ਬਠਿੰਡਾ: ਲੰਪੀ ਸਕਿਨ ਦੀ ਬਿਮਾਰੀ (lumpy skin disease) ਕਾਰਨ ਜਿੱਥੇ ਦੁੱਧ ਉਤਪਾਦਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਉੱਥੇ ਹੀ ਦੁੱਧ ਦਾ ਕਾਰੋਬਾਰ ਕਰਨ ਵਾਲੇ ਦੋਧੀਆਂ ਨੂੰ ਹੁਣ ਆਪਣਾ ਰੁਜ਼ਗਾਰ ਖੁੱਸਦਾ ਨਜ਼ਰ ਆ ਰਿਹਾ ਹੈ। ਦੋਧੀ ਯੂਨੀਅਨ ਬਠਿੰਡਾ ਜ਼ਿਲ੍ਹਾ ਦੇ ਪ੍ਰਧਾਨ ਹਰਜਿੰਦਰ ਸਿੰਘ ਢਿੱਲੋਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਲੰਬੀ ਸਕਿਨ ਦੀ ਬਾਰੀ ਨਾਲ ਜਿੱਥੇ ਪਿੰਡਾਂ ਵਿਚ ਵੱਡੀ ਪੱਧਰ ਉੱਪਰ ਦੁਧਾਰੂ ਪਸ਼ੂ ਪ੍ਰਭਾਵਿਤ ਹੋਏ ਹਨ ਉੱਥੇ ਹੀ ਡੇਅਰੀ ਪਾਲਕਾਂ ਵੱਲੋਂ ਇੰਨ੍ਹਾਂ ਦੁਧਾਰੂ ਪਸ਼ੂਆਂ ਦਾ ਦੁੱਧ ਦੂਜਿਆਂ ਨੂੰ ਨਹੀਂ ਪਾਇਆ ਜਾ ਰਿਹਾ ਜਿਸ ਕਾਰਨ ਬਾਜ਼ਾਰ ਵਿਚ ਦੁੱਧ ਦੀ ਮੰਗ ਵਧ ਗਈ ਹੈ ਜਦਕਿ ਪਸ਼ੂਆਂ ਵਿੱਚ ਬਿਮਾਰੀ ਵਧਣ ਕਾਰਨ ਦੁੱਧ ਦੀ ਪੈਦਾਵਾਰ ਘਟ ਗਈ ਹੈ।
ਸੁੱਕੇ ਦੁੱਧ ਦੀ ਵਧੀ ਮੰਗ: ਸੋਸ਼ਲ ਮੀਡੀਆ ਅਤੇ ਕਈ ਨਿਊਜ਼ ਚੈਨਲਾਂ ਵੱਲੋਂ ਪਿਛਲੇ ਦਿਨੀਂ ਇੰਨ੍ਹਾਂ ਬਿਮਾਰ ਪਸ਼ੂਆਂ ਦੇ ਦੁੱਧ ਨੂੰ ਲੈ ਕੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਕਾਰਨ ਦੁੱਧ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਹੈ ਅਤੇ ਲੋਕਾਂ ਵੱਲੋਂ ਵੱਡੀ ਪੱਧਰ ਉੱਪਰ ਹੁਣ ਸੁੱਕੇ ਦੁੱਧ ਦੀ ਵਰਤੋਂ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਤੋਂ ਬਾਅਦ ਲੋਕ ਦੋਧੀਆਂ ਤੋਂ ਹੁਣ ਦੁੱਧ ਲੈਣ ਤੋਂ ਕਤਰਾਉਣ ਲੱਗੇ ਹਨ। ਉਨ੍ਹਾਂ ਕਿਹਾ ਕਿ ਦੁੱਧ ਦੇ ਕਾਰੋਬਾਰ ਨੂੰ ਸਭ ਤੋਂ ਪਹਿਲਾਂ ਕੋਰੋਨਾ ਮਹਾਮਾਰੀ ਨੇ ਪ੍ਰਭਾਵਿਤ ਕੀਤਾ ਅਤੇ ਇਸ ਦੌਰਾਨ ਜਿੱਥੇ ਵੱਡੀ ਪੱਧਰ ਉੱਪਰ ਲੋਕਾਂ ਵੱਲੋਂ ਪੈਕੇਟਾਂ ਦੇ ਦੁੱਧ ਦੀ ਵਰਤੋਂ ਸ਼ੁਰੂ ਕੀਤੀ ਗਈ ਅਤੇ ਹੁਣ ਲੰਪੀ ਸਕਿਨ ਬਿਮਾਰੀ ਨੇ ਇਸ ਕਾਰੋਬਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।
