ਬਠਿੰਡਾ: ਸੜਕਾਂ 'ਤੇ ਆਏ ਦਿਨ ਹੋ ਰਹੇ ਹਾਦਸਿਆਂ ਦੇ ਚੱਲਦੇ ਕੇਂਦਰ ਸਰਕਾਰ ਦੇ ਪਰਿਵਾਹਨ ਵਿਭਾਗ (ਟਰਾਂਸਪੋਰਟ ਮਹਿਕਮਾ) ਵੱਲੋਂ ਸਰਕਾਰੀ ਅਦਾਰਿਆਂ ਵਿਚ ਕੰਮ ਕਰਦੇ ਅਜਿਹੇ ਡਰਾਈਵਰਾਂ ਦੀ ਚੋਣ ਕੀਤੀ ਗਈ, ਜਿਨ੍ਹਾਂ ਵੱਲੋਂ ਆਪਣੀ ਸਰਵਿਸ ਦੌਰਾਨ ਸੈਫ਼ ਡਰਾਈਵਿੰਗ ਕੀਤੀ ਗਈ ਹੈ। ਇਸ ਦੌਰਾਨ ਦੇਸ਼ ਭਰ ਵਿੱਚ 42 ਅਜਿਹੇ ਡਰਾਈਵਰ ਦੀ ਚੋਣ ਕੀਤੀ ਗਈ ਜਿਨ੍ਹਾਂ ਨੇ ਆਪਣੀ ਸਰਵਿਸ ਦੌਰਾਨ ਇੱਕ ਵੀ ਹਾਦਸੇ ਨੂੰ ਅੰਜਾਮ ਨਹੀਂ ਦਿੱਤਾ ਅਤੇ ਲਗਾਤਾਰ ਸੁਰੱਖਿਅਤ ਡਰਾਇਵਰੀ ਕੀਤੀ। ਪੰਜਾਬ ਵਿੱਚੋਂ ਇਸ ਚੋਣ ਦੌਰਾਨ ਪੀਆਰਟੀਸੀ ਵਿੱਚ ਕੱਚੇ ਡਰਾਈਵਰ ਵਜੋਂ 18 ਸਾਲ ਤੋਂ ਆਪਣੀਆਂ ਸੇਵਾਵਾਂ ਦੇ ਰਹੇ ਮੁਖਤਿਆਰ ਸਿੰਘ ਦਾ ਨਾਮ ਪ੍ਰਮੁੱਖ ਤੌਰ ਉੱਤੇ ਸਾਹਮਣੇ ਆਇਆ ਹੈ।
ਬਠਿੰਡਾ ਡਿਪੂ ਉੱਤੇ ਰਿਕਾਰਡ ਵੀ ਦਰਜ: ਟਰਾਂਸਪੋਰਟ ਵਿਭਾਗ ਵਿੱਚ ਕੱਚੇ ਮੁਲਾਜ਼ਮ ਵਜੋਂ ਕੰਮ ਕਰਦੇ ਮੁਖਤਿਆਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਨੌਵੀਂ ਪਾਸ ਹਨ ਅਤੇ ਉਹ ਗੱਤਾ ਵਿਖੇ ਡਰਾਇਵਰੀ ਕਰਦੇ ਸਨ। 18 ਸਾਲ ਪਹਿਲਾਂ ਉਨ੍ਹਾਂ ਵੱਲੋਂ ਪੀਆਰਟੀਸੀ ਵਿਚ ਬਤੌਰ ਡਰਾਈਵਰ ਨੌਕਰੀ ਸ਼ੁਰੂ ਕੀਤੀ ਸੀ ਅਤੇ ਪੀਆਰਟੀਸੀ ਦੇ ਬਠਿੰਡਾ ਤੋਂ ਚਲਦੇ ਲਗਭਗ ਸਾਰੇ ਰੂਟ ਉੱਤੇ ਉਨ੍ਹਾਂ ਵੱਲੋਂ ਬੱਸ ਚਲਾਈ ਗਈ। ਸਭ ਤੋਂ ਲੰਬਾ ਰੂਟ ਬਠਿੰਡਾ, ਬੜੂ ਸਾਹਿਬ, ਸ਼ਿਮਲਾ, ਦਿੱਲੀ, ਹਿਸਾਰ, ਚੰਡੀਗੜ੍ਹ, ਹਨੂੰਮਾਨਗੜ੍ਹ, ਸ੍ਰੀਗੰਗਾਨਗਰ ਤੇ ਆਪਣੀਆਂ ਸੇਵਾਵਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਬਠਿੰਡਾ ਡਿੱਪੂ ਵਿੱਚ ਉਨ੍ਹਾਂ ਦਾ ਇੱਕ ਰਿਕਾਰਡ ਵੀ ਦਰਜ ਹੈ ਕਿ ਇਕ ਦਿਨ ਵਿਚ ਉਨ੍ਹਾਂ ਨੇ 746 ਕਿਲੋਮੀਟਰ, ਦੋ ਵਾਰ ਚੰਡੀਗੜ੍ਹ-ਬਠਿੰਡਾ ਅਪ ਡਾਊਨ ਕੀਤਾ ਸੀ।
