦੇ ਲਈ ਇਹ ਕੰਮ ਕੀਤਾ। ਇਸ ਅਨੋਖੇ ਢੰਗ ਨਾਲ ਮਨਾਏ ਜਾਣ ਵਾਲੇ ਜਨਮ ਦਿਨ ਵਿੱਚ ਸ਼ਿਰਕਤ ਕਰਨ ਵਾਲੀ ਡਿਫਰੈਂਟ ਕਾਨਵੈਂਟ ਸਕੂਲ ਦੀ ਪ੍ਰਿੰਸੀਪਲ ਨੇ ਵੀ ਇਨ੍ਹਾਂ ਬੱਚਿਆਂ ਦੇ ਟੈਲੇਂਟ ਦੀ ਤਾਰਿਫ਼ ਕੀਤੀ। ਉਨ੍ਹਾਂ ਕਿਹਾ ਉਹ ਇਨ੍ਹਾਂ ਬੱਚਿਆਂ 'ਚ ਬਹੁਤ ਪ੍ਰਤੀਭਾ ਹੈ।
ਗੁੱਬਾਰਿਆਂ ਨਾਲ ਖੇਡਣ ਦੀ ਉਮਰ 'ਚ ਇਹ ਬੱਚੇ ਗੁਬਾਰੇ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਹਨ, ਲੋੜ ਹੈ ਤਾਂ ਇਨ੍ਹਾਂ ਬੱਚਿਆਂ ਨੂੰ ਵੀ ਚੰਗੀ ਸਿੱਖਿਆ ਮਿਲੇ ਤਾਂ ਜੋ ਇਹ ਵੀ ਆਪਣੀ ਜ਼ਿੰਦਗੀ 'ਚ ਤਰੱਕੀ ਹਾਸਿਲ ਕਰ ਸਕਣ।