ਬਠਿੰਡਾ: ਬਠਿੰਡਾ ਜ਼ਿਲ੍ਹੇ ਦਾ ਹਲਕਾ ਦਿਹਾਤੀ ਵਿੱਚ ਚੋਣ ਅਖਾੜਾ ਪੂਰੀ ਤਰ੍ਹਾਂ ਭੱਖ ਚੁੱਕਿਆ ਹੈ, ਆਮ ਆਦਮੀ ਪਾਰਟੀ ਵੱਲੋਂ ਹਲਕਾ ਦਿਹਾਤੀ ਤੋਂ 2017 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਚੋਣ ਲੜਨ ਵਾਲੇ ਅਮਿਤ ਰਤਨ ਨੂੰ ਟਿਕਟ ਦਿੱਤੀ ਗਈ ਹੈ ਜਦੋਂ ਕਿ ਕਾਂਗਰਸ ਵੱਲੋਂ 2017 ਵਿੱਚ ਚੋਣ ਲੜਨ ਵਾਲੇ ਹਰਵਿੰਦਰ ਸਿੰਘ ਲਾਡੀ 'ਤੇ ਫਿਰ ਤੋਂ ਵਿਸ਼ਵਾਸ ਜਤਾਉਂਦੇ ਹੋਏ, ਮੈਦਾਨ ਵਿੱਚ ਉਤਾਰਿਆ ਗਿਆ ਹੈ। ਇਸਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਪ੍ਰਕਾਸ਼ ਸਿੰਘ ਭੱਟੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ, ਇਨ੍ਹਾਂ ਵੱਲੋਂ ਲਗਾਤਾਰ ਆਪਣੀਆਂ ਚੋਣ ਸਰਗਰਮੀਆਂ ਆਰੰਭੀਆਂ ਹੋਈਆਂ ਹਨ।
ਜਿਸ ਤਹਿਤ ਹੀ ਈ.ਟੀ.ਵੀ ਭਾਰਤ ਦੀ ਟੀਮ ਵੱਲੋਂ ਹਲਕਾ ਦਿਹਾਤੀ ਦੇ ਵੱਡੇ ਪਿੰਡ ਕੋਟਸ਼ਮੀਰ ਵਿਖੇ ਵੱਖ-ਵੱਖ ਪਾਰਟੀਆਂ ਦੇ ਨੌਜਵਾਨਾਂ ਨਾਲ ਗੱਲਬਾਤ ਕੀਤੀ ਗਈ, ਇਸ ਦੌਰਾਨ ਕਾਂਗਰਸ ਦੇ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਪਿਛਲੇ 5 ਸਾਲਾਂ ਵਿੱਚ ਉਨ੍ਹਾਂ ਵੱਲੋਂ ਕਾਂਗਰਸ ਸਰਕਾਰ ਰਾਹੀਂ ਵੱਡੇ ਵਿਕਾਸ ਕਾਰਜ ਦਿਹਾਤੀ ਹਲਕੇ ਵਿੱਚ ਕੀਤੇ ਗਏ ਹਨ ਅਤੇ ਇਸ ਦੇ ਨਾਲ ਹੀ ਹਲਕਾ ਬਠਿੰਡਾ ਵਿੱਚ ਵਿਕਣ ਵਾਲੇ ਨਸ਼ੇ ਨੂੰ ਠੱਲ੍ਹ ਪਾਉਣ ਲਈ ਆਪਣੀ ਹੀ ਸਰਕਾਰ ਖਿਲਾਫ਼ ਮੋਰਚਾ ਖੋਲ੍ਹਿਆ ਗਿਆ ਸੀ, ਅਜੇ ਆਉਣ ਵਾਲੇ ਸਮੇਂ ਵਿੱਚ ਵੀ ਉਹ ਹਲਕੇ ਦੇ ਲੋਕਾਂ ਲਈ ਹਰ ਤਰ੍ਹਾਂ ਦੀ ਲੜਾਈ ਲੜਨ ਲਈ ਤਿਆਰ ਹਨ।
ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਆਗੂ ਸੀਨੀਅਰ ਵਕੀਲ ਰਾਹੁਲ ਝੂੰਬਾ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਦਿੱਲੀ ਮਾਡਲ ਲਾਗੂ ਕਰੇਗੀ ਅਤੇ ਸਿੱਖਿਆ ਤੇ ਹੈਲਥ ਵਿੱਚ ਵੱਡੀ ਪੱਧਰ ਤੇ ਕੰਮ ਕੀਤੇ ਜਾਣਗੇ। ਜਿਸ ਤਰ੍ਹਾਂ ਦਿੱਲੀ ਵਿੱਚ ਸਿੱਖਿਆ ਦੇ ਖੇਤਰ ਵਿੱਚ ਵੱਡੀ ਪੱਧਰ 'ਤੇ ਵਿਕਾਸ ਕੀਤੇ ਗਏ ਹਨ, ਉਸੇ ਤਰਜ਼ 'ਤੇ ਪੰਜਾਬ ਵਿੱਚ ਵੀ ਸਿੱਖਿਆ ਦਾ ਪੱਧਰ ਉੱਚਾ ਚੁੱਕਿਆ ਜਾਵੇਗਾ ਅਤੇ ਹੈਲਥ ਵਿਭਾਗ ਵਿੱਚ ਸੁਧਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਉੱਪਰ ਲਗਾਏ ਗਏ ਆਰੋਪਾਂ ਦੀ ਉਹ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕਰਦੇ ਹਨ ਅਤੇ ਆਉਂਦੇ ਦਿਨਾਂ ਵਿੱਚ ਆਪ ਉਮੀਦਵਾਰ ਅਮਿਤ ਰਤਨ ਵੱਲੋਂ ਉਨ੍ਹਾਂ ਲੋਕਾਂ ਨੂੰ ਕਾਨੂੰਨੀ ਨੋਟਿਸ ਭੇਜੇ ਜਾ ਰਹੇ ਹਨ, ਜੋ ਉਨ੍ਹਾਂ ਦੀ ਛਬੀ ਨੂੰ ਖ਼ਰਾਬ ਕਰ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦਾ ਕਹਿਣਾ ਸੀ ਕਿ ਪੰਜਾਬ ਵਿੱਚ 10 ਸਾਲ ਦੇ ਅਕਾਲੀ ਸਰਕਾਰ ਦੇ ਕਾਰਜਕਾਲ ਵਿੱਚ ਹਲਕਾ ਦਿਹਾਤੀ ਵਿੱਚ ਸਭ ਤੋਂ ਵੱਡੇ ਪ੍ਰੋਜੈਕਟ ਲਿਆਂਦੇ ਗਏ, ਹੇਨਜ਼ ਯੂਨੀਵਰਸਿਟੀ ਘੁੱਦਾ ਆਦਿ ਜਿਹੇ ਵੱਡੇ ਪ੍ਰਾਜੈਕਟਾਂ ਰਾਹੀਂ ਸਿੱਖਿਆ ਅਤੇ ਹੈਲਥ ਵਿੱਚ ਵੱਡਾ ਸੁਧਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਸਮੇਂ ਸਭ ਤੋਂ ਵੱਧ ਹਲਕਾ ਦਿਹਾਤੀ ਵਿੱਚ ਏਮਜ਼ ਅਜਿਹਾ ਵੱਡਾ ਪ੍ਰੋਜੈਕਟ ਲਿਆਂਦਾ ਗਿਆ ਤਾਂ ਜੋ ਲੋਕਾਂ ਨੂੰ ਚੰਗੀਆਂ ਸਹੂਲਤਾਂ ਦਿੱਤੀਆਂ ਜਾ ਸਕਣ। ਇਸ ਦੇ ਨਾਲ ਹੀ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਏ ਗਏ, ਪਰ ਕਾਂਗਰਸ ਵੱਲੋਂ ਵਾਅਦੇ ਜ਼ਰੂਰ ਕੀਤੇ ਗਏ, ਪਰ ਵਿਕਾਸ ਕਾਰਜ ਨਹੀਂ ਕੀਤੇ ਹਨ।
ਇਹ ਵੀ ਪੜੋ:- ਲੁਧਿਆਣਾ ਦੇ ਮੁੱਲਾਂਪੁਰ ਹਲਕੇ ਵਿੱਚ ਲੋਕਾਂ ਨਾਲ ਚੋਣ ਚਰਚਾ