ਪੰਜਾਬ ਚੋਂ ਇਕਲੌਤਾ ਨਾਮ ਕੇਂਦਰ ਦੀ ਸੂਚੀ 'ਚ ਸ਼ਾਮਲ: ਮੁਖਤਿਆਰ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਟਰਾਂਸਪੋਰਟ ਵਿਭਾਗ ਵੱਲੋਂ ਅਜਿਹੇ ਡਰਾਈਵਰਾਂ ਦੀ ਸੂਚੀ ਮੰਗੀ ਗਈ ਸੀ, ਜਿਨ੍ਹਾਂ ਵੱਲੋਂ ਆਪਣੀ ਸਰਵਿਸ ਦੌਰਾਨ ਸੁਰੱਖਿਅਤ ਡਰਾਇਵਰੀ ਕੀਤੀ ਹੋਵੇ ਅਤੇ ਕਿਸੇ ਵੀ ਹਾਦਸੇ ਨੂੰ ਅੰਜਾਮ ਦਿੱਤਾ ਹੋਵੇ। ਬਠਿੰਡਾ ਦੇ ਜੀਐਮ ਅਮਨਵੀਰ ਸਿੰਘ ਟਿਵਾਣਾ ਨੇ ਉਨ੍ਹਾਂ ਦਾ ਰਿਕਾਰਡ ਚੈਕ ਕਰਕੇ ਕੇਂਦਰ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੂੰ ਭੇਜਿਆ ਗਿਆ, ਜਿਨ੍ਹਾਂ ਵੱਲੋਂ ਦੇਸ਼ ਭਰ ਵਿੱਚੋਂ 42 ਡਰਾਈਵਰਾਂ ਦੀ ਚੋਣ ਕੀਤੀ ਗਈ ਹੈ। ਇਸ ਚੋਣ ਵਿਚ ਪੰਜਾਬ ਸੂਬੇ ਵੱਲੋਂ ਸਿਰਫ ਉਨ੍ਹਾਂ ਦਾ ਨਾਮ ਹੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਸ ਸਨਮਾਨ ਨਾਲ ਉਨ੍ਹਾਂ ਦਾ ਆਤਮ ਵਿਸ਼ਵਾਸ ਵਧਿਆ ਹੈ।
ਪੰਜਾਬ ਸਰਕਾਰ ਕੋਲ ਅਪੀਲ: ਮੁਖਤਿਆਰ ਸਿੰਘ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮੇਰੀਆਂ ਚੰਗੀਆਂ ਸੇਵਾਵਾਂ ਦੇ ਚੱਲਦੇ ਮੈਨੂੰ ਪੱਕਾ ਕੀਤਾ ਜਾਵੇ, ਕਿਉਂਕਿ ਉਨ੍ਹਾਂ ਦੀ ਰਿਟਾਇਰਮੈਂਟ ਵਿੱਚ ਮਾਤਰ ਦੋ ਤੋਂ ਤਿੰਨ ਸਾਲ ਹੀ ਰਹਿ ਗਏ ਹਨ। ਇਸ ਮੌਕੇ ਪੀਆਰਟੀਸੀ ਅਤੇ ਪੱਨ ਬੱਸ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਨੇ ਕਿਹਾ ਕਿ ਇਹ ਬਠਿੰਡਾ ਡਿੱਪੂ ਲਈ ਮਾਣ ਵਾਲੀ ਗੱਲ ਹੈ ਕਿ ਕੱਚੇ ਡਰਾਈਵਰ ਮੁਖਤਿਆਰ ਸਿੰਘ ਨੂੰ ਸੁਰੱਖਿਅਤ ਡਰਾਇਵਿੰਗ ਕਰਨ ਤੇ ਕੇਂਦਰ ਸਰਕਾਰ ਦੇ ਟਰਾਂਸਪੋਰਟ ਵਿਭਾਗ ਵੱਲੋਂ ਸਨਮਾਨਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਦੋ ਅਜਿਹੇ ਅਦਾਰੇ ਪਨਬੱਸ ਵਿਚ 1998 ਅਤੇ ਪੀਆਰਟੀਸੀ ਵਿੱਚ 2003 ਰੈਗੂਲਰ ਭਰਤੀ ਨਹੀਂ ਕੀਤੀ ਗਈ। ਇਸ ਸਮੇਂ ਪੀਆਰਟੀਸੀ ਅਤੇ ਪਨਬੱਸ ਵਿੱਚ 8400 ਕੱਚੇ ਕਾਮੇ ਕੰਮ ਕਰ ਰਹੇ ਹਨ।
