ਬਠਿੰਡਾ: ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ 'ਚ ਹੈ ਅਤੇ ਚੋਣਾਂ ਤੋਂ ਪਹਿਲਾਂ ਇੰਨ੍ਹਾਂ ਵਲੋਂ ਗਰੰਟੀਆਂ ਦਿੱਤੀਆਂ ਗਈਆਂ ਸਨ ਕਿ ਹੁਣ ਕੋਈ ਵੀ ਵਰਗ ਪੰਜਾਬ 'ਚ ਉਨ੍ਹਾਂ ਦੀ ਸਰਕਾਰ ਆਏ 'ਤੇ ਧਰਨਾ ਨਹੀਂ ਲਾਏਗਾ, ਬਾਵਜੂਦ ਇਸ ਦੇ ਸੂਬੇ 'ਚ ਕਈ ਥਾਵਾਂ 'ਤੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਲਈ ਅੰਗਹੀਣਾਂ ਵਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਜਿੰਨ੍ਹਾਂ ਵਲੋਂ ਹੁਣ ਸੂਬਾ ਪੱਧਰੀ ਧਰਨਾ ਪ੍ਰਦਰਸ਼ਨ ਬਠਿੰਡਾ ਦੇ ਅੰਬੇਡਕਰ ਪਾਰਕ ਵਿੱਚ ਸ਼ੁਰੂ ਕੀਤਾ ਗਿਆ ਹੈ।
ਸੂਬਾ ਪੱਧਰੀ ਧਰਨਾ ਬਠਿੰਡਾ 'ਚ ਸ਼ੁਰੂ: ਸੂਬੇ ਭਰ ਵਿੱਚੋਂ ਆਏ ਅੰਗਹੀਣਾਂ ਵੱਲੋਂ ਅੱਜ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕਰਦੇ ਹੋਏ ਐਲਾਨ ਕੀਤਾ ਗਿਆ ਕਿ ਜਦੋਂ ਤੱਕ ਉਨ੍ਹਾਂ ਦੀਆਂ ਹੱਕੀ ਮੰਗਾਂ ਵੱਲ ਸਰਕਾਰ ਵਲੋਂ ਧਿਆਨ ਨਹੀਂ ਦਿੱਤਾ ਜਾਵੇਗਾ, ਉਹ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰੱਖਣਗੇ। ਇਸ ਦੇ ਨਾਲ ਹੀ ਭੁੱਖ ਹੜਤਾਲ ਸ਼ੁਰੂ ਕਰਨ ਤੋਂ ਬਾਅਦ ਅੰਗਹੀਣਾਂ ਵੱਲੋਂ ਅੰਬੇਡਕਰ ਪਾਰਕ ਤੋਂ ਰਿੜ ਕੇ ਬੱਸ ਸਟੈਂਡ ਤੱਕ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਅਤੇ ਬੱਸ ਸਟੈਂਡ ਜਾਮ ਕਰ ਦਿੱਤਾ ਗਿਆ। ਜਿਸ ਕਾਰਨ ਸ਼ਹਿਰ 'ਚ ਟ੍ਰੇੀਪਕ ਦੀ ਵੱਡੀ ਸਮੱਸਿਆ ਖੜੀ ਹੋ ਗਈ ਤੇ ਲੋਕਾਂ ਨੂੰ ਆਪਣੀ ਮੰਜ਼ਿਲ ਤੱਕ ਪੁੱਜਣ ਲਈ ਗਲੀਆਂ ਦਾ ਸਹਾਰਾ ਲੈਣਾ ਪਿਆ।
ਮੰਗਾਂ ਨਾ ਮੰਨਣ ਤੱਕ ਧਰਨਾ ਤੇ ਭੁੱਖ ਹੜਤਾਲ ਜਾਰੀ: ਇਸ ਮੌਕੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਕਿ ਉਨ੍ਹਾਂ ਵਲੋਂ ਆਪਣੀਆਂ ਮੰਗਾਂ ਲਈ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਡਾ. ਬਲਜੀਤ ਕੌਰ, ਮੰਤਰੀ ਅਮਨ ਅਰੋੜਾ ਤੇ ਹਰਪਾਲ ਚੀਮਾ ਨਾਲ ਉਨ੍ਹਾਂ ਦੀਆਂ ਕਈ ਮੀਟਿੰਗਾਂ ਹੋ ਚੁੱਕੀਆਂ ਹਨ, ਪਰ ਹੱਲ ਕੱਢਣ ਦੀ ਬਜਾਏ ਉਨ੍ਹਾਂ ਨੂੰ ਲਾਰੇ ਹੀ ਮਿਲ ਰਹੇ ਹਨ, ਜਿਸ ਕਾਰਨ ਉਹ ਅੱਜ ਸੜਕਾਂ 'ਤੇ ਉਤਰਣ ਲਈ ਮਜ਼ਬੂਰ ਹੋਏ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰਦੀ, ਅਸੀਂ ਆਪਣਾ ਸੰਘਰਸ਼ ਜਾਰੀ ਰੱਖਾਂਗੇ।
