ਬਠਿੰਡਾ: SKM ਗੈਰ ਸਿਆਸੀ ਵੱਲੋਂ ਪੰਜਾਬ ਭਰ ਵਿੱਚ ਕਿਸਾਨੀ ਮੰਗਾਂ ਸਣੇ ਸੂਬੇ ਵਿੱਚ ਨਸ਼ੇ ਨੂੰ ਖਤਮ ਕਰਨ, ਮਣੀਪੁਰ ਅਤੇ ਹਰਿਆਣਾ ਹਿੰਸਾ ਦੇ ਵਿਰੋਧ ਵਿੱਚ ਸਰਕਾਰਾਂ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਤਹਿਤ ਬਠਿੰਡਾ ਸੈਂਕੜੇ ਦੀ ਗਿਣਤੀ ਵਿੱਚ ਕਿਸਾਨਾਂ ਨੇ ਡੀਸੀ ਦਫ਼ਤਰ ਪੁੱਜਣ ਤੋਂ ਪਹਿਲਾਂ ਰੋਸ ਮਾਰਚ ਕੀਤਾ। ਜਦੋਂ ਕਿ ਡੀਸੀ ਦਫ਼ਤਰ ਅੱਗੇ ਕਿਸਾਨਾਂ ਵਲੋਂ ਪੰਜਾਬ ਤੇ ਹਰਿਆਣਾ ਸਣੇ ਕੇਂਦਰ ਦੀ ਸਰਕਾਰਾਂ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਆਪਣੀਆਂ ਮੰਗਾਂ ਸਬੰਧੀ ਇੱਕ ਮੰਗ ਪੱਤਰ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਰਾਹੀਂ ਮੁੱਖ ਮੰਤਰੀ ਦੇ ਨਾਮ ਦਿੱਤਾ। ਇਸ ਦੌਰਾਨ ਉਨ੍ਹਾਂ ਵਲੋਂ ਸਰਕਾਰਾਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ।
ਯੋਗ ਮੁਆਵਜ਼ਾ ਦੇਵੇ ਸਰਕਾਰ: ਕਿਸਾਨ ਆਗੂਆਂ ਨੇ ਦੱਸਿਆ ਕਿ ਇਸ ਵਾਰ ਵੱਡੀ ਪੱਧਰ ਉੱਪਰ ਪੰਜਾਬ ਅੰਦਰ ਹੜ੍ਹਾਂ ਨੇ ਨੁਕਸਾਨ ਕੀਤਾ ਹੈ ਅਤੇ ਫਸਲਾਂ ਦੇ ਨਾਲ ਨਾਲ ਮਨੁੱਖੀ ਜਾਨਾਂ ਵੀ ਗਈਆਂ ਹਨ। ਪਸ਼ੂ ਧਨ ਦਾ ਵੀ ਵੱਡਾ ਨੁਕਸਾਨ ਹੋਇਆ ਤੇ ਲੋਕਾਂ ਦੇ ਘਰ ਢਹਿ ਗਏ। ਉਨ੍ਹਾਂ ਦੱਸਿਆ ਕਿ ਹੜ੍ਹਾਂ ਨਾਲ ਜ਼ਮੀਨ ਵਿੱਚ ਕਈ ਥਾਵਾਂ 'ਤੇ ਖੇਤਾਂ ਵਿੱਚ 2-2 ਤੋਂ 3-3 ਫੁੱਟ ਮਿੱਟੀ ਚੜ ਗਈ ਹੈ। ਇਸ ਨੂੰ ਮੁੜ ਵਾਹੀਯੋਗ ਜ਼ਮੀਨ ਬਣਾਉਣ ਲਈ ਕਿਸਾਨਾਂ ਨੂੰ ਵਿਸ਼ੇਸ਼ ਸਹਾਇਤਾ ਦੇ ਕੇ ਇਸ ਕੰਮ ਨੂੰ ਪੂਰਾ ਕਰਵਾਇਆ ਜਾਵੇ ਅਤੇ ਪਸ਼ੂ ਧੰਨ ਦਾ ਨੁਕਸਾਨ ਉਠਾ ਰਹੇ ਕਿਸਾਨਾਂ ਮਜ਼ਦੂਰਾਂ ਨੂੰ ਘੱਟੋ ਘੱਟ 60 ਹਜ਼ਾਰ ਰੁਪਏ ਪ੍ਰਤੀ ਪਸ਼ੂ ਅਤੇ ਮਨੁੱਖੀ ਜਾਨ ਦੇ ਨੁਕਸਾਨ ਦਾ ਘੱਟੋ-ਘੱਟ 1 ਕਰੋੜ ਪ੍ਰਤੀ ਵਿਅਕਤੀ ਅਤੇ ਫਸਲਾਂ ਦੇ ਨੁਕਸਾਨ ਦਾ ਘੱਟੋ-ਘੱਟ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ।
ਗਿਰਦਾਵਰੀ ਦੀ ਥਾਂ ਦੇਵੇ ਸਿੱਧਾ ਮੁਆਵਜ਼ਾ: ਇਸ ਦੇ ਨਾਲ ਹੀ ਕਿਸਾਨ ਆਗੂਆਂ ਦਾ ਕਹਿਣਾ ਕਿ ਜੋ ਏਰੀਆ ਦਰਿਆਵਾਂ ਦੇ ਵਿੱਚ ਆਏ ਅਚਾਨਕ ਹੜ੍ਹ ਨਾਲ ਨੁਕਸਾਨਿਆ ਗਿਆ ਹੈ, ਉਹਨਾਂ ਦੀ ਕਿਸੇ ਕਿਸਮ ਦੀ ਵੀ ਗਿਰਦਾਵਰੀ ਦੀ ਕੋਈ ਲੋੜ ਨਹੀਂ। ਇਸ ਨੂੰ ਛੱਡ ਕੇ ਤੁਰੰਤ ਵਿੱਤੀ ਸਹਾਇਤਾ ਦਿੱਤੀ ਜਾਵੇ ਅਤੇ ਬਾਕੀ ਖੇਤਰਾਂ ਵਿੱਚ ਗਿਰਦਾਵਰੀ ਕਰਵਾਕੇ ਮੁਆਵਜ਼ਾ ਬਣਾਇਆ ਜਾਵੇ। ਉਹਨਾਂ ਕਿਸਾਨਾਂ ਨੂੰ ਵੀ ਮੁਆਵਜਾ ਦਿੱਤਾ ਜਾਵੇ, ਜਿਨ੍ਹਾਂ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ ਅਤੇ ਜ਼ਿਆਦਾ ਮੀਂਹ ਕਾਰਨ ਉਨ੍ਹਾਂ ਦਾ ਝੋਨਾ ਡੁੱਬ ਕੇ ਨੁਕਸਾਨਿਆ ਗਿਆ ਹੈ ਅਤੇ ਉਨ੍ਹਾਂ ਨੂੰ ਦੁਬਾਰਾ ਝੋਨਾ ਲਗਾਉਣਾ ਪਿਆ।
ਮਸ਼ਹੂਰੀਆਂ ਛੱਡ ਕੰਮ ਕਰੇ ਸਰਕਾਰ: ਕਿਸਾਨਾਂ ਦਾ ਕਹਿਣਾ ਕਿ ਮੁੱਖ ਮੰਤਰੀ ਭਗਵੰਤ ਮਾਨ ਐਲਾਨ ਤਾਂ ਬਹੁਤ ਕਰਦਾ ਹੈ ਪਰ ਸਿਵਾਏ ਮਸ਼ਹੂਰੀਆਂ ਦੇ ਲੋਕਾਂ ਨੂੰ ਕੋਈ ਰਾਹਤ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਜੇ ਪੰਜਾਬ ਦੇ ਲੋਕ ਬਦਲਾਅ ਲਿਆ ਕੇ 92 ਜਿੱਤਵਾ ਸਕਦੇ ਨੇ ਤਾਂ ਇੰਨ੍ਹਾਂ ਨੂੰ ਲਾਹ ਵੀ ਸਕਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਬੱਕਰੀਆਂ ਦਾ ਮੁਆਵਜ਼ਾ ਦੇਣ ਦੀ ਗੱਲ ਕਰਕੇ ਸੂਬੇ ਦੇ ਲੋਕਾਂ ਦਾ ਮਜ਼ਾਕ ਉਡਾ ਰਿਹਾ, ਜਦਕਿ ਇੰਨ੍ਹਾਂ ਨੇ ਮਰੀਆਂ ਗਾਵਾਂ ਦਾ ਹੁਣ ਤੱਕ ਕੋਈ ਮੁਆਵਜ਼ਾ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਜੇ ਕਿਸਾਨ ਕੇਂਦਰ ਦਾ ਰੁਖ ਮੋੜ ਸਕਦੇ ਨੇ ਤਾਂ ਇਹ ਪੰਜਾਬ ਦੀ ਸਰਕਾਰ ਖਿਲਾਫ਼ ਵੀ ਲਾਮਬੰਦ ਹੋ ਸਕਦੇ ਹਨ।
ਪਰਵਿੰਦਰ ਝੋਟੇ ਨੂੰ ਕੀਤਾ ਜਾਵੇ ਰਿਹਾਅ: ਪਿੱਛਲੇ ਸਾਲ 2022 ਵਿੱਚ ਡੁੱਬ ਕੇ ਮਰੇ ਝੋਨੇ,ਚਿੱਟੀ ਮੱਖੀ ਨਾਲ ਮਰੇ ਨਰਮੇ,ਚਾਇਨਾ ਵਾਇਰਸ ਨਾਲ ਮਰੇ ਝੋਨੇ ਅਤੇ ਲੰਪੀ ਸਕਿਨ ਨਾਲ ਮਰੇ ਪਸ਼ੂਆਂ ਦਾ ਮੁਆਵਜਾ ਤੁਰੰਤ ਜਾਰੀ ਕੀਤਾ ਜਾਵੇ। ਕਣਕ ਦੀ ਫਸਲ ਦਾ 2023 ਵਿੱਚ ਬੇਮੌਸਮੀ ਮੀਂਹ ਅਤੇ ਗੜ੍ਹੇਮਾਰੀ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਵੀ ਤੁਰੰਤ ਜਾਰੀ ਕੀਤਾ ਜਾਵੇ। ਇਸ ਦੇ ਨਾਲ ਹੀ ਜ਼ਿਲ੍ਹਾ ਮਾਨਸਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏੇ ਪਰਵਿੰਦਰ ਸਿੰਘ ਝੋਟੇ ਨੂੰ ਉਸ ਦੀ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਕਾਰਨ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਉਸ ਦੇ ਖਿਲਾਫ ਪਾਏ ਮੁਕੱਦਮੇ ਰੱਦ ਕੀਤੇ ਜਾਣ।
ਨਸ਼ੇ ਲਈ ਅਫ਼ਸਰਾਂ ਨੂੰ ਜ਼ਿੰਮੇਵਾਰ ਬਣਾਏ ਸਰਕਾਰ: ਪੰਜਾਬ ਅੰਦਰ ਅੱਜ ਗੈਰ ਕਾਨੂੰਨੀ ਢੰਗ ਨਾਲ ਸੰਥੈਟਿਕ ਨਸ਼ੇ ਦੀ ਵਿਕਰੀ ਆਮ ਹੋਈ ਪਈ ਹੈ ਅਤੇ ਵੱਡੀ ਪੱਧਰ 'ਤੇ ਕੈਮਿਸਟਾਂ ਦੀਆਂ ਦੁਕਾਨਾਂ ਤੋਂ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਧੜੱਲੇ ਨਾਲ ਹੋ ਰਹੀ ਹੈ। ਉਸ ਨੂੰ ਆਪ ਜੀ ਆਪਣੇ ਵੱਲੋਂ ਕੀਤੇ ਚੋਣ ਵਾਅਦੇ ਨੂੰ ਪੂਰਿਆਂ ਕਰਦੇ ਹੋਏ ਤੇ ਨਸ਼ੇ ਕਾਰਨ ਆਪਣੀਆਂ ਜਾਨਾਂ ਗਵਾ ਰਹੇ ਨੌਜਵਾਨਾਂ ਦੀ ਮੌਤ ਦੇ ਜਿੰਮੇਵਾਰ ਸਰਕਾਰ ਆਪਣੇ ਵਾਅਦੇ ਅਨੁਸਾਰ ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀਆਂ ਨੂੰ ਬਣਾਵੇ।
ਝੂਠੇ ਪਰਚੇ ਪਾਉਣੇ ਬੰਦ ਹੋਣ: ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਕਿ ਨਸ਼ੇ ਦੇ ਖਿਲਾਫ ਆਵਾਜ਼ ਚੁੱਕਣ ਵਾਲੇ ਸਮਾਜ ਸੇਵੀ ਵਿਅਕਤੀਆਂ ਉੱਪਰ ਪੁਲਿਸ ਵੱਲੋਂ ਝੂਠੇ ਮੁਕੱਦਮੇ ਬਣਾਉਣੇ ਬੰਦ ਕਰਕੇ ਉਹਨਾਂ ਨੂੰ ਪੁਲਿਸ ਸੁਰੱਖਿਆ ਦਿੱਤੀ ਜਾਵੇ ਅਤੇ ਨਸ਼ੇ ਵਿਰੁੱਧ ਚੱਲ ਰਹੀ ਮੁਹਿੰਮ ਵਿੱਚ ਆਪਣੀ ਜਾਨ ਦੀ ਬਾਜ਼ੀ ਲਗਾਉਣ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਘੱਟੋ-ਘੱਟ 2 ਕਰੋੜ ਰੁਪਏ ਵਿੱਤੀ ਸਹਾਇਤਾ ਦੇ ਨਾਲ ਨਾਲ ਮਰਨ ਵਾਲੇ ਵਿਆਕਤੀ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ ਸਮਾਜ ਸੇਵੀ ਵਿਅਕਤੀਆਂ ਨੂੰ ਡਰਾਉਣ ਧਮਕਾਉਣ ਵਾਲੇ ਪੁਲਿਸ ਅਫ਼ਸਰਾਂ ਦੇ ਖਿਲਾਫ਼ ਮੁਕੱਦਮੇ ਚਲਾਏ ਜਾਣ।