ਤਨਖਾਹ ਸਿਰਫ਼ 9 ਹਜ਼ਾਰ, ਕੱਚੇ ਕਾਮਿਆਂ ਨੂੰ ਪੱਕੇ ਕਰਨ ਦੀ ਮੰਗ: ਪੀਆਰਟੀਸੀ ਅਤੇ ਪਨਬੱਸ ਦੇ ਕੱਚੇ ਕਾਮਿਆਂ ਵੱਲੋਂ ਲਗਾਤਾਰ ਸਰਕਾਰ ਤੋਂ ਮੰਗ ਕੀਤੀ ਜਾਂਦੀ ਹੈ ਕਿ ਉਨ੍ਹਾਂ ਨੂੰ ਰੈਗੂਲਰ ਭਰਤੀ ਕੀਤਾ ਜਾਵੇ ਅਤੇ ਕਈ ਵਾਰ ਸੰਘਰਸ਼ ਕੀਤੇ ਗਏ ਜਿਸ ਤੋਂ ਬਾਅਦ 24 ਦਸੰਬਰ 2016 ਨੂੰ ਐਕਟ ਬਣਾ ਪ੍ਰੀਖਿਆ ਪਾਸ ਕਰਨ ਵਾਲੇ ਪੀਆਰਟੀਸੀ ਨੇ 622 ਅਤੇ 1465 ਰੋਡਵੇਜ਼ ਵਿੱਚ ਕੱਚੇ ਕਾਮੇ ਭਰਤੀ ਕੀਤੇ ਅਤੇ ਹੁਣ ਵੀ 62-6300 ਕੱਚੇ ਕਾਮੇ ਠੇਕੇਦਾਰ ਦੇ ਅਧੀਨ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਪਣੀਆਂ ਜਾਇਜ਼ ਮੰਗਾਂ ਮਨਵਾਉਣ ਲਈ ਕੱਚੇ ਕਾਮਿਆਂ ਵੱਲੋਂ ਪਿਛਲੀਆਂ ਸਰਕਾਰਾਂ ਖ਼ਿਲਾਫ਼ ਜੋਰਦਾਰ ਪ੍ਰਦਰਸ਼ਨ ਕੀਤੇ ਗਏ ਅਤੇ ਬਦਲਾਅ ਦੇ ਚੱਲਦੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲਿਆਂਦਾ, ਪਰ ਹੁਣ ਇਨ੍ਹਾਂ ਵੱਲੋਂ ਵੀ ਆਊਟਸੋਰਸ ਤੇ ਪੀਆਰਟੀਸੀ ਅਤੇ ਪਨਬਸ ਵਿੱਚ ਕੱਚੇ ਕਾਮੇ ਰੱਖੇ ਗਏ ਹਨ, ਪਰ ਇਨ੍ਹਾਂ ਕੱਚੇ ਕਾਮਿਆਂ ਨੂੰ ਮਾਤਰ 9000 ਹਜ਼ਾਰ ਰੁਪਏ ਹੀ ਦਿੱਤੇ ਜਾ ਰਹੇ ਹਨ, ਜੋ ਕਿ ਸਰਾਸਰ ਗਲਤ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੱਚੇ ਕਾਮਿਆਂ ਦੀਆਂ ਮੰਗਾਂ ਵੱਲ ਧਿਆਨ ਦੇ ਕੇ ਉਨ੍ਹਾਂ ਨੂੰ ਪੱਕਾ ਕੀਤਾ ਜਾਵੇ।
ਇਹ ਵੀ ਪੜ੍ਹੋ : Punjabi University ਦੇ ਸਥਾਪਨਾ ਦਿਵਸ ਮੌਕੇ ਬੋਲੇ ਸੀਐਮ ਮਾਨ, ਕਿਹਾ- "ਇਹ ਯੂਨੀਵਰਸਿਟੀ ਪੰਜਾਬ ਤੇ ਪੰਜਾਬੀ ਮਾਂ-ਬੋਲੀ ਦਾ ਗੌਰਵ"