ਬਠਿੰਡਾ: ਜ਼ਿਲ੍ਹੇ ਦੇ ਰਾਮਪੁਰਾ ਹਲਕੇ ਦੇ ਪਿੰਡ ਦਿਆਲਪੁਰਾ ਮਿਰਜਾ ਨਾਲ ਸਬੰਧਤ ਗੈਂਗਸਟਰ ਮਨੋਜ ਕੁਮਾਰ ਉਰਫ ਮੌਜੀ ਅਤੇ ਜੇਲ ’ਚ ਬੰਦ ਹੋਰ ਕੈਦੀਆਂ ਵਿਚਕਾਰ ਝੜਪ ਹੋ ਗਈ। ਇਸ ਘਟਨਾ ਤੋਂ ਬਾਅਦ ਥਾਣਾ ਕੈਂਟ ਪੁਲਿਸ ਨੇ ਮੌਜੀ ਸਮੇਤ 4 ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਥਾਣਾ ਕੈਂਟ ਨੇ ਮੁਲਾਜਮਾਂ ਨੂੰ ਧਾਰਾ 323, ਤੇ 52 ਜੇਲ ਮੈਨੂਅਲ ਐਕਟ ਤਹਿਤ ਨਾਮਜ਼ਦ ਕੀਤਾ ਹੈ।
ਗੈਂਗਸਟਰ ਮੌਜੀ ਕਿਸੇ ਮਾਮਲੇ ’ਚ ਬਠਿੰਡਾ ਜੇਲ ’ਚ ਸਜ਼ਾ ਭੁਗਤ ਰਿਹਾ ਹੈ। ਸੂਤਰਾਂ ਮੁਤਾਬਕ ਜੇਲ ’ਚ ਬੰਦ ਸ਼ਮਸ਼ੇਰ ਸਿੰਘ , ਮੌਜੀ ਰਣਬੀਰ ਸਿੰਘ, ਅਤੇ ਰਾਜਬੀਰ ਸਿੰਘ ਦੀ 16 ਅਕਤੂਬਰ ਨੂੰ ਕਿਸੇ ਗੱਲ ਨੂੰ ਲੈਕੇ ਆਪਸੀ ਤਕਰਾਰ ਤੋਂ ਬਾਅਦ ਝੜਪ ਹੋ ਗਈ ਸੀ। ਮਾਮਲਾ ਵੱਧਦਾ ਦੇਖ ਜੇਲ੍ਹ ਪ੍ਰਸ਼ਾਸ਼ਨ ਨੇ ਗਾਰਡ ਦੀ ਸਹਾਇਤਾ ਨਾਲ ਉਨ੍ਹਾਂ 'ਤੇ ਕਾਬੂ ਪਾਇਆ ਅਤੇ ਬੈਰਕਾਂ ਵਿਚ ਬੰਦ ਕਰ ਦਿੱਤਾ।
ਦੱਸ ਦਈਏ ਕਿ ਮੌਜੀ ਦਾ ਕਿਸੇ ਕੈਦੀ ਨਾਲ ਭਿੜਨ ਦਾ ਇਹ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਕੁੱਝ ਮਹੀਨੇ ਪਹਿਲਾਂ ਵੀ ਮੌਜੀ ਖਿਲਾਫ ਅਜਿਹੇ ਹੀ ਮਾਮਲੇ ’ਚ ਮੁਕੱਦਮਾ ਦਰਜ ਕੀਤਾ ਗਿਆ ਸੀ। ਪੁਲਿਸ ਕਿਰਾਰਡ ਮੁਤਾਬਕ ਮੌਜੀ 'ਤੇ ਰਾਜਸਥਾਨ ਦੇ ਸੰਘਰੀਆ ‘ਚ ਦੋਹਰੇ ਕਤਲ ਤੋਂ ਇਲਾਵਾ ਜ਼ਿਲ੍ਹਾ ਬਠਿੰਡਾ ਦੇ ਵੱਖ-ਵੱਖ ਥਾਣਿਆਂ ‘ਚ ਲੁੱਟਾਂ ਖੋਹਾਂ, ਇਰਾਦਾ ਕਤਲ ਤੇ ਕਤਲਾਂ ਸਮੇਤ ਅਸਲਾ ਐਕਟ ਵਰਗੇ ਤਕਰੀਬਨ 20 ਮੁਕੱਦਮੇ ਦਰਜ ਹਨ। ਜਿੰਨਾਂ ‘ਚ ਉਹ ਜਮਾਨਤ ਲੈਣ ਤੋਂ ਬਾਅਦ ਭਗੌੜਾ ਹੋ ਗਿਆ ਸੀ।
ਬਠਿੰਡਾ ਅਤੇ ਮਾਨਸਾ ਪੁਲਿਸ ਨੇ ਇੱਕ ਸਾਂਝੇ ਅਪਰੇਸ਼ਨ ਦੌਰਾਨ ਮੌਜੀ ਨੂੰ 1 ਜੂਨ 2015 ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਉੱਭਾ ਵਿੱਚ ਹੋਏ ਮੁਕਾਬਲੇ ‘ਚ ਗੰਭੀਰ ਜ਼ਖਮੀ ਹੋਣ ਬਾਅਦ ਕਾਬੂ ਕਰ ਲਿਆ ਸੀ ਜਦ ਕਿ ਉਸਦੇ ਦੋ ਸਾਥੀ ਫਰਾਰ ਹੋਣ ‘ਚ ਸਫਲ ਹੋ ਗਏ ਸਨ। ਪੁਲਿਸ ਸੂਤਰਾਂ ਨੇ ਦੱਸਿਆ ਹੈ ਕਿ ਮੌਜੀ ਨੂੰ ਗੈਂਗਸਟਰਾਂ ਦੀ ਏ ਕੈਟਾਗਰੀ ’ਚ ਰੱਖਿਆ ਗਿਆ ਹੈ। ਜੇਲ ’ਚ ਵੀ ਮੌਜੀ ਦੀ ਖਾਸ ਨਿਗਰਾਨੀ ਰੱਖੀ ਜਾਂਦੀ ਹੈ।
ਪੁਲਿਸ ਮੁਤਾਬਕ ਮੌਜੀ, ਹਰਿਆਣਾ ਅਤੇ ਰਾਜਸਥਾਨ ਦੀ ਪੁਲਿਸ ਨੂੰ ਪਿਛਲੇ ਕਈ ਵਰਿਆਂ ਤੋਂ ਲੁੜੀਂਦਾ ਹੈ। ਮੌਜੀ ਨੇ ਆਪਣੇ ਹੀ ਪਿੰਡ ਦਿਆਲਪੁਰਾ ਮਿਰਜਾ ਦੇ ਇੱਕ ਸੁਨਿਆਰੇ ਦੀ ਹੱਤਿਆ ਕਰ ਦਿੱਤੀ ਸੀ। ਉਸਨੇ ਰਾਜਸਥਾਨ ਦੀ ਸੰਘਰੀਆ ਮੰਡੀ ਵਿਖੇ ਇੱਕ ਸਾਥੀ ਗੈਂਗਸਟਰ ਨਾਲ ਮਿਲਕੇ ਦੋ ਵਿਦਿਆਰਥੀਆਂ ਅਤੇ ਗਹਿਰੀ ਬੁੱਟਰ ਦੇ ਏਕਮ ਢਾਬੇ 'ਤੇ ਇੱਕ ਕਤਲ ਕੀਤਾ ਸੀ।