- 11 August Panchang : ਸਾਵਣ ਇਕਾਦਸ਼ੀ ਤਰੀਕ ਅੱਜ, ਸ਼ਿਵਜੀ ਦੇ ਨਾਲ ਕਰੋ ਭਗਵਾਨ ਵਿਸ਼ਨੂੰ ਸ਼ਿਵ ਦੀ ਪੂਜਾ
- ਮਨੀਪੁਰ ਮਾਮਲੇ 'ਤੇ PM ਮੋਦੀ ਨੂੰ ਅਮਰੀਕੀ ਗਾਇਕਾ ਮੈਰੀ ਮਿਲਬੇਨ ਦਾ ਮਿਲਿਆ ਸਮਰਥਨ, ਕਿਹਾ- ਤੁਹਾਡੀ ਆਜ਼ਾਦੀ ਲਈ ਹਮੇਸ਼ਾ ਲੜਾਂਗੀ
- ਹਿਮਾਚਲ ਪ੍ਰਦੇਸ਼: ਦੋ ਸਕੇ ਭਰਾਵਾਂ ਦਾ ਦੋਸਤਾਂ ਨੇ ਹੀ ਕਰ ਦਿੱਤਾ ਕਤਲ, ਸੋਲਨ ਜ਼ਿਲ੍ਹੇ ਦੇ ਨਾਲਾਗੜ੍ਹ ਦਾ ਮਾਮਲਾ
ਮਾਨਸਾ 'ਚ ਰੱਖਿਆ ਵੱਡਾ ਇਕੱਠ: ਇਸ ਦੇ ਨਾਲ ਹੀ ਕਿਸਾਨ ਆਗੂਆਂ ਨੇ ਦੱਸਿਆ ਕਿ 14 ਅਗਸਤ ਨੂੰ ਮਾਨਸਾ ਵਿਖੇ ਵੱਡਾ ਇਕੱਠ ਰੱਖਿਆ ਗਿਆ ਹੈ ਅਤੇ 15 ਅਗਸਤ ਨੂੰ ਜਿੱਥੇ ਸਰਕਾਰ ਆਪਣੀਆਂ ਪ੍ਰਾਪਤੀਆਂ ਦਿਖਾਵੇਗੀ। ਉੱਥੇ ਹੀ ਅਸੀਂ ਪੰਜਾਬ ਵਿੱਚ ਨਸ਼ੇ ਨਾਲ ਮਰੇ ਨੌਜਵਾਨ, ਕਰਜ਼ੇ ਕਾਰਨ ਮਰੇ ਕਿਸਾਨਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਾਂਗੇ
ਡੀਸੀ ਰਾਹੀ ਰਾਸ਼ਟਰਪਤੀ ਨੂੰ ਮੰਗ ਪੱਤਰ: ਇਸ ਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਕਿ ਮਣੀਪੁਰ 'ਚ ਧੀਆਂ ਨਾਲ ਮਾੜਾ ਸਲੂਕ ਹੋਇਆ ਤੇ ਹਰਿਆਣਾ 'ਚ ਵੀ ਹਿੰਸਾ ਹੋਈ ਹੈ। ਜਿਸ ਦੇ ਚੱਲਦੇ ਉਨ੍ਹਾਂ ਡੀਸੀ ਰਾਹੀ ਰਾਸ਼ਟਰਪਤੀ ਨੂੰ ਵੀ ਮੰਗ ਪੱਤਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਰਿਆਣੇ ਦਾ ਮੁੱਖ ਮੰਤਰੀ ਕਹਿ ਰਿਹਾ ਕਿ ਉਹ ਸਾਰੇ ਲੋਕਾਂ ਨੂੰ ਸੁਰੱਖਿਆ ਨਹੀਂ ਦੇ ਸਕਦਾ, ਜੋ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਫਰਜ਼ ਬਣਦਾ ਕਿ ਉਹ ਸੂਬੇ ਦੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਵੇ।