ਬਠਿੰਡਾ: ਪੰਜਾਬ ਦਾ ਪਹਿਲਾ ਥਰਮਲ ਪਾਵਰ ਪਲਾਂਟ ਜੋ ਕਿ ਬਠਿੰਡਾ ਵਿਖੇ ਲਗਾਇਆ ਗਿਆ ਸੀ, ਜਿਸ ਤੋਂ ਬਾਅਦ ਸੂਬੇ ਦੇ ਵਿੱਚ ਹੋਰ ਵੀ ਥਰਮਲ ਪਾਵਰ ਪ੍ਰਾਜੈਕਟ ਲੱਗ ਚੁੱਕੇ ਹਨ ਪਰ ਹੁਣ ਸਰਕਾਰ ਇਹ ਥਰਮਲ ਪਲਾਂਟ ਬੰਦ ਕਰਨ ਤੋਂ ਬਾਅਦ ਤੋੜਨ ਜਾ ਰਹੀ ਹੈ ਅਤੇ ਉਸਦੀ ਥਾਂ ਸਰਕਾਰ ਕੁਝ ਨਵੇਂ ਪ੍ਰਾਜੈਕਟ ਲਾਉਣ ਦੀ ਯੋਜਨਾ ਬਣਾ ਰਹੀ ਹੈ।
ਬਠਿੰਡਾ ਦੇ ਇਸ ਪ੍ਰਾਜੈਕਟ ਨੂੰ ਨਾ ਤੋੜਿਆ ਜਾਵੇ ਇਸ ਨੂੰ ਲੈ ਕੇ ਵੀ ਕਈ ਸੰਘਰਸ਼ ਸ਼ਹਿਰ ਵਿੱਚ ਹੋ ਚੁੱਕੇ ਹਨ। ਜ਼ਿਕਰਯੋਗ ਹੈ ਕਿ ਇਸ ਪ੍ਰੋਜੈਕਟ ਦੇ ਬੰਦ ਹੋਣ ਤੋਂ ਬਾਅਦ ਕਈ ਲੋਕਾਂ ਦਾ ਰੁਜ਼ਗਾਰ ਵੀ ਚਲਾ ਗਿਆ ਹੈ। ਇੱਥੇ ਦੱਸਣਾ ਲਾਜ਼ਮੀ ਹੈ ਕਿ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਠਿੰਡਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੇ ਵੀ ਬਠਿੰਡਾ ਵਾਸੀਆਂ ਨੂੰ ਇਹ ਭਰੋਸਾ ਦਿਵਾਇਆ ਸੀ ਕਿ ਜੇਕਰ ਸੂਬੇ ਵਿਚ ਉਨ੍ਹਾਂ ਦੀ ਸਰਕਾਰ ਆ ਜਾਂਦੀ ਹੈ ਤਾਂ ਉਹ ਕਿਸੇ ਵੀ ਕੀਮਤ ਵਿੱਚ ਇਸ ਨੂੰ ਨਹੀਂ ਬੰਦ ਹੋਣ ਦੇਣਗੇ, ਬਲਕਿ ਇਸ ਨੂੰ ਚਲਾਇਆ ਜਾਵੇਗਾ ਤਾਂ ਕਿ ਕਿਸੇ ਦਾ ਰੁਜ਼ਗਾਰ ਨਾ ਉਸ ਦੇ ਹੱਥੋਂ ਜਾ ਸਕੇ।
ਇਹ ਵੀ ਪੜੋ: ਜਲੰਧਰ ਦੀਆਂ ਫੈਕਟਰੀਆਂ 'ਚ ਘਟੀ ਹਾਕੀਆਂ ਬਣਾਉਣ ਦੀ ਡਿਮਾਂਡ, ਕਾਰੋਬਰ ਠੱਪ
ਹੁਣ ਸੂਬਾ ਸਰਕਾਰ ਕਿਸੇ ਦੀ ਗੱਲ ਨਹੀਂ ਸੁਣ ਰਹੀ ਹੈ ਅਤੇ ਇਸ ਨੂੰ ਤੋੜਨ ਦੇ ਕੰਮ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਇਸ ਦੀ ਨਿਲਾਮੀ ਦੀ ਤਾਰੀਕ 20 ਅਗਸਤ ਤੈਅ ਕਰ ਦਿੱਤੀ ਗਈ ਹੈ, ਯਾਨੀ ਕਿ 20 ਅਗਸਤ ਤੋਂ ਬਾਅਦ ਇਹ ਗੱਲ ਸਾਹਮਣੇ ਆ ਜਾਏਗੀ ਕਿ ਕਿੰਨਾ ਕੁ ਸਮਾਂ ਇਹ ਸ਼ਹਿਰ ਦੀ ਸੁੰਦਰਤਾ ਵਧਾਉਂਦਾ ਰਹੇਗਾ।