ਬਠਿੰਡਾ: ਲੰਘੇ ਵੀਰਵਾਰ ਚੰਡੀਗੜ੍ਹ ਤੋਂ ਖੇਤੀ ਮਾਹਰਾਂ ਦੀ ਟੀਮ ਨੇ ਭਾਵੇਂ ਨਰਮੇ ਦੀ ਖ਼ਰਾਬ ਹੋਈ ਫਸਲ ਸਬੰਧੀ ਕਈ ਪਿੰਡਾਂ ਵਿੱਚ ਦੌਰਾ ਕੀਤਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਨਰਮੇ ਦੀ ਪੈਦਾਵਾਰ ਚੰਗੀ ਹੋਈ ਹੈ। ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਨਰਮੇ ਦੀ ਉਪਜ ਵਧੀਆ ਨਹੀਂ ਹੈ। ਕਈ ਥਾਂਈਂ ਜ਼ਿਆਦਾ ਬਾਰਸ਼ ਕਾਰਨ ਨਰਮਾ ਖ਼ਰਾਬ ਹੋ ਗਿਆ ਹੈ ਅਤੇ ਕਈ ਥਾਂਈਂ ਪਾਣੀ ਨਾ ਮਿਲਣ ਕਾਰਨ ਫ਼ਸਲ ਖਰਾਬ ਹੋ ਗਈ ਹੈ।
ਇਸ ਸਬੰਧੀ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਦਾ ਕਹਿਣਾ ਹੈ ਕਿ ਸਰਕਾਰ ਇਸ ਮਾਮਲੇ ਵਿੱਚ ਸਰਾਸਰ ਝੂਠ ਬੋਲ ਰਹੀ ਹੈ।
ਕਿਸਾਨ ਆਗੂ ਨੇ ਕਿਹਾ ਕਿ ਜੇਕਰ ਨਰਮੇ ਦੀ ਫਸਲ ਚੰਗੀ ਹੁੰਦੀ ਤਾਂ ਕਈ ਪਿੰਡਾਂ ਵਿੱਚ ਕਿਸਾਨਾਂ ਨੇ ਨਰਮਾ ਵਾਹ ਦਿੱਤਾ ਹੈ ਉਨ੍ਹਾਂ ਨੂੰ ਨਰਮਾ ਵਾਹੁਣ ਦੀ ਕਿਉਂ ਲੋੜ ਪੈਂਦੀ? ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਆਰਥਿਕ ਬੋਝ ਹੇਠ ਦੱਬਿਆ ਹੋਇਆ ਹੈ, ਉੱਥੇ ਨਰਮੇ ਦੀ ਫ਼ਸਲ ਨੇ ਵੀ ਚਿੰਤਾ ਨੂੰ ਵਧਾ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਕਾਗਜ਼ਾਂ ਵਿੱਚ ਖੇਤੀਬਾੜੀ ਵਿਭਾਗ ਨੇ ਸਾਰੀ ਤਿਆਰੀ ਕਰ ਰੱਖੀ ਹੈ ਪਰ ਜਿਨ੍ਹਾਂ ਪਿੰਡਾਂ ਦੇ ਵਿੱਚ ਨਰਮਾ ਖ਼ਰਾਬ ਹੋਇਆ ਹੈ ਉਥੋਂ ਦਾ ਦੌਰਾ ਅਧਿਕਾਰੀਆਂ ਨੇ ਕੀਤਾ ਹੀ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਗਿਰਦਾਵਰੀ ਕਰਵਾਵੇ ਅਤੇ ਕਿਸਾਨਾਂ ਨੂੰ ਹੋਏ ਨੁਕਸਾਨ ਦੀ ਭਰਪਾਈ ਕਰੇ।