ਬਠਿੰਡਾ: ਜ਼ਿਲ੍ਹੇ ਦੇ ਮਿਲਟਰੀ ਸਟੇਸ਼ਨ ਦੇ ਅੰਦਰ ਅੱਜ ਤੜਕੇ 4:35 ਵਜੇ ਦੇ ਕਰੀਬ ਗੋਲੀਆਂ ਚੱਲਣ ਦੀ ਵਾਰਦਾਤ ਵਿੱਚ ਆਰਟੀਲਰੀ ਯੂਨਿਟ ਨਾਲ ਸਬੰਧਿਤ ਫੌਜ ਦੇ 4 ਜਵਾਨਾਂ ਦੀ ਮੌਤ ਹੋ ਗਈ। ਇਨ੍ਹਾਂ ਜਵਾਨਾਂ ਦੀ ਪਹਿਚਾਣ ਡਰਾਈਵਰ ਐਮਟੀ ਸੰਤੋਸ਼, ਡਰਾਈਵਰ ਐਮਟੀ ਕਮਲੇਸ਼, ਡਰਾਈਵਰ ਐਮਟੀ ਸਾਗਰਬਨ ਅਤੇ ਗਨਰ ਯੌਗੇਸ਼ ਕੁਮਾਰ ਵਜੋਂ ਹੋਈ ਹੈ। ਦੱਸ ਦਈਏ ਹੁਣ ਇਸ ਮਾਮਲੇ ਵਿੱਚ ਮੇਜਰ ਆਸ਼ੂਤੋਸ਼ ਸ਼ੁਕਲਾ ਦੇ ਬਿਆਨਾ ਉੱਤੇ ਬਠਿੰਡਾ ਪੁਲਿਸ ਨੇ ਅਣਪਛਾਤੇ ਹਮਲਾਵਰਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਮੇਜਰ ਆਸ਼ੂਤੋਸ਼ ਮੁਤਾਬਿਕ ਫਾਇਰ ਕਰਨ ਵਾਲੇ ਚਿੱਟੇ ਕੁੜਤੇ ਪਜਾਮੇ ਵਿੱਚ ਆਏ ਸਨ, ਇੱਕ ਦੇ ਹੱਥ ਵਿੱਚ ਰਾਈਫਲ ਅਤੇ ਦੂਸਰੇ ਦੇ ਹੱਥ ਵਿੱਚ ਕੁਹਾੜੀ ਸੀ। ਦੱਸ ਦਈਏ ਮ੍ਰਿਤਕ ਜਵਾਨਾਂ ਨੂੰ ਪੋਸਟਮਾਰਟਮ ਤੋਂ ਮਗੋਰ ਵਾਪਿਸ ਕੰਮਨਮੈਂਟ ਜ਼ੋਨ ਵਿੱਚ ਸਖ਼ਤ ਸੁਰੱਖਿਆ ਪਹਿਰੇ ਅੰਦਰ ਲਿਆਂਦਾ ਗਿਆ ਹੈ।
ਐੱਸਪੀਡੀ ਨੇ ਕੀਤੇ ਖ਼ੁਲਾਸੇ: ਆਰਮੀ ਨਾਲ ਜਾਂਚ ਵਿੱਚ ਸਹਿਯੋਗ ਕਰ ਰਹੇ ਬਠਿੰਡਾ ਦੇ ਐੱਸਪੀਡੀ ਪ੍ਰੈੱਸ ਨੂੰ ਮੁਖ਼ਾਤਿਬ ਹੋਏ। ਉਨ੍ਹਾਂ ਖ਼ੁਲਾਸਾ ਕਰਦਿਆਂ ਕਿਹਾ ਕਿ ਵਾਰਦਾਤ ਕਿਸ ਕਾਰਣ ਹੋਈ ਇਹ ਸਪੱਸ਼ਟ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਚਸ਼ਮਦੀਦਾਂ ਮੁਤਾਬਿਕ ਦੋ ਹਮਲਾਵਰਾਂ ਨੇ ਸਿਵਲ ਕੱਪੜਿਆਂ ਵਿੱਚ ਆਕੇ ਫਾਇਰਿੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਵਾਰਦਾਤ ਨੂੰ ਅੰਜਾਮ ਦੇਣ ਲਈ ਇੰਸਾਸ ਰਾਈਫਲ ਦਾ ਇਸਤੇਮਾਲ ਕੀਤਾ ਗਿਆ ਹੈ। ਵਾਰਦਾਤ ਵਾਲੀ ਜਗ੍ਹਾ ਤੋਂ ਜਾਂਚ ਦੌਰਾਨ 19 ਖੋਲ੍ਹ ਵੀ ਬਰਾਮਦ ਕੀਤੇ ਗਏ ਹਨ। ਐੱਸਪੀਡੀ ਨੇ ਦੋਹਰਾਇਆ ਕਿ ਇੰਨੀ ਵੱਡੀ ਘਟਨਾ ਦਾ ਕੀ ਕਾਰਣ ਸੀ ਫਿਲਹਾਲ ਸਪੱਸ਼ਟ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਮਾਮਲੇ ਵਿੱਚ ਫਿਲਹਾਲ ਕਿਸੇ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ। ਵਾਰਦਾਤ ਵਿੱਚ ਕਿਸੇ ਵੀ ਤਰ੍ਹਾਂ ਦੇ ਟੈਰਰ ਐਂਗਲ ਤੋਂ ਇਨਕਾਰ ਕੀਤਾ ਜਾ ਰਿਹਾ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਬਿਆਨ: ਮਿਲਟਰੀ ਸਟੇਸ਼ਨ ਦੇ ਅੰਦਰ ਹੋਈ ਫਾਇਰਿੰਗ ਵਿੱਚ 4 ਲੋਕਾਂ ਦੀ ਜਾਨ ਗਈ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਘਟਨਾ ਬਾਰੇ ਫੌਜ ਤੋਂ ਰਿਪੋਰਟ ਮੰਗੀ ਸੀ। ਪੰਜਾਬ ਸਰਕਾਰ ਨੇ ਬਠਿੰਡਾ ਪੁਲਿਸ ਤੋਂ ਵੀ ਰਿਪੋਰਟ ਮੰਗੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਥਲ ਸੈਨਾ ਦੇ ਮੁਖੀ ਜਨਰਲ ਮਨੋਜ ਪਾਂਡੇ ਹੁਣ ਤੋਂ ਥੋੜ੍ਹੀ ਦੇਰ ਬਾਅਦ ਬਠਿੰਡਾ ਮਿਲਟਰੀ ਸਟੇਸ਼ਨ ਗੋਲੀਬਾਰੀ ਦੀ ਘਟਨਾ ਬਾਰੇ ਜਾਣਕਾਰੀ ਦਿੱਤੀ ਹੈ। ਇਸ ਘਟਨਾ ਉੱਤੇ ਰੱਖਿਆ ਮੰਤਰੀ ਨੇ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਜਾਰੀ ਹੈ।
ਭਾਰਤੀ ਫੌਜ ਦਾ ਬਿਆਨ: ਘਟਨਾ ਤੋਂ ਬਾਅਦ ਭਾਰਤੀ ਫੌਜ ਦਾ ਬਿਆਨ ਸਾਹਮਣੇ ਆਇਆ ਹੈ। ਟਵੀਟ ਰਾਹੀਂ ਉਨ੍ਹਾਂ ਜਾਣਕਾਰੀ ਸਾਂਝੀ ਕੀਤੀ ਕਿ, 'ਬਠਿੰਡਾ ਮਿਲਟਰੀ ਸਟੇਸ਼ਨ 'ਤੇ ਗੋਲੀਬਾਰੀ ਦੀ ਘਟਨਾ ਦੌਰਾਨ ਗੋਲੀਬਾਰੀ ਦੀ ਘਟਨਾ ਦੌਰਾਨ ਇੱਕ ਤੋਪਖਾਨਾ ਯੂਨਿਟ ਦੇ ਚਾਰ ਫੌਜੀ ਜਵਾਨਾਂ ਨੇ ਦਮ ਤੋੜ ਦਿੱਤਾ ਹੈ। ਕਰਮਚਾਰੀਆਂ ਨੂੰ ਕੋਈ ਹੋਰ ਸੱਟਾਂ ਜਾਂ ਜਾਇਦਾਦ ਦੇ ਨੁਕਸਾਨ/ਨੁਕਸਾਨ ਦੀ ਰਿਪੋਰਟ ਨਹੀਂ ਕੀਤੀ ਗਈ। ਇਲਾਕੇ ਨੂੰ ਸੀਲ ਕਰਨਾ ਜਾਰੀ ਹੈ ਅਤੇ ਮਾਮਲੇ ਦੇ ਤੱਥਾਂ ਨੂੰ ਸਥਾਪਤ ਕਰਨ ਲਈ ਪੰਜਾਬ ਪੁਲਿਸ ਨਾਲ ਸਾਂਝੀ ਜਾਂਚ ਕੀਤੀ ਜਾ ਰਹੀ ਹੈ। ਦੋ ਦਿਨ ਪਹਿਲਾਂ ਲਾਪਤਾ ਹੋਏ 28 ਰਾਉਂਡ ਸਮੇਤ ਇਨਸਾਸ ਰਾਈਫਲ ਦੇ ਸੰਭਾਵਿਤ ਮਾਮਲੇ ਸਮੇਤ ਸਾਰੇ ਪਹਿਲੂਆਂ ਦਾ ਪਤਾ ਲਗਾਇਆ ਜਾ ਰਿਹਾ ਹੈ। ਇਸ ਘਟਨਾ 'ਚ ਮਾਰੇ ਗਏ ਜਵਾਨਾਂ ਦੇ ਪਰਿਵਾਰਾਂ ਨੂੰ ਜਾਨੀ ਨੁਕਸਾਨ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ।'
ਮਿਲਟਰੀ ਸਟੇਸ਼ਨ ਗੋਲੀਬਾਰੀ 'ਤੇ ਬੋਲੇ ਮੰਤਰੀ ਅਨਮੋਲ ਗਗਨ ਮਾਨ: ਬਠਿੰਡਾ ਮਿਲਟਰੀ ਸਟੇਸ਼ਨ ਗੋਲੀਬਾਰੀ ਦੀ ਘਟਨਾ 'ਤੇ ਪੰਜਾਬ ਦੇ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ, "ਇਹ ਅੰਦਰੂਨੀ ਲੜਾਈ ਦਾ ਮਾਮਲਾ ਹੈ। ਮੈਂ SSP ਨਾਲ ਗੱਲ ਕੀਤੀ ਹੈ ਅਤੇ ਜਾਂਚ ਚੱਲ ਰਹੀ ਹੈ।"
ਫੌਜ ਵਿੱਚ ਸਟ੍ਰੈਸ ਕਾਰਨ ਵਾਪਰਦੀਆਂ ਅਜਿਹੀਆਂ ਘਟਨਾਵਾਂ: ਰੱਖਿਆ ਮਾਹਿਰ ਕਰਨਲ ਡਾ. ਡੀਐਸ ਨੇ ਬਠਿੰਡਾ ਮਿਲਟਰੀ ਸਟੇਸ਼ਨ ਵਿੱਚ ਵਾਪਰੀ ਘਟਨਾ ਬਾਰੇ ਕਿਹਾ ਕਿ ਇਹ ਅੰਦਰੂਨੀ ਘਟਨਾ ਹੈ, ਜੋ ਕਿ ਅੰਦਰ ਫੌਜ ਦੇ ਜਵਾਨਾਂ ਵਿਚਾਲੇ ਆਪਸੀ ਝਗੜੇ ਦੌਰਾਨ ਹੀ ਵਾਪਰੀ ਹੈ। ਉਨ੍ਹਾਂ ਕਿਹਾ ਕਿ ਫੌਜ ਵਿੱਚ ਕਾਫੀ ਸਟ੍ਰੇਸ ਹੁੰਦੀ ਹੈ ਜਿਸ ਕਰਕੇ ਇਹ ਘਟਨਾਵਾਂ ਵਾਪਰ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਫੌਜ ਵਿੱਚ ਹੀ ਨਹੀਂ, ਸਗੋਂ ਸੀਆਰਪੀਐਫ ਵਿੱਚ ਵੀ ਹੋ ਜਾਂਦੀਆਂ ਹਨ। ਪਰ, ਹੁਣ ਅਜਿਹੀਆਂ ਬਹੁਤ ਘੱਟ ਹੋ ਗਈਆਂ ਹਨ, ਕਿਉਂਕਿ ਉੱਚ ਅਧਿਕਾਰੀਆਂ ਨੂੰ ਵੀ ਕਿਹਾ ਜਾਂਦਾ ਹੈ ਕਿ ਜਵਾਨ ਆਪਣੇ ਪਰਿਵਾਰ ਤੋਂ ਦੂਰ ਹੁੰਦਾ ਹੈ, ਉਨ੍ਹਾਂ ਨੂੰ ਪਿਆਰ ਨਾਲ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਵਿੱਚ ਸੁਰੱਖਿਆ ਬਹੁਤ ਸਖ਼ਤ ਹੈ ਇਹ ਮੁਮਕਿਨ ਹੀ ਨਹੀਂ ਹੈ ਕਿ ਉੱਥੇ ਅੱਤਵਾਦੀ ਘਟਨਾ ਹੋਈ ਹੋਵੇਗੀ। ਬਾਕੀ ਜਾਂਚ ਜਾਰੀ ਹੈ ਜਿਸ ਤੋਂ ਬਾਅਦ ਸਾਰੀ ਜਾਣਕਾਰੀ ਸਾਹਮਣੇ ਆ ਜਾਵੇਗੀ।
ਛਾਉਣੀ ਅੰਦਰ ਚਲ ਰਹੇ ਸਕੂਲ ਕੀਤੇ ਬੰਦ: ਫੌਜੀਆਂ ਦੇ ਪਰਿਵਾਰ ਵੀ ਆਰਮੀ ਛਾਉਣੀ ਦੇ ਅੰਦਰ ਹੀ ਰਹਿੰਦੇ ਹਨ। ਘਟਨਾ ਤੋਂ ਬਾਅਦ ਫੌਜ ਨੇ ਸਾਰਿਆਂ ਨੂੰ ਘਰਾਂ 'ਚ ਰਹਿਣ ਲਈ ਕਿਹਾ ਹੈ। ਛਾਉਣੀ ਦੇ ਅੰਦਰ ਚੱਲ ਰਹੇ ਸਕੂਲ ਵੀ ਬੰਦ ਕਰ ਦਿੱਤੇ ਗਏ ਹਨ।
ਇਹ ਅੱਤਵਾਦੀ ਹਮਲਾ ਨਹੀਂ: ਇਸੇ ਵਿਚਾਲੇ ਬਠਿੰਡਾ ਦੇ ਆਸਐਸਪੀ ਗੁਲਨੀਤ ਸਿੰਘ ਖੁਰਾਣਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਗੁਲਨੀਤ ਖੁਰਾਣਾ ਨੇ ਕਿਹਾ ਹੈ ਕਿ ਇਹ ਅੱਤਵਾਦੀ ਹਮਲਾ ਨਹੀਂ ਹੈ। ਇਹ ਫੌਜ ਦਾ ਅੰਦਰੂਨੀ ਮਾਮਲਾ ਹੈ। ਅਸੀਂ ਆਰਮੀ ਨਾਲ ਸੰਪਰਕ ਵਿੱਚ ਹਾਂ। ਉਨ੍ਹਾਂ ਕਿਹਾ ਕਿ ਪੈਨਿਕ ਹੋਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਗੋਲੀਬਾਰੀ ਮਿਲਟਰੀ ਸਟੇਸ਼ਨ ਦੇ ਅਫਸਰਾਂ ਦੀ ਮੈਸ ਵਿੱਚ ਹੋਈ ਅਤੇ ਗੋਲੀਬਾਰੀ ਕਰਨ ਵਾਲਾ ਵਿਅਕਤੀ ਸਾਦੇ ਕੱਪੜਿਆਂ ਵਿੱਚ ਸੀ।
ਮਿਲਟਰੀ ਸਟੇਸ਼ਨ ਚੋਂ ਲਾਪਤਾ ਹੋਈ ਸੀ ਰਾਈਫਲ : ਪੰਜਾਬ ਪੁਲਿਸ ਦੇ ਸੂਤਰਾਂ ਮੁਤਾਬਕ, ਮਿਲਟਰੀ ਸਟੇਸ਼ਨ ਦੇ ਅੰਦਰੋ ਦੋ ਦਿਨ ਪਹਿਲਾਂ ਇੱਕ ਰਾਈਫਲ ਅਤੇ 28 ਗੋਲੀਆਂ ਲਾਪਤਾ ਹੋ ਗਈਆਂ ਸੀ। ਇਸ ਘਟਨਾ ਪਿੱਛੇ ਫੌਜ ਦੇ ਹੀ ਕਿਸੇ ਵਿਅਕਤੀ ਦਾ ਹੱਥ ਹੋ ਸਕਦਾ ਹੈ।
ਮੀਡੀਆ ਤੇ ਪੁਲਿਸ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ: ਬਠਿੰਡਾ ਦੇ ਕੰਟੋਨਮੈਂਟ ਏਰੀਆ ਵਿੱਚ ਵੱਡੀ ਘਟਨਾ ਵਾਪਰੀ ਹੈ, ਜਿਸ ਤੋਂ ਬਆਦ ਆਰਮੀ ਨੇ ਕੰਟੋਨਮੈਂਟ ਦੇ ਸਾਰੇ ਗੇਟ ਬੰਦ ਕਰ ਦਿੱਤੇ ਹਨ। ਇਸ ਘਟਨਾ ਸਬੰਧੀ ਮੀਡੀਆ ਨੂੰ ਕੋਈ ਜਾਣਕਾਰੀ ਅਤੇ ਵੀਡੀਓਗ੍ਰਾਫੀ ਨਹੀਂ ਕਰਨ ਦਿੱਤੀ ਜਾ ਰਹੀ ਹੈ। ਉਥੇ ਹੀ ਪੁਲਿਸ ਨੂੰ ਵੀ ਕੰਟੋਨਮੈਂਟ ਏਰੀਏ ਵਿੱਚ ਐਂਟਰ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ।