ਬਠਿੰਡਾ: ਕੁੜੀਮਾਰ ਦਾ ਕਲੰਕ ਪੰਜਾਬ ਉੱਤੇ ਕਾਫ਼ੀ ਸਮੇਂ ਤੋਂ ਲੱਗਿਆ ਹੋਇਆ ਹੈ। ਇਸ ਕਲੰਕ ਨੂੰ ਧੋਣ ਵਾਸਤੇ ਪੰਜਾਬੀਆਂ ਵੱਲੋਂ ਕਈ ਯਤਨ ਵੀ ਕੀਤੇ ਗਏ ਹਨ ਅਤੇ ਕੀਤੇ ਜਾ ਰਹੇ ਹਨ। ਇਸ ਇਹੀ ਕਾਰਨ ਹੈ ਕਿ ਹੁਣ ਸਮਾਜ ਲੜਕਾ ਅਤੇ ਲੜਕੀ ਦੇ ਪੈਦਾ ਹੋਣ ਉੱਤੇ ਖੁਸ਼ੀ ਦਾ ਪ੍ਰਗਟਾਵਾ ਕਰਨ ਲੱਗ ਪਏ ਹਨ। ਬਠਿੰਡਾ ਵਿੱਚ ਤਾਂ ਧੀਆਂ ਦੀ ਲੋਹੜੀ ਵੀ ਕਈ ਸਾਲਾਂ ਤੋਂ ਮਨਾਈ ਜਾ ਰਹੀ ਹੈ।
ਬਠਿੰਡਾ ਸ਼ਹਿਰ ਦੇ ਗੁਰੂ ਨਾਨਕਪੁਰਾ ਮੁਹੱਲੇ ਵਿੱਚ ਰਹਿਣ ਵਾਲੇ ਨਰਿੰਦਰ ਦੇ ਘਰ ਇੱਕ ਬੇਟੀ ਨੇ ਜਨਮ ਲਿਆ। ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਨਰਿੰਦਰ ਨੇ ਦੱਸਿਆ ਕਿ ਉਸ ਦਾ ਵਿਆਹ ਇੱਕ ਸਾਲ ਪਹਿਲਾਂ ਮੁਸਕਾਨ ਕੌਰ ਦੇ ਨਾਲ ਹੋਇਆ ਸੀ। ਨਰਿੰਦਰ ਦਾ ਕਹਿਣਾ ਹੈ ਕਿ ਅਕਸਰ ਉਹ ਵਾਹਿਗੁਰੂ ਤੋਂ ਇੱਕੋ ਹੀ ਅਰਦਾਸ ਮੰਗਦਾ ਸੀ ਕਿ ਵਾਹਿਗੁਰੂ ਉਸ ਦੇ ਘਰ ਲੜਕੀ ਦੀ ਦਾਤ ਪਹਿਲਾ ਬਖਸ਼ੇ।
ਨਰਿੰਦਰ ਦਾ ਕਹਿਣਾ ਹੈ ਕਿ ਜਦੋਂ ਉਸ ਦੇ ਪਰਿਵਾਰ ਵਾਲਿਆਂ ਨੂੰ ਪਤਾ ਲੱਗਾ ਕਿ ਉਸ ਦੀ ਬੇਟੀ ਹੋਈ ਹੈ ਤਾਂ ਉਸ ਦੇ ਪਰਿਵਾਰ ਦੇ ਮੈਂਬਰ ਨੇ ਸਾਰੀ ਗਲੀ ਵਿੱਚ ਮਿਠਾਈ ਵੰਡੀ ਅਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਨਰਿੰਦਰ ਨੇ ਦੱਸਿਆ ਕਿ ਉਸ ਦੀ ਪਤਨੀ ਇੱਕ ਘਰੇਲੂ ਔਰਤ ਹੈ। ਉਸ ਨੇ ਸ਼ਾਦੀ ਤੋਂ ਪਹਿਲਾਂ ਹੀ ਸੋਚ ਰੱਖਿਆ ਸੀ ਕਿ ਉਸ ਦੇ ਘਰ ਜੇ ਲੜਕੀ ਹੋਵੇਗੀ ਤਾਂ ਉਸ ਦਾ ਨਾਂਅ ਕੁਦਰਤ ਰੱਖੇਗਾ। ਵਾਹਿਗੁਰੂ ਨੇ ਉਸ ਦੀ ਅਰਦਾਸ ਸੁਣ ਲਈ ਅਤੇ ਉਸ ਦੇ ਘਰ ਸੋਹਣੀ ਬੱਚੀ ਨੇ ਜਨਮ ਲਿਆ ਅਤੇ ਉਸ ਦਾ ਨਾਂਅ ਕੁਦਰਤ ਰੱਖ ਦਿੱਤਾ ਹੈ।
ਤੁਹਾਨੂੰ ਦੱਸ ਦਈਏ ਕਿ ਅੱਜ ਜਿਵੇਂ ਹੀ ਉਸ ਦੇ ਘਰ ਬੇਟੀ ਨੇ ਜਨਮ ਲਿਆ ਤਾਂ ਉਹ ਹਸਪਤਾਲ ਤੋਂ ਆਪਣੀ ਬੇਟੀ ਨੂੰ ਫੁੱਲਾਂ ਵਾਲੀ ਕਾਰ ਦੇ ਵਿੱਚ ਲੈ ਕੇ ਆਇਆ।
ਨਰਿੰਦਰ ਨੇ ਦੱਸਿਆ ਕਿ ਮਹੁੱਲੇ ਵਾਲਿਆਂ ਨੂੰ ਲੱਗਿਆ ਕਿ ਉਸ ਦੇ ਘਰ ਬੇਟਾ ਹੋਇਆ, ਇਸੇ ਲਈ ਉਹ ਫੁੱਲਾਂ ਵਾਲੀ ਕਾਰ ਦੇ ਵਿੱਚ ਉਸ ਨੂੰ ਲੈ ਕੇ ਆਇਆ ਹੈ। ਪਰ ਜਦੋਂ ਮੁਹੱਲੇ ਵਾਸੀਆਂ ਨੂੰ ਇਹ ਪਤਾ ਲੱਗਾ ਕਿ ਨਰਿੰਦਰ ਦੇ ਘਰ ਲੜਕਾ ਨਹੀਂ ਲੜਕੀ ਨੇ ਜਨਮ ਲਿਆ ਹੈ ਤਾਂ ਉਨ੍ਹਾਂ ਦੀ ਖੁਸ਼ੀ ਹੋਰ ਦੁੱਗਣੀ ਹੋ ਗਈ।
ਨਰਿੰਦਰ ਸਿੰਘ ਨੇ ਦੱਸਿਆ ਕਿ ਸਵੇਰ ਤੋਂ ਹੀ ਵਧਾਈ ਦੇਣ ਵਾਲਿਆਂ ਦੀ ਭੀੜ ਉਸ ਦੇ ਘਰ ਲੱਗੀ ਹੋਈ ਹੈ ਅਤੇ ਕਈ ਜਾਣ-ਪਹਿਚਾਣ ਵਾਲੇ ਅਤੇ ਰਿਸ਼ਤੇਦਾਰ ਮੋਬਾਈਲ ਰਾਹੀਂ ਵੀ ਆਪਣੀ ਸ਼ੁਭਕਾਮਨਾਵਾਂ ਬੱਚੀ ਨੂੰ ਦੇ ਰਹੇ ਹਨ।
ਨਰਿੰਦਰ ਵੱਲੋਂ ਕੀਤੇ ਗਏ ਇਸ ਕੰਮ ਨੂੰ ਦੇਖ ਕੇ ਹਰ ਕੋਈ ਅਚੰਭੇ ਵਿੱਚ ਸੀ ਨਰਿੰਦਰ ਦਾ ਕਹਿਣਾ ਹੈ ਕਿ ਉਸ ਦੀ ਬੇਟੀ ਹੀ ਉਸ ਦਾ ਮਾਣ ਹੈ। ਉਹ ਸਾਰੇ ਤਿਉਹਾਰ ਆਪਣੀ ਬੇਟੀ ਦੇ ਜਨਮ ਲੈਣ ਦੀ ਖ਼ੁਸ਼ੀ ਵਿੱਚ ਬੜੇ ਧੂਮ ਧਾਮ ਨਾਲ ਮਨਾਵੇਗਾ ।