ਇਹ ਨੇ ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ: ਪ੍ਰਦਰਸ਼ਨਕਾਰੀਆਂ ਦਾ ਕਹਿਣਾ ਕਿ ਉਨ੍ਹਾਂ ਦੀਆਂ ਹੱਕੀ ਮੰਗਾਂ 'ਚ ਪੈਨਸ਼ਨ ਵਾਧਾ ਜੋ 1500 ਤੋਂ ਵਧਾ ਕੇ ਪੰਜ ਹਜ਼ਾਰ ਤੱਕ ਕੀਤੀ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਅਸਾਮੀਆਂ 'ਚ ਸਾਡਾ ਐਕਟ ਦੇ ਅਨੁਸਾਰ ਪੋਸਟਾਂ ਨੇ ਉਨ੍ਹਾਂ ਨੂੰ ਭਰਿਆ ਜਾਵੇ। ਇਸ ਦੇ ਨਾਲ ਹੀ ਅੰਗਹੀਣਾਂ ਨੂੰ ਬਿਨਾਂ ਵਿਆਜ ਤੋਂ ਦੋ ਲੱਖ ਤੱਕ ਦਾ ਲੋਨ ਲੈਣ ਦੀ ਸਹੂਲਤ ਹੋਵੇ ਤੇ ਨਾਲ ਹੀ ਡੇਢ ਤੋਂ ਪੰਜ ਲੱਖ ਤੱਕ ਦਾ ਹੈਲਥ ਕਾਰਡ ਸਰਕਾਰ ਸਾਡਾ ਬਣਾ ਕੇ ਦੇਵੇ ਤਾਂ ਜੋ ਅਸੀਂ ਆਪਣਾ ਇਲਾਜ ਕਰਵਾ ਸਕੀਏ। ਉਨ੍ਹਾਂ ਕਿਹਾ ਕਿ ਇਹ ਸਾਡੀਆਂ ਮੁੱਖ ਮੰਗਾਂ ਨੇ, ਜਿੰਨ੍ਹਾਂ ਤੋਂ ਸਰਕਾਰ ਭੱਜਦੀ ਨਜ਼ਰ ਆ ਰਹੀ ਹੈ।
- Car Drivers Shot at Police: ਰਈਆ ਨਜ਼ਦੀਕ ਸ਼ੱਕੀ ਗੱਡੀ ਰੋਕਣ 'ਤੇ ਕਾਰ ਸਵਾਰਾਂ ਨੇ ਪੁਲਿਸ 'ਤੇ ਚਲਾ ਦਿੱਤੀ ਗੋਲੀ, ਜਵਾਬੀ ਕਾਰਵਾਈ 'ਚ ਦੋ ਕਾਰ ਚਾਲਕ ਜ਼ਖ਼ਮੀ
- Vigilance Caught the Fugitive: ਜਾਅਲੀ ਬਿੱਲਾਂ ਰਾਹੀਂ ਸਰਕਾਰ ਨੂੰ 25 ਕਰੋੜ ਦੇ GST ਦਾ ਵਿੱਤੀ ਨੁਕਸਾਨ ਪਹੁੰਚਾਉਣ ਵਾਲਾ ਦੋਸ਼ੀ ਵਿਜੀਲੈਂਸ ਵੱਲੋਂ ਕਾਬੂ
- Reclaiming Encroached Panchayat Land: ਪੰਚਾਇਤੀ ਜ਼ਮੀਨਾਂ 'ਤੇ ਕਬਜ਼ੇ ਕਰਨ ਵਾਲੇ ਹੋ ਜਾਣ ਸਾਵਧਾਨ, ਮੰਤਰੀ ਲਾਲਜੀਤ ਭੁੱਲਰ ਵਲੋਂ ਕਬਜ਼ੇ ਛੁਡਾਉਣ ਦੀ ਮੁਹਿੰਮ ਤੇਜ਼ ਕਰਨ ਲਈ ਸਖ਼ਤ ਹਦਾਇਤਾਂ
ਪ੍ਰਸ਼ਾਸਨ ਵਲੋਂ ਦਿੱਤਾ ਗਿਆ ਭਰੋਸਾ: ਇਸ ਮੌਕੇ 'ਤੇ ਪਹੁੰਚੇ ਏਡੀਸੀ ਪੂਨਮ ਸਿੰਘ ਵੱਲੋਂ ਪ੍ਰਦਰਸ਼ਨਕਾਰੀਆਂ ਦਾ ਮੰਗ ਪੱਤਰ ਲੈਂਦੇ ਹੋਏ ਭਰੋਸਾ ਦਵਾਇਆ ਗਿਆ ਕਿ ਉਹ ਅੰਗਹੀਣਾਂ ਦੀਆਂ ਮੰਗਾਂ ਸਬੰਧੀ ਜਲਦ ਹੀ ਸਰਕਾਰ ਨਾਲ ਗੱਲਬਾਤ ਕਰਨਗੇ। ਇਸ ਮੌਕੇ ਏਡੀਸੀ ਨੇ ਕਿਹਾ ਕਿ ਉਨ੍ਹਾਂ ਵਲੋਂ ਪ੍ਰਦਰਸ਼ਨਕਾਰੀਆਂ ਦੀਆਂ ਸਾਰੀਆਂ ਮੰਗਾਂ ਸੁਣ ਲਈਆਂ ਹਨ, ਜਿਸ ਸਬੰਧੀ ਉਹ ਜ਼ਿਲ੍ਹੇ ਦੇ ਡੀਸੀ ਨਾਲ ਗੱਲਬਾਤ ਕਰਨਗੇ ਤਾਂ ਜੋ ਇੰਨ੍ਹਾਂ ਦਾ ਹੱਲ ਹੋ ਸਕੇ। ਉਧਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਰੋਸਾ ਦਿੱਤੇ ਜਾਣ ਤੋਂ ਬਾਅਦ ਅੰਗਹੀਣਾਂ ਵੱਲੋਂ ਬੱਸ ਸਟੈਂਡ ਅੱਗੇ ਲਗਾਇਆ ਗਿਆ ਜਾਮ ਖੋਲਿਆ ਗਿਆ ਪਰ ਉਹਨਾਂ ਵੱਲੋਂ ਮੰਗਾਂ ਮੰਨੇ ਜਾਣ ਤੱਕ ਆਪਣੀ ਭੁੱਖ ਹੜਤਾਲ ਅਤੇ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ।