ਬਠਿੰਡਾ: ਫਿਰੋਜ਼ਪੁਰ ਤੋਂ ਬਾਅਦ ਹੁਣ ਬਠਿੰਡਾ ਦੀ ਜੇਲ੍ਹ ਮੁੜ ਸੁਰਖੀਆਂ ਵਿੱਚ ਹੈ। ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਸਰਚ ਅਭਿਆਨ ਚਲਾਇਆ ਗਿਆ। ਇਸ ਦੌਰਾਨ ਧਰਤੀ ਹੇਠ ਡੱਬਾ ਦੱਬਿਆ ਹੋਇਆ ਮਿਲਿਆ। ਜਦੋਂ ਪੁਲਿਸ ਵੱਲੋਂ ਉਸ ਨੂੰ ਚੈਕ ਕੀਤਾ ਗਿਆ ਤਾਂ, ਉਸ ਚੋਂ 2 ਮੋਬਾਈਲ ਫੋਨ, ਡੌਂਗਲ, ਚਾਰਜ ਅਤੇ ਜਰਦੇ ਦੀਆ ਪੁੜੀਆਂ ਬਰਾਮਦ ਕੀਤੀਆਂ ਗਈਆਂ ਹਨ। ਜੇਲ੍ਹ ਅਧਿਕਾਰੀ ਦੀ ਸ਼ਿਕਾਇਤ ਤੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਸਰਚ ਅਭਿਆਨ ਦੌਰਾਨ ਹੋਈ ਕਾਰਵਾਈ: ਕੇਂਦਰੀ ਜੇਲ੍ਹ ਬਠਿੰਡਾ ਵਿੱਚ ਮੋਬਾਇਲ ਫੋਨ ਅਤੇ ਨਸ਼ਾ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜੇਲ੍ਹ ਵਿਚ ਬੰਦ ਕੈਦੀਆਂ ਤੇ ਹਵਾਲਾਤੀਆਂ ਵੱਲੋਂ ਹੁਣ ਨਸ਼ਾ ਅਤੇ ਮੋਬਾਇਲ ਫੋਨ ਲਕਾਉਣ ਲਈ ਨਵੇਂ-ਨਵੇਂ ਤਰੀਕੇ ਅਪਨਾਉਣੇ ਸ਼ੁਰੂ ਕਰ ਦਿੱਤੇ ਹਨ। ਬੀਤੇ ਦਿਨੀਂ ਜਦੋਂ ਜੇਲ੍ਹ ਅਧਿਕਾਰੀਆਂ ਵੱਲੋਂ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਸਰਚ ਅਭਿਆਨ ਚਲਾਇਆ ਗਿਆ, ਤਾਂ ਇਸ ਦੌਰਾਨ ਜੇਲ ਦੇ ਬਲਾਕ ਨੰਬਰ 2 ਦੇ ਪਿੱਛੇ ਧਰਤੀ ਵਿੱਚ ਦੱਬਿਆ ਇਕ ਡੱਬਾ ਮਿਲਿਆ ਜਿਸ ਨੂੰ ਖੋਲ੍ਹਣ ਉੱਤੇ ਪਤਾ ਲੱਗਿਆ ਕਿ ਉਸ ਵਿੱਚ ਜਰਦਾ,2 ਮੋਬਾਇਲ ਫੋਨ, ਏਅਰ ਟੈੱਲ ਦੀ ਡੌਂਗਲ, ਚਾਰਜਰ ਅਤੇ ਹੈਡ ਫੋਨ ਹਨ। ਇਸ ਦੀ ਸੂਚਨਾ ਜੇਲ੍ਹ ਅਧਿਕਾਰੀ ਸ਼ਿਵ ਕੁਮਾਰ ਵੱਲੋਂ ਥਾਣਾ ਕੈਂਟ ਪੁਲਿਸ ਨੂੰ ਦਿੱਤੀ ਗਈ, ਜਿਨ੍ਹਾਂ ਵੱਲੋਂ ਅਣਪਛਾਤੇ ਲੋਕਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਇਸ ਪੂਰੇ ਮਾਮਲੇ ਦੀ ਜਾਂਚ ਜਾਰੀ: ਜਾਣਕਾਰੀ ਦਿੰਦੇ ਹੋਏ ਐਸਐਚਓ ਕੈਂਟ ਪਰਮ ਪਾਰਸ ਸਿੰਘ ਨੇ ਦੱਸਿਆ ਕਿ ਜੇਲ੍ਹ ਅਧਿਕਾਰੀਆਂ ਵੱਲੋਂ ਪ੍ਰਾਪਤ ਪੱਤਰ ਦੇ ਅਧਾਰ ਉੱਤੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਜੇਲ੍ਹ ਵਿੱਚ ਇਹ ਮੋਬਾਈਲ ਫੋਨ ਅਤੇ ਨਸ਼ਾ ਕਿਸ ਤਰ੍ਹਾਂ ਪਹੁੰਚਿਆ। ਦੱਸਣਯੋਗ ਹੈ ਕਿ ਬਠਿੰਡਾ ਦੀ ਕੇਂਦਰੀ ਜੇਲ੍ਹ ਜਿਸ ਵਿੱਚ ਕੇਂਦਰੀ ਸੁਰੱਖਿਆ ਬਲਾਂ ਦੀ ਤਾਇਨਾਤੀ ਕੀਤੀ ਗਈ ਹੈ ਅਤੇ 50 ਤੋਂ ਉੱਪਰ ਹਾਰਡਕੋਰ ਗੈਂਗਸਟਰ ਬੰਦ ਹਨ। ਜਿਸ ਵਿੱਚੋ ਮੋਬਾਈਲ ਫੋਨ ਅਤੇ ਨਸ਼ਾ ਲੈਣ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ।
ਇਸ ਤੋਂ ਪਹਿਲਾਂ ਭੁੱਕੀ ਵੀ ਹੋਈ ਬਰਾਮਦ: ਕੁਝ ਦਿਨ ਪਹਿਲਾਂ, ਜੇਲ੍ਹ ਦੇ ਸੁਰੱਖਿਆ ਕਰਮਚਾਰੀਆਂ ਤੋਂ 620 ਵੀ ਗ੍ਰਾਮ ਭੁੱਕੀ ਫੜ੍ਹੀ ਗਈ ਸੀ। ਥਾਣਾ ਕੈਂਟ ਪੁਲਿਸ ਨੇ ਸਹਾਇਕ ਜੇਲ੍ਹ ਸੁਪਰੀਡੈਂਟ ਸਿਕੰਦਰ ਸਿੰਘ ਦੀ ਸ਼ਿਕਾਇਤ ਉੱਤੇ ਜੇਲ੍ਹ ਦੀ ਸੁਰੱਖਿਆ ਵਿਚ ਤਾਇਨਾਤ ਆਈਆਰਬੀ ਦੇ ਗੁਰਦਾਸ ਸਿੰਘ ਅਤੇ ਜਗਤਾਰ ਸਿੰਘ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਦਰਜ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਵੀ, ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਜੇਲ੍ਹ 'ਚ ਬੰਦ ਹੋਣ ਦੇ ਬਾਵਜੂਦ ਇੱਕ ਨਿਜੀ ਚੈਨਲ ਨਾਲ ਹੋਏ ਇਟਰਵਿਊ ਤੋਂ ਬਾਅਦ ਤਹਿਲਕਾ ਮਚਿਆ ਅਤੇ ਬਠਿੰਡਾ ਦੀ ਹਾਈ ਸਕਿਉਰਿਟੀ ਕੇਂਦਰੀ ਜੇਲ੍ਹ ਵੀ ਸੁਰਖੀਆਂ ਵਿੱਚ ਆਈ ਸੀ।
ਇਹ ਵੀ ਪੜ੍ਹੋ: ਸੋਸ਼ਲ ਮੀਡੀਆ ਦਾ ਪਿਆਰ ਮੁੰਡੇ 'ਤੇ ਪਿਆ ਭਾਰੀ, ਹਮਲਾਵਰਾਂ ਨੇ ਕੁੜੀ ਬਣ ਕੇ ਬੁਲਾਇਆ ਤੇ ਫਿਰ ਕੀਤੀ ਕੁੱਟਮਾਰ