ਦੋਧੀਆਂ ਨੂੰ ਖੁੱਸਦਾ ਨਜ਼ਰ ਆ ਰਿਹਾ ਰੁਜ਼ਗਾਰ: ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਰੀਬ ਢਾਈ ਲੱਖ ਦੇ ਦੋਧੀ ਹਨ ਜੋ ਦੁੱਧ ਦੀ ਸਪਲਾਈ ਕਰਦੇ ਹਨ ਪਰ ਲੰਪੀ ਸਕਿਨ ਬਿਮਾਰੀ ਕਾਰਨ ਉਨ੍ਹਾਂ ਨੂੰ ਹੁਣ ਆਪਣਾ ਰੁਜ਼ਗਾਰ ਖੁੱਸਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਦੁੱਧ ਦੇ ਕਾਰੋਬਾਰ ਵਿੱਚ ਲਾਗਤ ਤੇ ਖ਼ਰਚੇ ਉਨੇ ਹੀ ਹਨ ਪਰ ਦੁੱਧ ਦੀ ਡਿਮਾਂਡ ਦਿਨੋਂ ਦਿਨ ਘਟ ਰਹੀ ਹੈ ਕਿਉਂਕਿ ਲੋਕਾਂ ਵਿਚ ਡਰ ਪਾਇਆ ਜਾ ਰਿਹਾ ਹੈ ਕਿ ਬਿਮਾਰ ਦੁਧਾਰੂ ਪਸ਼ੂਆਂ ਦਾ ਦੁੱਧ ਪੀਣ ਨਾਲ ਲੋਕ ਬਿਮਾਰ ਹੋ ਰਹੇ ਹਨ ਪਰ ਉਨ੍ਹਾਂ ਕਿਹਾ ਕਿ ਅਜਿਹਾ ਕੁਝ ਨਹੀਂ ਹੈ। ਡੇਅਰੀ ਪਾਲਕਾਂ ਵੱਲੋਂ ਪਹਿਲਾਂ ਹੀ ਬਿਮਾਰ ਦੁਧਾਰੂ ਪਸ਼ੂਆਂ ਦਾ ਦੁੱਧ ਦੋਧੀਆਂ ਨੂੰ ਨਹੀਂ ਪਾਇਆ ਜਾਂਦਾ।
ਦੋਧੀਆਂ ਦੀ ਸਰਕਾਰ ਨੂੰ ਅਪੀਲ: ਉਨ੍ਹਾਂ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਸਬੰਧੀ ਕੋਈ ਆਪਣਾ ਬਿਆਨ ਜਾਰੀ ਕਰੇ ਤਾਂ ਜੋ ਲੋਕਾਂ ਵਿੱਚ ਦੁਧਾਰੂ ਪਸ਼ੂਆਂ ਦੇ ਦੁੱਧ ਨੂੰ ਲੈ ਕੇ ਪੈਦਾ ਹੋ ਰਹੇ ਡਰ ਨੂੰ ਦੂਰ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਵੀ ਡੇਅਰੀ ਪਾਲਕਾਂ ਦੀ ਬਾਂਹ ਨਹੀਂ ਫੜੀ ਜਾ ਰਹੀ ਇਸ ਕਾਰਨ ਇਹ ਬਿਮਾਰੀ ਕੰਟਰੋਲ ਨਹੀਂ ਹੋ ਰਹੀ ਦੂਸਰੇ ਪਾਸੇ ਸੁੱਕੇ ਦੁੱਧ ਦੀ ਲਗਾਤਾਰ ਡਿਮਾਂਡ ਵੱਧਦੀ ਜਾ ਰਹੀ ਹੈ ਜਿਸ ਕਾਰਨ ਦੋਧੀ ਕਾਰੋਬਾਰੀਆਂ ਦਾ ਕਾਰੋਬਾਰ ਹੁਣ ਬੰਦ ਹੋਣ ਦੇ ਕਿਨਾਰੇ ਪਹੁੰਚ ਗਿਆ ਹੈ।
ਹਰਸਿਮਰਤ ਬਾਦਲ ਵੱਲੋਂ ਪਸ਼ੂ ਪਾਲਕਾਂ ਲਈ ਮੁਆਵਜ਼ੇ ਦੀ ਮੰਗ: ਓਧਰ ਦੂਸਰੇ ਪਾਸੇ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਲੰਬੀ ਸਕਿਨ ਨਾਲ ਮੌਤ ਦਾ ਸ਼ਿਕਾਰ ਹੋਏ ਦੁਧਾਰੂ ਪਸ਼ੂ ਪਾਲਕਾਂ ਨੂੰ ਪ੍ਰਤੀ ਪਸ਼ੂ ਪੰਜਾਹ ਹਜ਼ਾਰ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਹੈ ਪਰ ਕਿਸਾਨ ਯੂਨੀਅਨ ਵੱਲੋਂ ਇਸ ਮਸਲੇ ਉੱਪਰ ਬੋਲਦੇ ਹੋਏ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਪ੍ਰਤੀ ਪਸ਼ੂ ਇੱਕ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਲੱਖ ਰੁਪਏ ਦਾ ਪਹਿਲਾਂ ਪਸ਼ੂ ਉਸ ਦਾ ਬੀਮਾਰੀ ਦੀ ਭੇਟ ਚੜ੍ਹ ਗਿਆ ਹੈ ਜਦੋਂ ਕਿ ਇੱਕ ਲੱਖ ਰੁਪਿਆ ਹੋਰ ਲਾ ਕੇ ਉਹ ਆਪਣਾ ਇਸ ਸਹਾਇਕ ਧੰਦੇ ਨੂੰ ਅੱਗੇ ਤੋਰੇਗਾ।
ਇਹ ਵੀ ਪੜ੍ਹੋ: ਲੰਪੀ ਸਕਿਨ ਬਿਮਾਰੀ ਨੂੰ ਲੈਕੇ ਕੇਂਦਰੀ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਲਾਲਜੀਤ ਭੁੱਲਰ ਦਾ ਵੱਡਾ ਬਿਆਨ